For the best experience, open
https://m.punjabitribuneonline.com
on your mobile browser.
Advertisement

ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਯੂਰੀਆ ਦੀ ਤੋਟ

11:18 AM Nov 16, 2023 IST
ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਯੂਰੀਆ ਦੀ ਤੋਟ
ਸਹਿਕਾਰੀ ਖੇਤੀਬਾੜੀ ਸਭਾ ਮਨੌਲੀ ਦੇ ਦਫ਼ਤਰ ਦੀ ਬਾਹਰੀ ਝਲਕ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 15 ਨਵੰਬਰ
ਕਣਕ ਅਤੇ ਆਲੂਆਂ ਦੀ ਬਜਿਾਈ ਸਮੇਂ ਡੀਏਪੀ ਖਾਦ ਅਤੇ ਹੁਣ ਕਣਕ ਦੇ ਪਹਿਲੇ ਪਾਣੀ ਮਗਰੋਂ ਪਾਏ ਜਾਣ ਵਾਲੇ ਯੂਰੀਆ ਖ਼ਾਦ ਦੀ ਤੋਟ ਤੋਂ ਕਿਸਾਨ ਭਾਈਚਾਰਾ ਬੇਹੱਦ ਪ੍ਰੇਸ਼ਾਨ ਹੈ। ਬਨੂੜ ਖੇਤਰ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਵੀ ਯੂਰੀਆ ਖਾਦ ਨਹੀਂ ਮਿਲ ਰਹੀ ਹੈ। ਕਿਸਾਨਾਂ ਨੂੰ ਹਰਿਆਣਾ ਤੋਂ ਯੂਰੀਆ ਲਿਆਉਣਾ ਪੈ ਰਿਹਾ ਹੈ, ਜਿੱਥੇ ਦੁਕਾਨਦਾਰ ਯੂਰੀਆ ਦੇ ਨਾਲ ਨਦੀਨਨਾਸ਼ਕ ਦਵਾਈਆਂ ਖਰੀਦਣ ਲਈ ਵੀ ਮਜਬੂਰ ਕਰਦੇ ਹਨ। ਇਸ ਖੇਤਰ ਦੀਆਂ ਖੇਤੀਬਾੜੀ ਸਭਾਵਾਂ ਜਿਨ੍ਹਾਂ ਵਿੱਚ ਬਨੂੜ, ਗੀਗੇਮਾਜਰਾ, ਮਨੌਲੀ, ਭਾਗੋਮਾਜਰਾ, ਖਲੌਰ, ਰਾਮਪੁਰ ਕਲਾਂ, ਅਬਰਾਵਾਂ, ਹੁਲਕਾ, ਜੰਗਪੁਰਾ, ਮਾਣਕਪੁਰ ਕੱਲਰ, ਦੁਰਾਲੀ ਆਦਿ ਵਿੱਚ ਯੂਰੀਆ ਖਾਦ ਦੀ ਕਾਫੀ ਘਾਟ ਪਾਈ ਜਾ ਰਹੀ ਹੈ। ਸੁਸਾਇਟੀਆਂ ਦੇ ਅਮਲੇ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਕਿਸਾਨਾਂ ਨੂੰ ਯੂਰੀਆ ਦੀ ਭਾਰੀ ਲੋੜ ਹੈ ਅਤੇ ਉਨ੍ਹਾਂ ਕੋਲ ਜਿਹੜਾ ਯੂਰੀਆ ਪਹਿਲਾਂ ਆਇਆ ਸੀ, ਉਹ ਸਾਰਾ ਉਹ ਕਿਸਾਨ ਮੈਂਬਰਾਂ ਨੂੰ ਵੰਡ ਚੁੱਕੇ ਹਨ। ਕਿਸਾਨਾਂ ਨੇ ਦੱਸਿਆ ਕਿ ਲੋੜ ਸਮੇਂ ਖਾਦ ਨਾ ਮਿਲਣ ਕਾਰਨ ਉਨ੍ਹਾਂ ਨੂੰ ਬਹੁਤ ਖੱਜਲ-ਖੁਆਰੀ ਸਹਿਣੀ ਪੈ ਰਹੀ ਹੈ।
ਇਸੇ ਦੌਰਾਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਾਰਕਫੈੱਡ ਅਤੇ ਇਫ਼ਕੋ ਵੱਲੋਂ ਜ਼ਿਲ੍ਹੇ ਦੀਆਂ ਖੇਤੀਬਾੜੀ ਸਭਾਵਾਂ ਨੂੰ ਲੋੜੀਂਦੀ ਯੂਰੀਆ ਖ਼ਾਦ ਨਾ ਭੇਜੇ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਨਾਂ ਕਿਸੇ ਦੇਰੀ ਤੋਂ ਖੇਤੀਬਾੜੀ ਸਭਾਵਾਂ ਨੂੰ ਯੂਰੀਆ ਨਾ ਭੇਜਿਆ ਗਿਆ ਤਾਂ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਬੈਂਕ ਦੀਆਂ ਕੁਝ ਬਰਾਂਚਾਂ ਵੱਲੋਂ ਐਡਵਾਂਸ ਕਰਨ ਲਈ ਸੁਸਾਇਟੀ ਮੈਂਬਰਾਂ ਤੋਂ ਸਵੈ-ਘੋਸ਼ਣਾ ਪੱਤਰ ਮੰਗਣ ਦਾ ਵਿਰੋਧ ਵੀ ਕੀਤਾ ਗਿਆ।

Advertisement

ਕੀ ਕਹਿੰਦੇ ਨੇ ਅਧਿਕਾਰੀ

ਮਾਰਕਫੈੱਡ ਦੇ ਐੱਫਐੱਸਓ ਸੰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਗ ਅਨੁਸਾਰ ਕੁਝ ਯੂਰੀਆ ਪਹਿਲਾਂ ਭੇਜਿਆ ਜਾ ਚੁੱਕਿਆ ਹੈ ਅਤੇ ਹੁਣ ਜਦੋਂ ਰੈਕ ਲੱਗੇਗਾ ਤਾਂ ਹੋਰ ਯੂਰੀਆ ਭੇਜ ਦਿੱਤਾ ਜਾਵੇਗਾ।

Advertisement
Author Image

Advertisement
Advertisement
×