For the best experience, open
https://m.punjabitribuneonline.com
on your mobile browser.
Advertisement

ਗੋਆ ਦੇ ਦਿਲਕਸ਼ ਨਜ਼ਾਰੇ

12:04 PM Oct 27, 2024 IST
ਗੋਆ ਦੇ ਦਿਲਕਸ਼ ਨਜ਼ਾਰੇ
Advertisement

Advertisement

ਮਨਜਿੰਦਰ ਸਿੰਘ ਸਰੌਦ

ਭਾਰਤ ਦੇ ਦੱਖਣ ਵਿੱਚ ਸਥਿਤ ਇੱਕ ਛੋਟੇ ਜਿਹੇ ਟਾਪੂਨੁਮਾ ਸੂਬੇ ਗੋਆ ਦਾ ਖ਼ਿਆਲ ਆਉਂਦਿਆਂ ਹੀ ਹਰ ਇੱਕ ਦੀਆਂ ਅੱਖਾਂ ਵਿੱਚ ਚਮਕ ਅਤੇ ਇੱਕ ਵੱਖਰੀ ਹੀ ਤਰ੍ਹਾਂ ਦਾ ਨੂਰ ਚਿਹਰੇ ’ਤੇ ਆ ਜਾਂਦਾ ਹੈ। ਕੁਦਰਤੀ ਹਰਿਆਵਲ ਨਾਲ ਲਬਰੇਜ਼ ਅਤੇ ਪਾਣੀਆਂ ਦੀ ਧਰਤੀ ਗੋਆ ਨੂੰ ਵੇਖਣ ਲਈ ਹਰ ਇਨਸਾਨੀ ਮਨ ਅੰਦਰ ਚਾਹਤ ਜ਼ਰੂਰ ਪੈਦਾ ਹੁੰਦੀ ਹੈ। ਲੰਘੇ ਵਰ੍ਹਿਆਂ ਦੌਰਾਨ ਦੱਖਣ ਭਾਰਤ ਦੀ ਫੇਰੀ ਤੋਂ ਬਾਅਦ ਗੋਆ ਵੇਖਣ ਦੀ ਇੱਛਾ ਮਨ ਵਿੱਚ ਧਾਰ ਕੇ ਉਲੀਕੇ ਪ੍ਰੋਗਰਾਮ ਤਹਿਤ ਅਸੀਂ 10 ਜਣੇ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੁਸਾਇਟੀ ਮਾਲੇਰਕੋਟਲਾ ਦੇ ਪ੍ਰਧਾਨ ਹਰਬੰਸ ਸਿੰਘ ਚੌਂਦਾ ਦੇ ਨਾਲ ਮੁਹਾਲੀ ਹਵਾਈ ਅੱਡੇ ਤੋਂ ਲਗਪਗ ਢਾਈ ਘੰਟੇ ਦੇ ਹਵਾਈ ਸਫ਼ਰ ਪਿੱਛੋਂ ਗੋਆ ਦੇ ਵਾਸਕੋ ਹਵਾਈ ਅੱਡੇ ’ਤੇ ਜਾ ਉੱਤਰੇ। ਸਾਡੀ ਵਾਪਸੀ 5 ਦਿਨਾਂ ਬਾਅਦ ਦੀ ਸੀ। ਪੰਜਾਬ ਤੋਂ ਗੋਆ ਦੀ ਦੂਰੀ ਲਗਪਗ 2200 ਕਿਲੋਮੀਟਰ ਦੇ ਕਰੀਬ ਹੈ।
ਗੋਆ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਸ ਛੋਟੇ ਜਿਹੇ ਖਿੱਤੇ ’ਤੇ ਕਿਸੇ ਸਮੇਂ ਪੁਰਤਗਾਲ ਦਾ ਕਬਜ਼ਾ ਸੀ ਜਿਸ ਨੂੰ ਭਾਰਤੀ ਫ਼ੌਜ ਨੇ 19 ਦਸੰਬਰ 1961 ਨੂੰ ਆਜ਼ਾਦ ਕਰਵਾ ਕੇ ਤਿਰੰਗਾ ਝੰਡਾ ਲਹਿਰਾਇਆ। ਗੋਆ ਦੀ ਆਜ਼ਾਦੀ ਵਿੱਚ ਪੰਜਾਬ ਦੇ ਕਰਨੈਲ ਸਿੰਘ ਈਸੜੂ ਦਾ ਵੱਡਾ ਯੋਗਦਾਨ ਹੈ। ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਗੋਆ ਦੇ ਲੋਕ ਅੱਜ ਵੀ ਆਪਣਾ ਨਾਇਕ ਮੰਨਦਿਆਂ ਬੜੇ ਮਾਣ ਨਾਲ ਯਾਦ ਕਰਦੇ ਹਨ। ਬਾਕੀ ਭਾਰਤ ਤੋਂ 14 ਸਾਲ ਬਾਅਦ ਆਜ਼ਾਦੀ ਦਾ ਮੂੰਹ ਵੇਖਣ ਵਾਲੇ ਗੋਆ ਨੇ ਬਿਨਾਂ ਸ਼ੱਕ ਤਰੱਕੀ ਦੀਆਂ ਸਿਖਰਾਂ ਨੂੰ ਛੋਹਿਆ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ, ਸਰਕਾਰੀ ਤੰਤਰ ਪੂਰੀ ਤਰ੍ਹਾਂ ਚੁਸਤ ਅਤੇ ਭ੍ਰਿਸ਼ਟਾਚਾਰ ਤੋਂ ਰਹਿਤ ਹੋਣ ਦੇ ਨਾਲ-ਨਾਲ ਆਮ ਲੋਕਾਂ ਲਈ ਇਨਸਾਫ਼ ਦਾ ਜ਼ਰੀਆ ਮੰਨਿਆ ਜਾਂਦਾ ਹੈ। ਪੁਰਤਗਾਲੀਆਂ ਵੱਲੋਂ ਸਮੁੰਦਰ ਕੰਢੇ ਬਣਾਈ
ਮਹਾ ਜੇਲ੍ਹ ਅਤੇ ਕਿਲ੍ਹੇ ਦੀਆਂ ਕੰਧਾਂ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ ਜਿੱਥੇ ਬਾਹਰੀ ਹਮਲਾਵਰਾਂ ਤੋਂ ਰੱਖਿਆ ਲਈ ਫ਼ੌਜ ਤਾਇਨਾਤ ਕੀਤੀ ਜਾਂਦੀ ਸੀ। ਗੋਆ ਵਿੱਚ ਅਪਰਾਧ ਦਰ ਬਹੁਤ ਘੱਟ ਹੈ, ਪਰ ਨਸ਼ਾ ਜ਼ਿਆਦਾ ਹੈ। ਨੌਜਵਾਨ ਲੜਕੇ-ਲੜਕੀਆਂ ਨਸ਼ੇ ਦੀ ਦਲਦਲ ਵਿੱਚ ਡੁੱਬ ਕੇ ਦੇਰ ਰਾਤ ਤੱਕ ਸਮੁੰਦਰ ਕੰਢੇ ਸਮਾਂ ਬਤੀਤ ਕਰਦੇ ਹਨ। ਜੇ ਇਹ ਵੀ ਕਹਿ ਲਿਆ ਜਾਵੇ ਕਿ ਗੋਆ ਵਾਸੀਆਂ ਦੀ ਜ਼ਿੰਦਗੀ ਤਾਂ ਕੇਵਲ ਸਮੁੰਦਰ ਕੰਢੇ ਹੀ ਧੜਕਦੀ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸੂਬੇ ਅੰਦਰ ਨਸ਼ਿਆਂ ਖ਼ਿਲਾਫ਼ ਕੋਈ ਖ਼ਾਸ ਰੌਲਾ-ਰੱਪਾ ਵੀ ਵਿਖਾਈ ਨਹੀਂ ਦਿੰਦਾ।
ਸੋਹਣੇ ਸੁਨੱਖੇ ਸ਼ਹਿਰ ਰਾਜਧਾਨੀ ਪਣਜੀ ਨੂੰ ਆਧਾਰ ਬਣਾ ਕੇ ਪ੍ਰਸ਼ਾਸਨ ਵੱਲੋਂ ਸੂਬੇ ਨੂੰ ਮੁੱਖ ਸ਼ਹਿਰਾਂ ਪਣਜੀ, ਵਾਸਕੋ ਅਤੇ ਬਡਗਾਮ ਤੋਂ ਇਲਾਵਾ 2 ਜ਼ਿਲ੍ਹਿਆਂ ਉੱਤਰ ਅਤੇ ਦੱਖਣ ਵਿੱਚ ਵੰਡ ਕੇ ਪੂਰੇ ਵਿਉਂਤਬੰਦ ਤਰੀਕੇ ਨਾਲ ਹਰ ਇੱਕ ਹੋਣ ਵਾਲੀ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਸਪੈਸ਼ਲ ਟੀਮਾਂ ਬਣਾਈਆਂ ਹੋਈਆਂ ਹਨ। ਸੂਬੇ ਦੇ 40 ਵਿਧਾਇਕ, 2 ਮੈਂਬਰ ਪਾਰਲੀਮੈਂਟ ਤੇ ਇੱਕ ਰਾਜ ਸਭਾ ਮੈਂਬਰ ਸਾਦਗੀ ਦੀ ਮਿਸਾਲ ਪੈਦਾ ਕਰਦੇ ਹਨ। ਉਹ ਹੋਰ ਸਿਆਸੀ ਨੇਤਾਵਾਂ ਵਾਂਗ ਲਾਮ-ਲਸ਼ਕਰ ਲੈ ਕੇ ਬਾਜ਼ਾਰਾਂ ਵਿੱਚ ਨਿਕਲਣ ਨੂੰ ਚੰਗਾ ਨਹੀਂ ਮੰਨਦੇ। ਇੱਥੋਂ ਦੇ ਸਿਆਸੀ ਨੇਤਾਵਾਂ ਕੋਲ ਕੋਈ ਗੰਨਮੈਨਾਂ ਦੀ ਫ਼ੌਜ ਨਹੀਂ ਹੁੰਦੀ। ਕੇਵਲ ਸਾਦਗੀ ਜਾਂ ਵਿਕਾਸ ਜ਼ਰੀਏ ਲੋਕਾਂ ਦੇ ਦਿਲ ਜਿੱਤਣ ਨੂੰ ਆਧਾਰ ਬਣਾ ਕੇ ਰਾਜਨੀਤੀ ਦੇ ਖੇਤਰ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਸੰਨ 2012 ਦੀ ਜਨਗਣਨਾ ਅਨੁਸਾਰ ਗੋਆ ਦੀ ਆਬਾਦੀ ਲਗਭਗ 20 ਲੱਖ ਦੇ ਕਰੀਬ ਸੀ ਅਤੇ ਇੱਥੋਂ ਦਾ ਸੜਕੀ ਸਫ਼ਰ ਬਹੁਤ ਹੀ ਦਿਲ ਲੁਭਾਉਣਾ ਹੈ। ਸੱਪ ਵਾਂਗ ਨਦੀਆਂ ਅਤੇ ਸਮੁੰਦਰੀ ਕੰਢਿਆਂ ਦੇ ਨਾਲ ਖਹਿੰਦੀਆਂ ਵਲ਼-ਵਲੇਵੇਂ ਖਾਂਦੀਆਂ ਵਧੀਆ ਸੜਕਾਂ, ਕਦੇ ਪਹਾੜ, ਕਦੇ ਮੈਦਾਨੀ ਇਲਾਕੇ ਹਰਿਆਵਲ ਨਾਲ ਭਰਪੂਰ ਲਪਾ-ਲੱਪ ਕਰਦੇ ਸਮੁੰਦਰੀ ਕਿਨਾਰੇ ਹਰ ਇਨਸਾਨ ਨੂੰ ਆਪਣੇ ਵੱਲ ਖਿੱਚਦੇ ਹਨ। ਲਾਲ ਜ਼ਰਖੇਜ਼ ਜ਼ਮੀਨ ’ਤੇ ਵਸੇ ਗੋਆ ਅੰਦਰ ਕਦੇ ਵੀ ਧੂੜ-ਮਿੱਟੀ ਆਸਮਾਨ ’ਤੇ ਨਹੀਂ ਚੜ੍ਹਦੀ ਅਤੇ ਵਾਤਾਵਰਨ ਹਮੇਸ਼ਾਂ ਸਾਫ਼-ਸੁਥਰਾ ਰਹਿੰਦਾ ਹੈ। ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ 3 ਸਿੰਘ ਸਭਾ ਗੁਰਦੁਆਰਿਆਂ ਸਾਹਿਬ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਇਸਾਈ ਭਾਈਚਾਰੇ ਨੇ ਵੱਡੇ ਪੱਧਰ ’ਤੇ ਗਿਰਜਾ ਘਰ ਬਣਾਏ ਹੋਏ ਹਨ। ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਅੰਦਰ ਵਿਕਾਸ ਦੀਆਂ ਪਾਈਆਂ ਪਿਰਤਾਂ ਨੂੰ ਵੇਖ ਕੇ ਇਨਸਾਨ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਗੋਆ ਦਾ ਮਿਲਕ ਪਲਾਂਟ ਵੀ ਤਰੱਕੀ ਦੀਆਂ ਲੀਹਾਂ ’ਤੇ ਹੈ।
ਇੱਥੋਂ ਦੇ ਲੋਕਾਂ ਦਾ ਮੁੱਖ ਰੁਜ਼ਗਾਰ ਕੇਵਲ ਸੈਲਾਨੀਆਂ ਦੇ ਸਿਰ ’ਤੇ ਟਿਕਿਆ ਹੋਇਆ ਹੈ। ਇਸ ਲਈ ਇੱਥੋਂ ਦੇ ਸਰਕਾਰ ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋਂ ਬਾਹਰੋਂ ਆਏ ਮਹਿਮਾਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਨੂੰ ਵੀ ਕਦੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਂਦੀ, ਹਾਂ ਮਹਿੰਗਾਈ ਬਹੁਤ ਜ਼ਿਆਦਾ ਹੈ। ਕਾਫ਼ੀ ਲੋਕ ਦੁਕਾਨਦਾਰੀ ਤੋਂ ਇਲਾਵਾ ਮੱਛੀ ਦਾ ਕਾਰੋਬਾਰ ਕਰਦੇ ਹਨ। ਬਾਕੀ ਸੂਬਿਆਂ ਦੇ ਮੁਕਾਬਲੇ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਉੱਚੀਆਂ ਹਨ। ਸੁੱਕੇ ਮੇਵੇ ਬਾਜ਼ਾਰਾਂ ਵਿੱਚ ਆਮ ਮਿਲ ਜਾਂਦੇ ਹਨ। ਗੋਆ ਅੰਦਰ ਕਾਜੂ ਵੱਡੇ ਪੱਧਰ ’ਤੇ ਹੋਣ ਦੇ ਬਾਵਜੂਦ ਇਸ ਦੀ ਕੀਮਤ ਵੀ ਘੱਟ ਨਹੀਂ ਹੈ, ਪਰ ਕੁਆਲਿਟੀ ਬਹੁਤ ਚੰਗੀ ਹੈ। ਸੂਬੇ ਅੰਦਰ ਨਦੀਆਂ ਨਾਲਿਆਂ ਦੀ ਭਰਮਾਰ ਹੈ। ਬਾਜ਼ਾਰਾਂ ਅੰਦਰ ਵੀ ਤਾਲਾਬ ਰੂਪੀ ਨਦੀਆਂ ਗੋਆ ਦੀ ਸਜਾਵਟ ਨੂੰ ਚਾਰ ਚੰਦ ਲਗਾਉਂਦੀਆਂ ਹਨ।
ਸਮੁੰਦਰ ਕੰਢੇ ਵੱਡੇ ਪਹਾੜਾਂ ਨੂੰ ਪੱਧਰ ਕਰਕੇ ਉਸ ਉੱਤੇ ਏਅਰਪੋਰਟ ਦਾ ਕੀਤਾ ਨਿਰਮਾਣ ਦਿਲ ਖਿੱਚਵਾਂ ਹੈ। ਜਦੋਂ ਜਹਾਜ਼ ਏਅਰਪੋਰਟ ਤੋਂ ਉਡਾਣ ਭਰਦਾ ਹੈ ਤਾਂ ਸਮੁੰਦਰ ਉੱਪਰ ਦੀ ਗੁਜ਼ਰਨ ਸਮੇਂ ਇਨਸਾਨੀ ਮਨ ਦੇ ਅੰਦਰ ਲਹਿਰਾਂ ਜ਼ਰੂਰ ਉੱਠਦੀਆਂ ਹਨ। ਸਮੁੰਦਰ ਵਿੱਚ ਘਿਰੇ ਸੂਬੇ ਗੋਆ ਨੂੰ ਸੜਕੀ ਰਸਤੇ ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਹੱਦਾਂ ਲੱਗਦੀਆਂ ਹਨ। ਮੁੰਬਈ ਤੋਂ ਗੋਆ ਮੁੱਖ ਸੜਕ ’ਤੇ ਬਣਿਆ ਵਿਸ਼ਾਲ ਓਵਰਬ੍ਰਿਜ ਵੀ ਵੇਖਣਯੋਗ ਹੈ। ਜੇਕਰ ਕਿਸੇ ਨੇ ਬੀਚ ਵੇਖਣੇ ਹੋਣ ਤਾਂ ਆਜੁਮਾ, ਮੋਰਜਮ ਅਰਮਬੋਲ, ਬਾਘਾ ਆਦਿ ਮੁੱਖ ਹਨ ਜਿੱਥੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਹੁੰਦੀ ਹੈ। ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇੱਕ ਹੈਰਾਨੀਜਨਕ ਤੱਥ ਇਹ ਹੈ ਕਿ ਇੱਥੇ ਹੁਣ ਕੋਰੋਨਾ ਕਾਲ ਤੋਂ ਬਾਅਦ ਘੁੰਮਣ ਆਏ ਬਾਹਰੀ ਸੈਲਾਨੀਆਂ ਦੀ ਗਿਣਤੀ ਘਟ ਰਹੀ ਹੈ ਜਿਸ ਨਾਲ ਮੱਧਮ ਹੋ ਰਹੇ ਰੁਜ਼ਗਾਰ ਦੇ ਕਾਰਨ ਮਹਿੰਗਾਈ ਵਧ ਰਹੀ ਹੈ।
ਲਗਪਗ 250 ਕਿਲੋਮੀਟਰ ਦੇ ਘੇਰੇ ਵਿੱਚ ਫੈਲੇ ਗੋਆ ਦੀ ਰਾਜਧਾਨੀ ਪਣਜੀ ਵਿੱਚ ਨਕਾਰਾ ਹੋ ਚੁੱਕੇ ਸਮੁੰਦਰੀ ਜਹਾਜ਼ਾਂ ਨੂੰ ਨੁੱਕਰੇ ਲਾ ਕੇ ਬਣਾਏ ਜੂਆ ਘਰਾਂ ਅੰਦਰ ਕਰੋੜਾਂ ਦਾ ਲੈਣ-ਦੇਣ ਹੁੰਦਾ ਹੈ। ਇਨ੍ਹਾਂ ਜੂਆ ਘਰਾਂ ਅੰਦਰ ਸ਼ਾਮ ਵੇਲੇ ਹਜ਼ਾਰਾਂ ਲੋਕ ਜੂਆ ਖੇਡਣ ਆਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਪੂਰੇ ਪਾਰਦਰਸ਼ੀ ਢੰਗ ਨਾਲ ਜੂਆ ਖੇਡਣ ਵਾਲੇ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਵੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿੱਤਣ ਤੋਂ ਬਾਅਦ ਉਕਤ ਵਿਅਕਤੀ ਨੂੰ ਉਸ ਦੇ ਘਰ ਤੱਕ ਪਹੁੰਚਾਉਣਾ ਵੀ ਪ੍ਰਬੰਧਕਾਂ ਲਈ ਲਾਜ਼ਮੀ ਹੈ। ਕਿਸੇ ਨੂੰ ਕੋਈ ਡਰ ਭੈਅ ਨਹੀਂ, ਕਿਸੇ ਨੂੰ ਕੋਈ ਪੁੱਛਗਿੱਛ ਨਹੀਂ। ਬਿਨਾਂ ਕਿਸੇ ਝਿਜਕ ਦੇ ਹਜ਼ਾਰਾਂ ਲੋਕ ਸ਼ਾਮ ਵੇਲੇ ਇਨ੍ਹਾਂ ਜੂਆ ਘਰਾਂ ਵਿੱਚ ਪਹੁੰਚਦੇ ਹਨ। ਸ਼ਾਇਦ ਇਹ ਚੀਜ਼ਾਂ ਸਰਕਾਰ ਦੀ ਆਮਦਨੀ ਦਾ ਹਿੱਸਾ ਹੋਣ ਇਸੇ ਲਈ ਇਨ੍ਹਾਂ ’ਤੇ ਕੋਈ ਨਕੇਲ ਨਹੀਂ ਕਸੀ ਜਾਂਦੀ। ਰਾਤ ਨੂੰ ਜਨਤਕ ਥਾਵਾਂ ’ਤੇ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਪ੍ਰਸ਼ਾਸਨ ਦੀ ਚੰਗੀ ਪਕੜ ਅਤੇ ਸਥਾਨਕ ਲੋਕਾਂ ਦੀ ਵਧੀਆ ਸਮਝ ਨੂੰ ਦਰਸਾਉਂਦੀ ਹੈ। ਨੌਜਵਾਨ ਲੜਕੀਆਂ ਰਾਤਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਮ ਘੁੰਮਦੀਆਂ ਵੇਖੀਆਂ ਜਾ ਸਕਦੀਆਂ ਹਨ। ਕੁਝ ਵੀ ਹੋਵੇ ਵਾਤਾਵਰਨ ਪੱਖੋਂ ਰਣਮੀਕ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਹ ਛੋਟਾ ਜਿਹਾ ਸੂਬਾ ਦੁਨੀਆ ਭਰ ਦੇ ਸੈਲਾਨੀਆਂ ਅੰਦਰ ਆਪਣਾ ਵਿਲੱਖਣ ਇਤਿਹਾਸ ਸਮੋਈ ਬੈਠਾ ਹੈ।
ਸੰਪਰਕ: 94634-63136

Advertisement

Advertisement
Author Image

sanam grng

View all posts

Advertisement