ਬ੍ਰਹਮਪੁੱਤਰ ਡੈਮ ਪ੍ਰਾਜੈਕਟ ਦਾ ਭਾਰਤ ’ਤੇ ਨਹੀਂ ਪਵੇਗਾ ਕੋਈ ਨਕਾਰਾਤਮਕ ਅਸਰ: ਚੀਨ
ਅਜੈ ਬੈਨਰਜੀ
ਨਵੀਂ ਦਿੱਲੀ, 4 ਜਨਵਰੀ
ਭਾਰਤ ਵਿੱਚ ਚੀਨੀ ਦੂਤਾਵਾਸ ਦੇ ਤਰਜਮਾਨ ਯੂ ਜਿੰਗ ਨੇ ਅੱਜ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਬ੍ਰਹਮਪੁੱਤਰ ਨਦੀ ’ਤੇ ਡੈਮ ਬਣਾਉਣ ਸਬੰਧੀ ਪ੍ਰਾਜੈਕਟ ਦਾ ਹੇਠਲੇ ਇਲਾਕਿਆਂ ’ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਹੈ।’’ ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਆਪਣੇ ਖ਼ੁਦ ਦੇ ਇਲਾਕੇ ਵਿੱਚ ਸਾਂਗਪੋ (ਬ੍ਰਹਮਪੁੱਤਰ) ਨਦੀ ’ਤੇ ਡੈਮ ਬਣਾਇਆ ਜਾਵੇਗਾ, ਜਿਸ ਦਾ ਹੇਠਲੇ ਇਲਾਕਿਆਂ ’ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਇਨ੍ਹਾਂ ਹੇਠਲੇ ਇਲਾਕਿਆਂ ਵਿੱਚ ਭਾਰਤ ਤੇ ਬੰਗਲਾਦੇਸ਼ ਆਉਂਦੇ ਹਨ। ਸਾਂਗਪੋ ਨਦੀ ਤਿੱਬਤ ਤੋਂ ਭਾਰਤ ਵਿੱਚ ਦਾਖ਼ਲ ਹੁੰਦੀ ਹੈ ਅਤੇ ਫਿਰ ਬੰਗਾਲ ਦੀ ਖਾੜੀ ਵਿੱਚ ਮਿਲਣ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਦਾਖ਼ਲ ਹੁੰਦੀ ਹੈ। ਭਾਰਤ ਵਿੱਚ ਚੀਨੀ ਦੂਤਾਵਾਸ ਦੇ ਤਰਜਮਾਨ ਯੂ ਜਿੰਗ ਨੇ ਸ਼ਨਿਚਰਵਾਰ ਨੂੰ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਇਸ ਪ੍ਰਾਜੈਕਟ ਦਾ ਹੇਠਲੇ ਇਲਾਕਿਆਂ ’ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ।’’ ਤਰਜਮਾਨ ਨੇ ਇਹ ਵੀ ਕਿਹਾ ਕਿ ਚੀਨ ਵੱਲੋਂ ਮੌਜੂਦਾ ਚੈਨਲਾਂ ਰਾਹੀਂ ਹੇਠਲੇ ਇਲਾਕਿਆਂ ’ਚ ਪੈਂਦੇ ਦੇਸ਼ਾਂ ਨਾਲ ਸੰਚਾਰ ਕਾਇਮ ਰੱਖਿਆ ਜਾਵੇਗਾ ਅਤੇ ਆਪਦਾ ਦੀ ਰੋਕਥਾਮ ਤੇ ਨਦੀ ਤੋਂ ਹੋਣ ਵਾਲੇ ਲੋਕਾਂ ਦੇ ਨੁਕਸਾਨ ਤੋਂ ਰਾਹਤ ਲਈ ਸਹਿਯੋਗ ਵਧਾਇਆ ਜਾਵੇਗਾ। ਤਿੱਬਤ ਵਿੱਚ ਸਾਂਗਪੋ ਨਦੀ ’ਤੇ ਵਿਸ਼ਾਲ ਡੈਮ ਬਣਾਉਣ ਸਬੰਧੀ ਭਾਰਤ ਵੱਲੋਂ ਸ਼ੁੱਕਰਵਾਰ ਨੂੰ ਚਿੰਤਾ ਜ਼ਾਹਿਰ ਕੀਤੇ ਜਾਣ ਮਗਰੋਂ ਅੱਜ ਚੀਨ ਦਾ ਇਹ ਜਵਾਬ ਆਇਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਭਾਰਤ ਇਕ ਹੇਠਲਾ ਰਿਪੇਰੀਅਨ ਦੇਸ਼ ਹੈ ਜਿਸ ਦਾ ਨਦੀ ਦੇ ਪਾਣੀ ’ਤੇ ਬਰਾਬਰ ਦਾ ਹੱਕ ਹੈ। ਇਸ ’ਤੇ ਚੀਨੀ ਦੂਤਾਵਾਸ ਦੇ ਤਰਜਮਾਨ ਨੇ ਕਿਹਾ, ‘‘ਚੀਨ ਹਮੇਸ਼ਾ ਸਰਹੱਦ ਪਾਰ ਨਦੀਆਂ ਦੇ ਵਿਕਾਸ ਲਈ ਜ਼ਿੰਮੇਵਾਰ ਰਿਹਾ ਹੈ। ਚੀਨ ਦਾ ਸਾਂਗਪੋ ਨਦੀ ਦੇ ਹੇਠਲੇ ਇਲਾਕਿਆਂ ’ਚ ਪਣਬਿਜਲੀ ਪ੍ਰਾਜੈਕਟ ਦਾ ਮਕਸਦ ਸਵੱਛ ਊਰਜਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਅਤੇ ਜਲਵਾਯੂ ਬਦਲਾਅ ਤੇ ਅਤਿਅੰਤ ਹਾਈਡਰੋਲੌਜਿਕਲ ਆਫ਼ਤਾਂ ਦਾ ਟਾਕਰਾ ਕਰਨਾ ਹੈ।’’