ਮਸਕ ਨਾਲ ਮੱਤਭੇਦ ਦਰਮਿਆਨ ਬ੍ਰਾਜ਼ੀਲ ਦੇ ਜੱਜ ਵੱਲੋਂ ‘ਐਕਸ’ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਹੁਕਮ
ਸਾਓ ਪਾਓਲੋ (ਬ੍ਰਾਜ਼ੀਲ), 31 ਅਗਸਤ
ਬ੍ਰਾਜ਼ੀਲ ਦੀ ਸਰਬਉੱਚ ਅਦਾਲਤ ਦੇ ਇਕ ਜੱਜ ਨੇ ਦੇਸ਼ ਵਿਚ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਦੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਫੈਸਲੇ ਦੀ ਇੱਕ ਕਾਪੀ ਦੇ ਅਨੁਸਾਰ ਜੱਜ ਅਲੈਗਜ਼ੈਂਡਰ ਡੀ ਮੋਰੇਸ ਨੇ ਇਹ ਕਦਮ ‘ਐਕਸ’ ਦੇ ਮਾਲਕ ਐਲੋਨ ਮਸਕ ਦੁਆਰਾ ਬ੍ਰਾਜ਼ੀਲ ਵਿੱਚ ਕੰਪਨੀ ਦੇ ਕਾਨੂੰਨੀ ਪ੍ਰਤੀਨਿਧੀ ਨੂੰ ਨਿਯੁਕਤ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਚੁੱਕਿਆ।
ਇਸ ਕਦਮ ਨੇ ਪ੍ਰਗਟਾਵੇ ਦੀ ਆਜ਼ਾਦੀ, ਸੱਜੇ-ਪੱਖੀ ਖਾਤਿਆਂ ਅਤੇ ਗਲਤ ਜਾਣਕਾਰੀ ਦੇ ਵਿਸਤਾਰ ਨੂੰ ਲੈ ਕੇ ਮਸਕ ਅਤੇ ਜਸਟਿਸ ਮੋਰੇਸ ਵਿਚਕਾਰ ਮਹੀਨਿਆਂ ਤੋਂ ਜਾਰੀ ਦੇ ਮਤਭੇਦ ਨੂੰ ਵਧਾ ਦਿੱਤਾ ਹੈ।
ਇਸ ਤੋਂ ਪਹਿਲਾਂ ਜਸਟਿਸ ਮੋਰੇਸ ਨੇ ਬੁੱਧਵਾਰ ਰਾਤ ਮਸਕ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਸਨੇ ਬ੍ਰਾਜ਼ੀਲ ਵਿੱਚ ਕਾਨੂੰਨ ਪ੍ਰਤੀਨਿਧੀ ਨਿਯੁਕਤ ਕਰਨ ਦੇ ਉਸ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ, ਤਾਂ ਦੇਸ਼ ਵਿੱਚ 'ਐਕਸ' ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਵੇਗੀ। ਇਸ ਸਬੰਧੀ ਅਦਾਲਤ ਵੱਲੋਂ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਵਿੱਚ ਇਸ ਸਾਲ ਦੇ ਜਨਵਰੀ ਮਹੀਨੇ ਤੋਂ ਹੀ ਕੰਪਨੀ ਦਾ ਕੋਈ ਕਾਨੂੰਨੀ ਪ੍ਰਤੀਨਿਧ ਨਹੀਂ ਹੈ। ਕੋਰਟ ਵੱਲੋਂ ਪਾਬੰਦੀ ਲਗਾਏ ਜਾਣ ਦੇ ਨਾਲ ਨਾਲ ਵੀਪੀਐੱਨ (ਵਰਚੂਅਲ ਪ੍ਰਾਈਵੇਟ ਨੈੱਟਵਰਕ) ਦੇ ਰਾਹੀਂ ਦੇਸ਼ ਵਿੱਚ ‘ਐਕਸ’ ਦੀ ਵਰਤੋਂ ਕਰਨ ਵਾਲੇ ਲੋਕਾਂ ਅਤੇ ਕੰਪਨੀਆਂ ’ਤੇ ਪ੍ਰਤੀ ਦਿਨ 8900 ਅਮਰੀਕੀ ਡਾਲਰ ਦਾ ਜੁਰਮਾਨਾ ਲਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ। -ਏਪੀ
#Social Media Platform Blocked in Brazil #Alon_Musk # X_Blocked in Brazil