ਬ੍ਰਾਜ਼ੀਲ ਨੇ ਮੁਲਕ ’ਚ ‘ਐਕਸ’ ’ਤੇ ਪਾਬੰਦੀ ਲਾਈ
ਸਾਓ ਪਾਓਲੋ, 31 ਅਗਸਤ
ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਜੱਜ ਨੇ ਦੇਸ਼ ’ਚ ਸੋਸ਼ਲ ਮੀਡੀਆ ਮੰਚ ‘ਐਕਸ’ ਦੀਆਂ ਸੇਵਾਵਾਂ ਮੁਅੱਤਲ ਕਰਨ ਹੁਕਮ ਦਿੱਤਾ ਹੈ। ਫ਼ੈਸਲੇ ਅਨੁਸਾਰ ਜੱਜ ਅਲੈਕਜ਼ੈਂਡਰ ਦਿ ਮੋਰੇਸ ਨੇ ‘ਐਕਸ’ ਦੇ ਮਾਲਕ ਐਲਨ ਮਸਕ ਵੱਲੋਂ ਬ੍ਰਾਜ਼ੀਲ ’ਚ ਕੰਪਨੀ ਦਾ ਕਾਨੂੰਨੀ ਨੁਮਾਇੰਦਾ ਨਾਜ਼ਮਦ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਇਹ ਕਦਮ ਚੁੱਕਿਆ ਹੈ।
ਇਸ ਕਦਮ ਨਾਲ ਪ੍ਰਗਟਾਵੇ ਦੀ ਆਜ਼ਾਦੀ, ਧੁਰ-ਕੱਟੜਵਾਦੀਆਂ ਦੇ ਖਾਤਿਆਂ ਤੇ ਗਲਤ ਸੂਚਨਾਵਾਂ ਦੇ ਪ੍ਰਚਾਰ ਨੂੰ ਲੈ ਕੇ ਮਸਕ ਤੇ ਜਸਟਿਸ ਮੋਰੇਸ ਵਿਚਾਲੇ ਮਹੀਨਿਆਂ ਤੋਂ ਜਾਰੀ ਮਤਭੇਦ ਹੋਰ ਡੂੰਘੇ ਹੋ ਗਏ ਹਨ।
ਜਸਟਿਸ ਮੋਰੇਸ ਨੇ ਮਸਕ ਨੂੰ ਲੰਘੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਬ੍ਰਾਜ਼ੀਲ ’ਚ ਆਪਣਾ ਕਾਨੂੰਨੀ ਨੁਮਾਇੰਦਾ ਨਾਮਜ਼ਦ ਕਰਨ ਅਤੇ ਜੇ ਉਹ ਉਨ੍ਹਾਂ ਦੇ ਹੁਕਮਾਂ ’ਤੇ ਅਮਲ ਨਹੀਂ ਕਰਦੇ ਤਾਂ ਦੇਸ਼ ’ਚ ‘ਐਕਸ’ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
ਉਨ੍ਹਾਂ ਹੁਕਮਾਂ ਦਾ ਪਾਲਣ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਸੀ। ਬ੍ਰਾਜ਼ੀਲ ਵਿੱਚ ਇਸ ਮਹੀਨੇ ਦੀ ਸ਼ੁਰੂਆਤ ਤੋਂ ‘ਐਕਸ’ ਦਾ ਕੋਈ ਕਾਨੂੰਨੀ ਨੁਮਾਇੰਦਾ ਨਹੀਂ ਹੈ। -ਏਪੀ
ਬੋਲਣ ਦੀ ਆਜ਼ਾਦੀ ’ਤੇ ਹਮਲਾ: ਮਸਕ
ਸਾਂ ਫਰਾਂਸਿਸਕੋ: ਬ੍ਰਾਜ਼ੀਲ ਦੇ ਸੁਪਰੀਮ ਕੋਰਟ ਹੁਕਮਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਐਲਨ ਮਸਕ ਨੇ ਕਿਹਾ ਕਿ ਦੁਨੀਆ ਭਰ ’ਚ ਬੋਲਣ ਦੀ ਆਜ਼ਾਦੀ ’ਤੇ ਵੱਡੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬ੍ਰਾਜ਼ੀਲ ’ਚ ਸੱਚ ਦਾ ਸਭ ਤੋਂ ਵੱਡਾ ਸਰੋਤ ਬੰਦ ਕਰ ਰਹੇ ਹਨ। ਮਸਕ ਨੇ ਕਿਹਾ, ‘ਬ੍ਰਾਜ਼ੀਲ ਦਾ ਜਾਬਰ ਨਿਜ਼ਾਮ ਲੋਕਾਂ ਦੇ ਸੱਚਾਈ ਜਾਣਨ ਤੋਂ ਡਰਦਾ ਹੈ।’ -ਆਈਏਐੱਨਐੱਸ