ਚੰਡੀਗੜ੍ਹ ਨਗਰ ਨਿਗਮ ਦੇ ਸਟੱਡੀ ਟੂਰ ’ਤੇ ਬਰੇਕਾਂ
ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਥਿਤੀ ਇੰਨੀ ਨਾਜ਼ੁਕ ਹੈ ਕਿ ਨਿਗਮ ਵਿਕਾਸ ਕਾਰਜਾਂ ਲਈ ਨਵੇਂ ਟੈਂਡਰ ਜਾਰੀ ਕਰਨ ਦੇ ਸਮਰੱਥ ਨਹੀਂ ਹੈ ਅਤੇ ਠੇਕੇਦਾਰਾਂ ਨੂੰ ਬਕਾਇਆ ਅਦਾਇਗੀਆਂ ਵੀ ਨਹੀਂ ਦੇ ਪਾ ਰਿਹਾ ਹੈ। ਨਿਗਮ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਸੰਘਰਸ਼ ਕਰ ਰਿਹਾ ਹੈ। ਅਜਿਹੇ ਸਮੇਂ ਜਦੋਂ ਫੰਡਾਂ ਦੀ ਭਾਰੀ ਤੋਟ ਹੈ, ਯੂਟੀ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਪ੍ਰਸਤਾਵਿਤ ਸਟੱਡੀ ਟੂਰ ’ਤੇ ਸਵਾਲ ਖੜ੍ਹੇ ਕੀਤੇ ਹਨ।
ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਪ੍ਰਸ਼ਾਸਨ ਤੋਂ ਨਗਰ ਨਿਗਮ ਦੇ ਕੌਂਸਲਰਾਂ ਦੇ ਵਫ਼ਦ ਲਈ ਦੱਖਣੀ ਭਾਰਤ ਦੇ ਤਿਰੂਵਨੰਤਪੁਰਮ, ਕੋਚੀ ਅਤੇ ਕੰਨਿਆਕੁਮਾਰੀ ਦੀਆਂ ਨਗਰ ਨਿਗਮਾਂ ਦਾ ਦੌਰਾ ਕਰਕੇ ਉੱਥੋਂ ਦੇ ਸਫਲ ਪ੍ਰਾਜੈਕਟਾਂ ਅਤੇ ਮਾਡਲਾਂ ਦਾ ਅਧਿਐਨ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ’ਤੇ ਯੂਟੀ ਪ੍ਰਸ਼ਾਸਨ ਨੇ ਨਗਰ ਨਿਗਮ ਤੋਂ ਦੌਰੇ ਦੇ ਖਰਚੇ ਅਤੇ ਬਜਟ ਦੀ ਉਪਲਬਧਤਾ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਨਗਰ ਨਿਗਮ ਕਮਿਸ਼ਨਰ ਨੂੰ ਯੂਟੀ ਪ੍ਰਸ਼ਾਸਨ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਿਖੇ ਪੱਤਰ ਵਿੱਚ ਸਪੱਸ਼ਟ ਤੌਰ ’ਤੇ ਪੁੱਛਿਆ ਹੈ ਕਿ ਇਸ ਦੌਰੇ ’ਤੇ ਕਿੰਨਾ ਖਰਚਾ ਆਵੇਗਾ ਅਤੇ ਕੀ ਨਗਰ ਨਿਗਮ ਕੋਲ ਇਸ ਲਈ ਲੋੜੀਂਦਾ ਬਜਟ ਹੈ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੌਰੇ ਲਈ ਵਫ਼ਦ ਵਿੱਚ ਸ਼ਾਮਲ ਪੰਜ ਅਧਿਕਾਰੀਆਂ ਦੇ ਨਾਂ ਵੀ ਭੇਜੇ ਜਾਣ। ਯੂਟੀ ਪ੍ਰਸ਼ਾਸਨ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਜਦੋਂ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਸਟੱਡੀ ਟੂਰ ਦੀ ਕੀ ਲੋੜ ਹੈ। ਮੇਅਰ ਕੁਲਦੀਪ ਕੁਮਾਰ ਨੇ ਪਿਛਲੇ ਮਹੀਨੇ ਸਤੰਬਰ ਦੇ ਪਹਿਲੇ ਹਫ਼ਤੇ ਯੂਟੀ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਦੱਖਣੀ ਭਾਰਤ ਦੀਆਂ ਨਗਰ ਨਿਗਮਾਂ ਦੇ ਸਟੱਡੀ ਟੂਰ ਦੌਰੇ ਦੀ ਇਜਾਜ਼ਤ ਮੰਗੀ ਸੀ।
ਨਗਰ ਨਿਗਮ ਵੱਲੋਂ ਹੁਣ ਤੱਕ ਕੀਤੇ ਗਏ ਸਟੱਡੀ ਟੂਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰਾਂ ਅਤੇ ਅਧਿਕਾਰੀਆਂ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਕੀਤੇ ਗਏ ਸਟੱਡੀ ਟੂਰਾਂ ’ਤੇ ਭਾਰੀ ਖਰਚਾ ਕੀਤਾ ਗਿਆ ਹੈ। ਉਦਾਹਰਨ ਵਜੋਂ 2023 ਵਿੱਚ ਕੌਂਸਲਰ ਗੋਆ ਵਿੱਚ ਠੋਸ ਕੂੜਾ ਪ੍ਰਬੰਧਨ ਪਲਾਂਟਾਂ ਦਾ ਅਧਿਐਨ ਕਰਨ ਲਈ ਗਏ ਸਨ। 2022 ਵਿੱਚ ਇੰਦੌਰ ਅਤੇ ਨਾਗਪੁਰ ਦਾ ਦੌਰਾ ਕੀਤਾ ਗਿਆ ਸੀ, ਜਿੱਥੇ ਬਾਇਓ-ਮੀਥੇਨੇਸ਼ਨ ਪਲਾਂਟ ਅਤੇ ਨੀਰੀ ਮਾਡਲ ਦਾ ਅਧਿਐਨ ਕੀਤਾ ਗਿਆ ਸੀ। ਸਾਲ 2019 ਵਿੱਚ ਕੌਂਸਲਰਾਂ ਦੀ ਇੱਕ ਟੀਮ ਲੇਹ ਦੇ ਦੌਰੇ ’ਤੇ ਗਈ ਸੀ ਜਿਸ ’ਤੇ 10 ਲੱਖ ਰੁਪਏ ਖਰਚ ਹੋਏ ਸਨ। ਸਾਲ 2017 ਵਿੱਚ 32 ਕੌਂਸਲਰਾਂ ਅਤੇ ਅਧਿਕਾਰੀਆਂ ਨੇ ਮੁੰਬਈ, ਪੁਣੇ ਅਤੇ ਵਿਸ਼ਾਖਾਪਟਨਮ ਵਿੱਚ ਵੱਖ-ਵੱਖ ਪ੍ਰਾਜੈਕਟਾਂ ਦਾ ਅਧਿਐਨ ਕੀਤਾ। ਇਸ ਸਟੱਡੀ ਟੂਰ ’ਤੇ ਲਗਪਗ 18 ਲੱਖ ਰੁਪਏ ਖਰਚ ਹੋਏ ਸਨ।