ਬਰੈਂਪਟਨ ਘਟਨਾ ਸਿੱਖ ਕੌਮ ਖ਼ਿਲਾਫ਼ ਸਾਜ਼ਿਸ਼: ਗਿਆਨੀ ਹਰਪ੍ਰੀਤ ਸਿੰਘ
ਟ੍ਰਿਬਿਉੂਨ ਨਿਉੂ਼ਜ਼ ਸਰਵਿਸ
ਅੰਮ੍ਰਿਤਸਰ, 6 ਨਵੰਬਰ
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਕੈਨੇਡਾ ਦੇ ਬਰੈਂਪਟਨ ਦੀ ਘਟਨਾ ਨੂੰ ਗ਼ਲਤ ਤੇ ਗੁਮਰਾਹਕੁੰਨ ਢੰਗ ਨਾਲ ਪ੍ਰਚਾਰ ਕੇ ਸਿੱਖ ਕੌਮ ਖ਼ਿਲਾਫ਼ ਬਿਰਤਾਂਤ ਸਿਰਜਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੰਦਰ ਦੇ ਬਾਹਰ ਝੜਪ ਹੋਈ ਹੈ ਜੋ ਮੰਦਭਾਗੀ ਹੈ। ਉਹ ਅੱਜ ਇੱਥੇ ਅਕਾਲ ਤਖਤ ਵਿਖੇ ਸਿੱਖ ਵਿਦਵਾਨਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਆਖ ਚੁੱਕੇ ਹਨ ਕਿ ਸਿੱਖਾਂ ਖ਼ਿਲਾਫ਼ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਹੁਣ ਵੀ ਕੈਨੇਡਾ ਵਿੱਚ ਮੰਦਰ ’ਤੇ ਸਿੱਖਾਂ ਵੱਲੋਂ ਹਮਲਾ ਦੱਸ ਕੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੰਦਰ ’ਤੇ ਹਮਲਾ ਨਹੀਂ ਹੋਇਆ ਸਗੋਂ ਇਸ ਦੇ ਬਾਹਰ ਦੋ ਫਿਰਕਿਆਂ ਦਰਮਿਆਨ ਝੜਪ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕਦੇ ਕਿਸੇ ਧਰਮ ਅਸਥਾਨ ’ਤੇ ਹਮਲਾ ਨਹੀਂ ਕਰਦੇ। ਪੰਜਾਬ ਵਿੱਚ ਅਤਿਵਾਦ ਦੌਰਾਨ ਕਈ ਗੁਰਦੁਆਰਿਆਂ ’ਤੇ ਹਮਲੇ ਹੋਣ ਦੇ ਬਾਵਜੂਦ ਸਿੱਖਾਂ ਨੇ ਕਦੇ ਕਿਸੇ ਧਰਮ ਅਸਥਾਨ ’ਤੇ ਹਮਲਾ ਨਹੀਂ ਕੀਤਾ। ਉਨ੍ਹਾਂ ਇੱਕ ਗੁਰਦੁਆਰੇ ਦੇ ਬਾਹਰ ਵਾਹਨਾਂ ਦੀ ਹੋਈ ਭੰਨ-ਤੋੜ ਨੂੰ ਮੰਦਭਾਗਾ ਕਰਾਰ ਦਿੱਤਾ।