ਬਰੈਂਪਟਨ ਘਟਨਾ ‘ਕੱਟੜਵਾਦੀ ਤਾਕਤਾਂ’ ਨੂੰ ਸਿਆਸੀ ਸ਼ਹਿ ਦੀ ਹਕੀਕਤ: ਜੈਸ਼ੰਕਰ
ਕੈਨਬਰਾ, 5 ਨਵੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਬਰੈਂਪਟਨ (ਕੈਨੇਡਾ) ਦੇ ਹਿੰਦੂ ਸਭਾ ਮੰਦਰ ਵਿਚ ਭਾਰਤੀ ਕੌਂਸੁਲੇਟ ਵੱਲੋਂ ਲਾਏ ਕੈਂਪ ਦੌਰਾਨ ਵੱਖਵਾਦੀਆਂ ਨਾਲ ਹੋਈ ਝੜਪ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਇਹ ਘਟਨਾ ਕੈਨੇਡਾ ਵਿਚ ‘ਕੱਟੜਵਾਦੀ ਤਾਕਤਾਂ’ ਨੂੰ ‘ਸਿਆਸੀ ਸ਼ਹਿ’ ਦੇਣ ਦੀ ਹਕੀਕਤ ਬਿਆਨਦੀ ਹੈ। ਜੈਸ਼ੰਕਰ ਆਪਣੀ ਆਸਟਰੇਲੀਅਨ ਹਮਰੁਤਬਾ ਪੈਨੀ ਵੌਂਗ ਨਾਲ ਪ੍ਰੈੱਸ ਬ੍ਰੀਫਿੰਗ ਦੌਰਾਨ ਭਾਰਤ-ਕੈਨੇਡਾ ਕੂਟਨੀਤਕ ਟਕਰਾਅ ਅਤੇ ਐਤਵਾਰ ਨੂੰ ਕੈਨੇਡਾ ਦੇ ਉਪਰੋਕਤ ਹਿੰਦੂ ਮੰਦਿਰ ਦੀ ਘਟਨਾ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਜੈਸ਼ੰਕਰ ਆਸਟਰੇਲੀਆ ਦੇ ਪੰਜ ਰੋਜ਼ਾ (3 ਤੋਂ 7 ਨਵੰਬਰ) ਸਰਕਾਰੀ ਦੌਰੇ ’ਤੇ ਹਨ। ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿਚ ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਲਾਏ ਕੌਂਸੁਲਰ ਕੈਂਪ ਦਾ ਵਿਰੋਧ ਕਰ ਰਹੇ ਕੁਝ ਮੁਜ਼ਾਹਰਾਕਾਰੀਆਂ, ਜਿਨ੍ਹਾਂ ਹੱਥਾਂ ਵਿਚ ਖਾਲਿਸਤਾਨੀ ਝੰਡੇ ਫੜੇ ਹੋਏ ਸੀ, ਦੀ ਮੰਦਰ ਵਿਚ ਕੁਝ ਲੋਕਾਂ ਨਾਲ ਹੋਈ ਝੜਪ ਨੇ ਹਿੰਸਕ ਰੂਪ ਧਾਰ ਲਿਆ ਸੀ। ਜੈਸ਼ੰਕਰ ਨੇ ਕੈਨਬਰਾ ਵਿਚ ਆਸਟਰੇਲੀਅਨ ਹਮਰੁਤਬਾ ਨਾਲ 15ਵੀਂ ਵਿਦੇਸ਼ ਮੰਤਰੀਆਂ ਦੇ ਫਰੇਮਵਰਕ ਡਾਇਲਾਗ (ਐੱਫਐੱਮਐੱਫਡੀ) ਦੀ ਸਾਂਝੇ ਰੂਪ ਵਿਚ ਅਗਵਾਈ ਕਰਨ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘‘ਪਹਿਲਾਂ ਤੁਹਾਨੂੰ ਸਾਡੇ ਅਧਿਕਾਰਤ ਤਰਜਮਾਨ ਅਤੇ ਸਾਡੇ ਪ੍ਰਧਾਨ ਮੰਤਰੀ ਵੱਲੋਂ ਜਤਾਏ ਫ਼ਿਕਰਾਂ ਨੂੰ ਦੇਖਣਾ ਚਾਹੀਦਾ ਸੀ।’’ ਜੈਸ਼ੰਕਰ ਨੇ ਕਿਹਾ, ‘‘ਮੈਂ ਤਿੰਨ ਗੱਲਾਂ ਕਹਾਂਗਾ...ਪਹਿਲੀ ਇਹ ਕਿ ਕੈਨੇਡਾ ਨੇ ਕੋਈ ਠੋਸ ਸਬੂਤ ਮੁਹੱਈਆ ਕੀਤੇ ਬਗ਼ੈਰ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਦੂਜਾ, ਜਦੋਂ ਅਸੀਂ ਕੈਨੇਡਾ ਵੱਲ ਦੇਖਦੇ ਹਾਂ, ਸਾਡੇ ਲਈ ਇਹ ਤੱਥ ਸਵੀਕਾਰ ਯੋਗ ਨਹੀਂ ਹੈ ਕਿ ਸਾਡੇ ਡਿਪਲੋਮੈਟਾਂ ਦੀ ਨਿਗਰਾਨੀ (ਫੋਨ ਟੈਪ) ਕੀਤੀ ਜਾ ਰਹੀ ਹੈ।’’ ਵਿਦੇਸ਼ ਮੰਤਰੀ ਨੇ ਕਿਹਾ, ‘‘ਤੀਜਾ, ਉਹ ਘਟਨਾ ਹੈ ਜਿਸ ਦੀ ਇਸ ਭੱਦਰਪੁਰਸ਼ (ਪੱਤਰਕਾਰ) ਨੇ ਗੱਲ ਕੀਤੀ ਹੈ। ਵੀਡੀਓ ਜ਼ਰੂਰ ਦੇਖੋ। ਮੇਰਾ ਮੰਨਣਾ ਹੈ ਕਿ ਇਹ (ਵੀਡੀਓ) ਕੈਨੇਡਾ ਵਿਚ ‘ਕੱਟੜਵਾਦੀ ਤਾਕਤਾਂ’ ਨੂੰ ‘ਸਿਆਸੀ ਸ਼ਹਿ’ ਦਿੱਤੇ ਜਾਣ ਦੀ ਹਕੀਕਤ ਬਿਆਨਦੀ ਹੈ।’’ ਇਸ ਦੌਰਾਨ ਜੈਸ਼ੰਕਰ ਨੇ ਆਸਟਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨਾਲ ਵੀ ਬੈਠਕ ਕੀਤੀ। ਦੋਵਾਂ ਆਗੂਆਂ ਨੇ ਹਿੰਦ-ਪ੍ਰਸ਼ਾਂਤ ਅਤੇ ਖਿੱਤੇ ਦੀਆਂ ਹਾਲੀਆ ਘਟਨਾਵਾਂ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਮਗਰੋਂ ਐਕਸ ’ਤੇ ਕਿਹਾ, ‘‘ਆਸਟਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਨਾਲ ਬੈਠਕ ਦੌਰਾਨ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਵਿਆਪਕ ਰਣਨੀਤਕ ਭਾਈਵਾਲੀ ਨੂੰ ਰਫ਼ਤਾਰ ਦੇਣ ਬਾਰੇ ਚਰਚਾ ਕੀਤੀ।’’ -ਪੀਟੀਆਈ
ਵੌਂਗ ਨੇ ਜੈਸ਼ੰਕਰ ਅੱਗੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਰੱਖਿਆ
ਮੈਲਬਰਨ: ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਦਾ ਮੁੱਦਾ ਆਪਣੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ ਨਾਲ ਵਿਚਾਰਿਆ ਹੈ। ਵੌਂਗ ਨੇ ਕਿਹਾ ਕਿ ਉਨ੍ਹਾਂ ਰਾਜਧਾਨੀ ਕੈਨਬਰਾ ਵਿਚ ਬੈਠਕ ਦੌਰਾਨ ਜੈਸ਼ੰਕਰ ਅੱਗੇ ਇਹ ਮੁੱਦਾ ਰੱਖਿਆ ਸੀ। ਵੌਂਗ ਨੇ ਕਿਹਾ ਕਿ ਉਹ ਸਿੱਖਾਂ ਨੂੰ ਇਹੀ ਸੰਦੇਸ਼ ਦੇਣਗੇ ਕਿ ਲੋਕਾਂ ਨੂੰ ਆਸਟਰੇਲੀਆ ਵਿਚ ਸੁਰੱਖਿਆ ਤੇ ਮਾਣ ਸਤਿਕਾਰ ਨਾਲ ਰਹਿਣ ਦਾ ਪੂਰਾ ਅਧਿਕਾਰ ਹੈ। ਵੌਂਗ ਨੇ ਜੈਸ਼ੰਕਰ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਜਾਂਚ ਅਧੀਨ ਦੋਸ਼ਾਂ ਨਾਲ ਜੁੜੇ ਫ਼ਿਕਰਾਂ ਬਾਰੇ ਸਪਸ਼ਟ ਕਰ ਦਿੱੱਤਾ ਹੈ। ਅਸੀਂ ਕਿਹਾ ਹੈ ਕਿ ਅਸੀਂ ਕੈਨੇਡਾ ਦੇ ਨਿਆਂਇਕ ਅਮਲ ਦਾ ਸਤਿਕਾਰ ਕਰਦੇ ਹਾਂ।’’ ਆਸਟਰੇਲੀਅਨ ਵਿਦੇਸ਼ ਮੰਤਰੀ ਨੇ ਕਿਹਾ, ‘‘ਅਸੀਂ ਭਾਰਤ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾ ਦਿੱਤਾ ਹੈ ਤੇ ਜਿੱਥੋਂ ਤੱਕ ਕਾਨੂੰਨ ਦੇ ਰਾਜ, ਨਿਆਂਪਾਲਿਕਾ ਦੀ ਆਜ਼ਾਦੀ ਅਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਗੱਲ ਹੈ ਤਾਂ ਅਜਿਹੇ ਮਾਮਲਿਆਂ ਵਿਚ ਸਾਡਾ ਦ੍ਰਿਸ਼ਟੀਕੋਣ ਸਿਧਾਂਤਕ ਹੈ।’’ ਭਾਰਤ, ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਕੇੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਪਹਿਲਾਂ ਹੀ ‘ਬੇਬੁਨਿਆਦ’ ਦੱਸ ਕੇ ਖਾਰਜ ਕਰ ਚੁੱਕਾ ਹੈ। ਕਾਬਿਲੇਗੌਰ ਹੈ ਕਿ ‘ਫਾਈਵ ਆਈਜ਼’ ਅਲਾਇੰਸ ਦੇ ਮੈਂਬਰਾਂ ਵਜੋਂ ਆਸਟਰੇਲੀਆ, ਕੈਨੇਡਾ, ਅਮਰੀਕਾ, ਯੂਕੇ ਤੇ ਨਿਊਜ਼ੀਲੈਂਡ ਇਕ ਦੂਜੇ ਨਾਲ ਖੁਫ਼ੀਆ ਜਾਣਕਾਰੀ ਸਾਂਝੀ ਕਰਦੇ ਹਨ। -ਏਪੀ
ਮੰਦਰ ਦੇ ਬਾਹਰ ਮੁਜ਼ਾਹਰੇ ’ਚ ਸ਼ਾਮਲ ਕੈਨੇਡੀਅਨ ਪੁਲੀਸ ਮੁਲਾਜ਼ਮ ਮੁਅੱਤਲ
ਵੈਨਕੂਵਰ/ਓਟਵਾ (ਗੁਰਮਲਕੀਅਤ ਸਿੰਘ ਕਾਹਲੋਂ/ਏਜੰਸੀਆਂ): ਬਰੈਂਪਟਨ ਵਿਚ ਐਤਵਾਰ ਨੂੰ ਹਿੰਦੂ ਸਭਾ ਮੰਦਿਰ ਦੇ ਬਾਹਰ ਖਾਲਿਸਤਾਨ ਪੱਖੀ ਮੁਜ਼ਾਹਰਿਆਂ ਵਿਚ ਸ਼ਮੂਲੀਅਤ ਲਈ ਕੈਨੇਡੀਅਨ ਪੁਲੀਸ ਮੁਲਾਜ਼ਮ ਨੂੰ ਮੁਅੱਤਲ ਕੀਤਾ ਗਿਆ ਹੈ। ਪੁਲੀਸ ਮੁਲਾਜ਼ਮ ਦੀ ਪਛਾਣ ਸਾਰਜੈਂਟ ਹਰਿੰਦਰ ਸੋਹੀ (18) ਵਜੋਂ ਦੱਸੀ ਗਈ ਹੈ। ਉਂਝ ਮੁਅੱਤਲੀ ਮਗਰੋਂ ਸਾਰਜੈਂਟ ਸੋਹੀ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਮਿਲੀਆਂ ਹਨ। ਇਸ ਦੌਰਾਨ ਪੀਲ ਖੇਤਰੀ ਪੁਲੀਸ ਨੇ ਬਰੈਂਪਟਨ ਤੇ ਮਿਸੀਸਾਗਾ ਵਿਚ ਹੋਏ ਪ੍ਰਦਰਸ਼ਨਾਂ ਲਈ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਤਿੰਨ ਦੀ ਪਛਾਣ ਦਿਲਪ੍ਰੀਤ ਸਿੰਘ ਬਾਊਂਸ(41), ਵਿਕਾਸ (23) ਤੇ ਅੰਮ੍ਰਿਤਪਾਲ ਸਿੰਘ (31) ਵਜੋਂ ਦੱਸੀ ਗਈ ਹੈ। ਪੁਲੀਸ ਨੇ ਮੁੱਢਲੀ ਜਾਂਚ ਦੌਰਾਨ ਸਰੀ ਤੇ ਬਰੈਂਪਟਨ ਵਿੱਚ 3-3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।
ਮੰਦਰ ਵਿਚ ਲਾਏ ਕੌਂਸੁਲਰ ਕੈਂਪ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀ, ਜਿਨ੍ਹਾਂ ਹੱਥਾਂ ਵਿਚ ਖ਼ਾਲਿਸਤਾਨੀ ਝੰਡੇ ਫੜੇ ਹੋਏ ਸਨ, ਦੀ ਉਥੇ ਮੌਜੂਦ ਲੋਕਾਂ ਨਾਲ ਝੜਪ ਹੋ ਗਈ ਸੀ, ਜਿਸ ਨੇ ਮਗਰੋਂ ਹਿੰਸਕ ਰੂਪ ਧਾਰ ਲਿਆ। ਇਸ ਘਟਨਾ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਵਿਚੋਂ ਇਕ ’ਚ ਉਪਰੋਕਤ ਰੋੋੋਸ ਮੁਜ਼ਾਹਰੇ ਵਿਚ ਪੀਲ ਪੁਲੀਸ ਦਾ ਅਧਿਕਾਰੀ ਵੀ ਦਿਖਾਈ ਦੇ ਰਿਹਾ ਹੈ, ਜੋ ਉਦੋਂ ਆਫ਼-ਡਿਊਟੀ ਸੀ। ਮੀਡੀਆ ਰਿਲੇਸ਼ਨਜ਼ ਅਧਿਕਾਰੀ ਰਿਚਰਡ ਚਿਨ ਨੇ ਸੀਬੀਸੀ ਨਿਊਜ਼ ਨੂੰ ਭੇਜੀ ਈਮੇਲ ਵਿਚ ਕਿਹਾ, ‘‘ਇਸ ਪੁਲੀਸ ਅਧਿਕਾਰੀ(ਹਰਿੰਦਰ ਸੋਹੀ) ਨੂੰ ਕਮਿਊਨਿਟੀ ਸੇਫ਼ਟੀ ਤੇ ਪੁਲੀਸਿੰਗ ਐਕਟ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ।’’ ਇਸ ਤੋਂ ਪਹਿਲਾਂ ਪੀਲ ਪੁਲੀਸ ਨੇ ਕਿਹਾ ਸੀ ਕਿ ਭਾਰਤੀ ਕੌਂਸੁਲੇਟ ਅਧਿਕਾਰੀਆਂ ਦੀ ਹਿੰਦੁੂ ਸਭਾ ਮੰਦਰ ਵਿਚ ਫੇਰੀ ਦੌਰਾਨ ਭੜਕੀ ਹਿੰਸਾ ਲਈ ਤਿੰਨ ਵਿਅਕਤੀਆਂ ਖਿਲਾਫ਼ ਦੋਸ਼ ਆਇਦ ਕੀਤੇ ਗਏ ਹਨ।
ਇਸ ਦੌਰਾਨ ਕੈਨੇਡਾ ਵੱਸਦੇ ਭਾਰਤੀ ਭਾਈਚਾਰੇ ਦੇ ਮੰਦਰ ਦੇ ਬਾਹਰ ਹੋਈ ਹਿੰਸਾ ਕਰਕੇ ਭਾਈਚਾਰਕ ਸਾਂਝ ਵਿੱਚ ਤਰੇੜਾਂ ਪੈਣ ਦਾ ਦੁੱਖ ਜਤਾਇਆ ਹੈ। ਸਰੀ ਰਹਿੰਦੇ ਹਰਜਿੰਦਰ ਸਿੰਘ ਨਿਮਾਣਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਨਿਯੁਕਤ ਕੌਂਸੁਲੇਟ ਅਮਲੇ ਨੂੰ ਆਪਣੇ ਕੰਮ ਤੱਕ ਸੀਮਤ ਰਹਿ ਕੇ ਵਿਚਰਨਾ ਚਾਹੀਦਾ ਹੈ। ਇਕ ਹੋਰ ਸ਼ਖ਼ਸ ਹਰਜੀਤ ਸਿੰਘ ਨੇ ਕਿਹਾ ਕਿ ਲੰਘੇ ਦਿਨ ਬਰੈਂਪਟਨ ਵਿੱਚ ਜੋ ਕੁਝ ਵਾਪਰਿਆ ਉਹ ਮੰਦਭਾਗਾ ਸੀ।
ਬਰੈਂਪਟਨ ਹਿੰਸਾ: ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ਕੋਲ ਹਥਿਆਰ ਹੋਣ ਦਾ ਦਾਅਵਾ
ਬਰੈਂਪਟਨ: ਕੈਨੇਡਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਟੋਰੰਟੋ ਨੇੜੇ ਇੱਕ ਮੰਦਰ ਕੋਲ ਜਿੱਥੇ ਬੀਤੇ ਦਿਨੀਂ ਹਿੰਸਾ ਭੜਕੀ ਸੀ, ਉਸ ਸਮੇਂ ਭੀੜ ’ਚ ਲੋਕਾਂ ਕੋਲ ਹਥਿਆਰ ਵੀ ਸਨ। ਪੀਲ ਰਿਜਨਲ ਪੁਲੀਸ ਨੇ ਸੋਸ਼ਲ ਮੀਡੀਆ ਅਪਡੇਟ ’ਚ ਕਿਹਾ ਕਿ ਬਰੈਂਪਟਨ, ਓਂਟਾਰੀਆ ’ਚ ਮੁਜ਼ਾਹਰੇ ਨੂੰ ਲੰਘੀ ਰਾਤ 10 ਵਜੇ ਤੋਂ ਕੁਝ ਦੇਰ ਪਹਿਲਾਂ ਹੀ ਗ਼ੈਰਕਾਨੂੰਨੀ ਰੈਲੀ ਐਲਾਨ ਦਿੱਤਾ ਗਿਆ ਜਦੋਂ ਅਧਿਕਾਰੀਆਂ ਨੇ ਮੁਜ਼ਾਹਰਾਕਾਰੀਆਂ ਕੋਲ ਹਥਿਆਰ ਦੇਖੇ। ਪੁਲੀਸ ਨੇ ਕਿਹਾ ਕਿ ਮੁਜ਼ਾਹਰਾਕਾਰੀ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਉੱਥੋਂ ਲੰਘਦੇ ਮਾਰਗ ਦੇ ਦੋਵੇਂ ਪਾਸੇ ਆਵਾਜਾਈ ਰੋਕ ਦਿੱਤੀ ਸੀ। -ਏਪੀ
ਹਿੰਦੂਆਂ ਵੱਲੋਂ ਮੰਦਰਾਂ ’ਤੇ ਹੋ ਰਹੇ ਹਮਲਿਆਂ ਦਾ ਵਿਰੋਧ
ਬਰੈਂਪਟਨ: ਖਾਲਿਸਤਾਨੀ ਵੱਖਵਾਦੀਆਂ ਵੱਲੋਂ ਕੈਨੇਡਾ ਵਿੱਚ ਮੰਦਰ ’ਤੇ ਹਮਲਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹਜ਼ਾਰ ਤੋਂ ਵੱਧ ਕੈਨੇਡੇਅਨ ਹਿੰਦੂਆਂ ਨੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਬਾਹਰ ਰੈਲੀ ਕਰਕੇ ਇਕਜੁੱਟਤਾ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਕੈਨੇਡਾ ਵਿੱਚ ਹਿੰਦੂ ਮੰਦਰਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਖ਼ਿਲਾਫ਼ ਰੋਸ ਜਤਾਇਆ ਅਤੇ ਦੇਸ਼ ਦੇ ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖਾਲਿਸਤਾਨੀ ਵੱਖਵਾਦੀਆਂ ਦਾ ਹੋਰ ਸਮਰਥਨ ਨਾ ਕਰਨ ਲਈ ਦਬਾਅ ਪਾਇਆ। ਇਹ ਜਾਣਕਾਰੀ ਕੁਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ (ਸੀਓਐੱਚਐੱਨਏ) ਨੇ ਐਕਸ ’ਤੇ ਸਾਂਝੀ ਕੀਤੀ। ਉਸ ਨੇ ਦੀਵਾਲੀ ਵਾਲੇ ਹਫਤੇ ਵਿੱਚ ਕੈਨੇਡਾ ’ਚ ਹਿੰਦੂ ਮੰਦਰਾਂ ’ਤੇ ਹੋਏ ਕਈ ਹਮਲਿਆਂ ਦਾ ਮੁੱਦਾ ਉਭਾਰਿਆ ਅਤੇ ਦੇਸ਼ ਵਿੱਚ ‘ਹਿੰਦੂਫੋਬੀਆ’ ਰੋਕਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਐਤਵਾਰ ਨੂੰ ਕੈਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ’ਚ ਭਾਰਤੀ ਕੌਂਸੁਲੇਟ ਵੱਲੋਂ ਲਾਏ ਗਏ ਕੈਂਪ ਦਾ ਵਿਰੋਧ ਕਰ ਰਹੇ ਖਾਲਿਸਤਾਨ ਹਮਾਇਤੀਆਂ ਦੀ ਉੱਥੇ ਮੌਜੂਦ ਲੋਕਾਂ ਨਾਲ ਝੜਪ ਹੋ ਗਈ ਜਿਸ ਨੇ ਮਗਰੋਂ ਹਿੰਸਕ ਰੂਪ ਧਾਰ ਲਿਆ ਸੀ। ਕੈਨੇਡਾ ਵਿੱਚ ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਗੈਰ-ਮੁਨਾਫਾ ਸੰਸਥਾ ‘ਹਿੰਦੂ ਕੈਨੇਡੀਅਨ ਫਾਊਂਡੇਸ਼ਨ’ ਨੇ ਇਸ ਸਬੰਧੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਨੇ ਬੱਚਿਆਂ ਅਤੇ ਔਰਤਾਂ ’ਤੇ ਹਮਲਾ ਕੀਤਾ। ਇਸ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਵਿੱਚ ਹਿੰਦੂ ਮੰਦਰਾਂ ’ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕੀਤੀ ਸੀ ਅਤੇ ਉਮੀਦ ਕੀਤੀ ਸੀ ਕਿ ਕੈਨੇਡੀਅਨ ਅਧਿਕਾਰੀ ਨਿਆਂ ਜ਼ਰੂਰ ਯਕੀਨੀ ਬਣਾਉਣਗੇ। -ਏਐੱਨਆਈ