ਬਰੈਂਪਟਨ ਘਟਨਾ: ਭਾਰਤੀ ਹਾਈ ਕਮਿਸ਼ਨ ਦਾ ਮੰਦਰ ’ਚ ਲੱਗਣ ਵਾਲਾ ਕੈਂਪ ਰੱਦ
* ਖੁਫੀਆ ਜਾਣਕਾਰੀ ਦੇ ਆਧਾਰ ’ਤੇ ਰੱਦ ਕੀਤਾ ਗਿਆ ਕੈਂਪ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 12 ਨਵੰਬਰ
ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੈਨੇਡਾ ਦੇ ਬਰੈਂਪਟਨ ਤ੍ਰਿਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਨੇ ਲਾਈਫ਼ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਹੈ। ਇਹ ਸਮਾਗਮ ਇੱਕ ਕੌਂਸਲਰ ਕੈਂਪ ਵਿਚ 17 ਨਵੰਬਰ ਨੂੰ ਹੋਣਾ ਸੀ, ਜਿੱਥੇ ਭਾਰਤੀ ਮੂਲ ਦੇ ਵਿਅਕਤੀ ਜ਼ਰੂਰੀ ਜੀਵਨ ਸਰਟੀਫਿਕੇਟਾਂ ਦਾ ਨਵੀਨੀਕਰਨ ਕਰ ਸਕਦੇ ਹਨ।
ਮੰਦਰ ਪ੍ਰਸ਼ਾਸਨ ਨੇ ਅੱਜ ਬਿਆਨ ਵਿੱਚ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਵੱਲੋਂ 17 ਨਵੰਬਰ ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੀਲ ਰੀਜਨਲ ਪੁਲੀਸ ਦੀ ਅਧਿਕਾਰਿਤ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਰੱਦ ਕੀਤਾ ਗਿਆ ਜਿਸ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਭਾਰਤੀ ਹਾਈ ਕਮਿਸ਼ਨ ਨੇ ਟਰਾਂਟੋ ’ਚ ਕਾਲੀ ਬਾੜੀ ਮੰਦਰ ਵਿੱਚ 16 ਨਵੰਬਰ ਅਤੇ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਤੇ ਕਮਿਊਨਟੀ ਸੈਂਟਰ ਵਿੱਚ 17 ਨਵੰਬਰ ਦੇ ਕੈਂਪ ਰੱਦ ਦਿੱਤੇ ਹਨ। ਤ੍ਰਿਵੇਣੀ ਮੰਦਰ ਤੇ ਕਮਿਊਨਟੀ ਸੈਂਟਰ ਨੇ ਬਿਆਨ ਵਿੱਚ ਭਾਰਤੀ ਹਾਈ ਕਮਿਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ 17 ਨਵੰਬਰ ਨੂੰ ਲੱਗਣ ਵਾਲਾ ਕੈਂਪ ਹੁਣ ਨਹੀਂ ਲੱਗੇਗਾ। ਉਨ੍ਹਾਂ ਲਿਖਿਆ ਹੈ ਕਿ ਹੋਰ ਧਾਰਮਿਕ ਸਥਾਨਾਂ ’ਤੇ ਲੱਗਣ ਵਾਲੇ ਕੈਂਪ ਵੀ ਸੁਰੱਖਿਆ ਦੇ ਮੱਦੇਨਜ਼ਰ ਰੱਦ ਕੀਤੇ ਗਏ ਹਨ। ਖੁਫੀਆ ਤੰਤਰ ਤੇ ਆਮ ਲੋਕ 3 ਨਵੰਬਰ ਦੀ ਘਟਨਾ ਮਗਰੋਂ ਚੌਕਸ ਹਨ। ਭਾਰਤੀ ਮੂਲ ਦੇ ਕਈ ਲੋਕ ਧਾਰਮਿਕ ਥਾਂ ਉੱਤੇ ਕੈਂਪ ਲਾਉਣ ’ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਕਿਰਾਏ ’ਤੇ ਲੈ ਕੇ ਕੈਂਪ ਲਾਏ ਜਾ ਸਕਦੇ ਹਨ, ਜਿੱਥੇ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ 3 ਨਵੰਬਰ ਨੂੰ ਬਰੈਂਪਟਨ ਵਿੱਚ ਵਾਪਰਨ ਵਾਲੀ ਮੰਦਭਾਗੀ ਘਟਨਾ ਟਲ ਸਕਦੀ ਸੀ। ਮੰਦਰ ਵੱਲੋਂ ਜਾਰੀ ਬਿਆਨ ਵਿੱਚ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਕੈਂਪਾਂ ਦੌਰਾਨ ਮੰਦਰ ਆਉਣ ਵਾਲੇ ਲੋਕ ਹੁਣ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਅਫ਼ਵਾਹਾਂ ਰੋਕਣ ਦੀ ਅਪੀਲ
ਮੰਦਰ ਪ੍ਰਸ਼ਾਸਨ ਨੇ ਕਿਹਾ,‘‘ਅਸੀਂ ਪੀਲ ਪੁਲੀਸ ਨੂੰ ਬਰੈਂਪਟਨ ਤ੍ਰਿਵੇਣੀ ਮੰਦਰ ਵਿਰੁੱਧ ਫੈਲਾਈਆਂ ਜਾ ਰਹੀਆਂ ਅਫਵਾਹਾਂ ਬੰਦ ਕਰਵਾਉਣ ਅਤੇ ਕੈਨੇਡੀਅਨ ਹਿੰਦੂ ਭਾਈਚਾਰੇ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ।’’ ਭਾਰਤੀ ਹਾਈ ਕਮਿਸ਼ਨ ਵਲੋਂ ਚਾਰ ਦਿਨ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਉਸ ਵਲੋਂ ਕੈਨੇਡਾ ਭਰ ਵਿੱਚ ਲੱਗਣ ਵਾਲੇ ਕੈਂਪ ਅਗਲੇ ਹੁਕਮਾਂ ਤੱਕ ਰੱਦ ਕੀਤੇ ਜਾਂਦੇ ਹਨ।