For the best experience, open
https://m.punjabitribuneonline.com
on your mobile browser.
Advertisement

ਕੂੜੇ ਦੇ ਢੇਰਾਂ ਤੋਂ ਛੁਟਕਾਰੇ ਲਈ ਬਰਾਂਡ ਅੰਬੈਸਡਰਾਂ ਵੱਲੋਂ ਮੰਤਰੀਆਂ ਤੱਕ ਪਹੁੰਚ

08:37 AM Jun 13, 2024 IST
ਕੂੜੇ ਦੇ ਢੇਰਾਂ ਤੋਂ ਛੁਟਕਾਰੇ ਲਈ ਬਰਾਂਡ ਅੰਬੈਸਡਰਾਂ ਵੱਲੋਂ ਮੰਤਰੀਆਂ ਤੱਕ ਪਹੁੰਚ
ਅਹਿਮਦਗੜ੍ਹ ਵਿੱਚ ਸੜਕ ’ਤੇ ਖਿੱਲਰਿਆ ਕੂੜਾ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਜੂਨ
ਇੱਥੋਂ ਦੀ ਨਗਰ ਕੌਂਸਲ ਦੇ ਬਰਾਂਡ ਅੰਬੈਸਡਰਾਂ ਨੂੰ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਕੂੜਾ ਪ੍ਰਬੰਧਨ ਦੀ ਸਥਿਤੀ ਦਰੁਸਤ ਕਰਵਾਉਣ ਲਈ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਮੰਤਰੀ ਦੀ ਦਖਲਅੰਦਾਜ਼ੀ ਮੰਗਣੀ ਪੈ ਰਹੀ ਹੈ ਤਾਂਕਿ ਲੋਕਾਂ ਨੂੰ ਨਰਕ ਵਿੱਚੋਂ ਕੱਢਿਆ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਸਬੰਧਿਤ ਅਧਿਕਾਰੀਆਂ ਤੋਂ ਉੱਚ ਅਧਿਕਾਰੀਆਂ, ਆਗੂਆਂ ਤੇ ਆਮ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਵਸਨੀਕਾਂ ਨੂੰ ਇੱਕ ਸਾਫ਼ ਅਤੇ ਸਵੱਛ ਵਾਤਾਵਰਨ ਨਾ ਦੇ ਸਕਣ ਲਈ ਸਪੱਸ਼ਟੀਕਰਨ ਮੰਗਿਆ ਹੋਇਆ ਹੈ।
ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚਮਨ ਲਾਲ ਦੁੱਲਾ ਦੀ ਅਗਵਾਈ ਹੇਠ 100 ਤੋਂ ਵੱਧ ਸਫ਼ਾਈ ਸੇਵਕਾਂ ਨੇ ਘਰਾਂ ਤੋਂ ਕੂੜਾ ਇਕੱਠਾ ਕਰਨ ਲਈ ਬੇਵੱਸੀ ਦਿਖਾਈ ਹੈ, ਕਿਉਂਕਿ ਉਨ੍ਹਾਂ ਅਨੁਸਾਰ ਆਮ ਤੌਰ ’ਤੇ ਕੂੜੇ ਦੀ ਛਾਂਟੀ ਨਹੀਂ ਹੁੰਦੀ ਅਤੇ ਕਈ-ਕਈ ਦਿਨ ਤੱਕ ਸੜਕਾਂ ’ਤੇ ਖੁੱਲ੍ਹੇ ਵਿੱਚ ਕੂੜਾ ਸੁੱਟਣਾ ਪੈਂਦਾ ਹੈ। ਜਿਹੜੀ ਥਾਂ ਕੂੜਾ ਡੰਪ ਕਰਨ ਲਈ ਕਿਰਾਏ ’ਤੇ ਲਈ ਗਈ ਹੈ ਉਸ ਦੇ ਮਾਲਿਕ ਵੀ ਬਿਨਾ ਛਾਂਟੀ ਕੂੜਾ ਸੁੱਟਣ ਦੀ ਇਜਾਜ਼ਤ ਨਹੀਂ ਦਿੰਦੇ। ਠੋਸ ਕੂੜੇ ਦੇ ਪ੍ਰਬੰਧਨ ਨੂੰ ਕਮਜ਼ੋਰ ਗਰਦਾਨਦਿਆਂ, ਸਵੱਛ ਭਾਰਤ ਮਿਸ਼ਨ ਦੇ ਅਧਿਕਾਰੀਆਂ ਨੇ ਕਰੀਬ ਦੋ ਮਹੀਨੇ ਪਹਿਲਾਂ ਪੰਜਾਬ ਮਿਉਂਸਿਪਲ ਇੰਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਡਾਇਰੈਕਟਰ ਦੇ ਸੁਝਾਵਾਂ ਅਤੇ ਨਿਰਦੇਸ਼ਾਂ ’ਤੇ ਕਾਰਵਾਈ ਕਰਨ ਦੀ ਸਲਾਹ ਦਿੱਤੀ ਸੀ। ਇਹ ਕਾਰਵਾਈ ਬਰਾਂਡ ਅੰਬੈਸਡਰ ਰਾਜ ਸ਼ਰਮਾ ਤ੍ਰਿਸ਼ੂਲ ਦੀ ਸ਼ਿਕਾਇਤ ’ਤੇ ਕੀਤੀ ਗਈ ਸੀ ਜਿਸ ਨੇ ਹੁਣ ਸਬੰਧਤ ਮੰਤਰੀ ਸਮੇਤ ਉੱਚ ਅਧਿਕਾਰੀਆਂ ਤੋਂ ਦਖਲ ਮੰਗਿਆ ਹੈ। ਸੁੱਕੇ ਕੂੜੇ ਦੀ ਸੰਭਾਲ, ਗਿੱਲੇ ਕੂੜੇ ਦੀ ਪ੍ਰੋਸੈਸਿੰਗ, ਵਸਨੀਕਾਂ ਨੂੰ ਕੁਝ ਵਾਰਡਾਂ ਵਿੱਚ ਸਰੋਤ ਤੇ ਕੂੜੇ ਨੂੰ ਵੱਖ ਕਰਨ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਸਟਾਫ ਦੀ ਤਾਇਨਾਤੀ ਅਤੇ ਬ੍ਰਾਂਡ ਅੰਬੈਸਡਰਾਂ ਅਤੇ ਕੌਂਸਲਰਾਂ ਦੇ ਸੁਝਾਵਾਂ ਅਨੁਸਾਰ ਕਦਮ ਚੁੱਕਣਾ ਮਿਸ਼ਨ ਦੇ ਮੁੱਖ ਸੁਝਾਅ ਦੱਸੇ ਗਏ ਸਨ।
ਸ਼ਹਿਰ ਵਿੱਚ 85 ਰੈਗੂਲਰ ਸਵੀਪਰ ਅਤੇ 35 ਠੇਕਾ ਮੁਲਾਜ਼ਮ ਹਨ ਪਰ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਲਈ ਸਿਰਫ਼ 105 ਹੀ ਉਪਲਬਧ ਹੁੰਦੇ ਹਨ ਕਿਉਂਕਿ ਬਾਕੀ 15 ਡਰਾਈਵਰ, ਸੀਵਰਮੈਨ ਅਤੇ ਬੇਲਦਾਰ ਵਜੋਂ ਤਾਇਨਾਤ ਕੀਤੇ ਜਾਂਦੇ ਹਨ। ਕੂੜਾ ਇਕੱਠਾ ਕਰਨ ਵਾਲੇ ਜ਼ਿਆਦਾਤਰ ਰਿਕਸ਼ਾ ਵੀ ਮੁਰੰਮਤ ਮੰਗਦੇ ਹਨ ਤੇ ਬੁਨਿਆਦੀ ਢਾਂਚਾ ਵੀ ਕਾਫ਼ੀ ਨਹੀਂ ਹੈ। ਹਾਲਾਂਕਿ ਕੌਂਸਲ ਪੰਜ ਹੋਰ ਟੈਂਪੂ ਖਰੀਦਣ ਦੀ ਤਿਆਰੀ ਵਿੱਚ ਹੈ ਇਨ੍ਹਾਂ ਵਾਹਨਾਂ ਨੂੰ ਚਲਾਉਣ ਲਈ ਕੋਈ ਡਰਾਈਵਰ ਉਪਲਬਧ ਨਹੀਂ ਹੈ। ਕੂੜਾ ਛਾਂਟੀ ਕਰਨ ਵਾਲੀ ਮਸ਼ੀਨ ਕਈ ਮਹੀਨਿਆਂ ਤੋਂ ਬੰਦ ਪਈ ਹੈ। ਹਾਲ ਹੀ ਵਿੱਚ ਸਮੂਹ ਸਿਆਸੀ ਪਾਰਟੀਆਂ ਨਾਲ ਸਬੰਧਤ ਨਗਰ ਕੌਂਸਲਰਾਂ ਨੇ ਵੀ ਨਗਰ ਕੌਂਸਲਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਆਵਾਜ਼ ਨਾ ਸੁਣੇ ਜਾਣ ਦਾ ਦੋਸ਼ ਲਗਾਉਂਦਿਆਂ ਚਿਤਾਵਨੀ ਦਿੱਤੀ ਸੀ ਕਿ ਜੇ ਤੁਰੰਤ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ।
ਇਨ੍ਹਾਂ ਕੌਂਸਲਰਾਂ ਨੇ ਕੂੜੇ ਦੇ ਨਿਬੇੜੇ ਲਈ ਆਉਣ ਵਾਲੇ ਫੰਡਾਂ ਵਿੱਚ ਅਧਿਕਾਰੀਆਂ ਵੱਲੋਂ ਘਪਲੇ ਕੀਤੇ ਜਾਣ ਦਾ ਦੋਸ਼ ਵੀ ਲਗਾਇਆ ਸੀ ਅਤੇ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।

Advertisement

ਜਲਦੀ ਢੁੱਕਵੇਂ ਕਦਮ ਚੁੱਕਣ ਦਾ ਦਿੱਤਾ ਭਰੋਸਾ

ਸੈਨੇਟਰੀ ਇੰਸਪੈਕਟਰ ਹੁਸਨ ਲਾਲ ਨੇ ਦਾਅਵਾ ਕੀਤਾ ਹੈ ਕਿ ਉਪਲਬਧ ਵਸੀਲਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਲਾਕੇ ਨੂੰ ਸਾਫ਼ ਰੱਖਣ ਦੀ ਪੂਰੀ ਕੋਸ਼ਿਸ ਕੀਤੀ ਗਈ ਹੈ ਅਤੇ ਜਲਦੀ ਹੀ ਇਲਾਕੇ ਤੋਂ ਦੂਰ ਕੂੜੇ ਨੂੰ ਡੰਪ ਕਰਨ ਲਈ ਹੋਰ ਪਲਾਟ ਕਿਰਾਏ ’ਤੇ ਲੈ ਕੇ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ। ਕੂੜੇ ਦੀ ਛਾਂਟੀ ਕਰਨ ਵਾਲੀ ਮਸ਼ੀਨ ਦੀ ਮੁਰੰਮਤ ਵੀ ਜਲਦੀ ਕਰਵਾ ਲਈ ਜਾਵੇਗੀ।

Advertisement
Author Image

joginder kumar

View all posts

Advertisement
Advertisement
×