ਬੀਪੀਐੱਸਸੀ ਪ੍ਰੀਖਿਆ: ਪ੍ਰਸ਼ਾਂਤ ਕਿਸ਼ੋਰ ਗ੍ਰਿਫ਼ਤਾਰੀ ਮਗਰੋਂ ਜੇਲ੍ਹ ’ਚੋਂ ਰਿਹਾਅ
ਪਟਨਾ, 6 ਜਨਵਰੀ
ਬਿਹਾਰ ਲੋਕ ਸੇਵਾ ਕਮਿਸ਼ਨ (ਬੀਪੀਐੱਸਸੀ) ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਸਤੇ ਪਟਨਾ ਦੇ ਗਾਂਧੀ ਮੈਦਾਨ ਵਿੱਚ ਮਰਨ ਵਰਤ ’ਤੇ ਬੈਠੇ ਜਨ ਸੁਰਾਜ ਪਾਰਟੀ ਦੇ ਮੋਢੀ ਪ੍ਰਸ਼ਾਂਤ ਕਿਸ਼ੋਰ ਨੂੰ ਅੱਜ ਸ਼ਾਮੀ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਜ਼ਮਾਨਤ ਲੈਣ ਤੋਂ ਇਨਕਾਰ ਕਰਨ ’ਤੇ ਪ੍ਰਸ਼ਾਂਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਦੋ ਘੰਟਿਆਂ ਮਗਰੋਂ ਰਿਹਾਅ ਕਰ ਦਿੱਤਾ। ਹਾਲਾਂਕਿ, ਇਹ ਫੌਰੀ ਪਤਾ ਨਹੀਂ ਚੱਲ ਸਕਿਆ ਕਿ ਪ੍ਰਸ਼ਾਂਤ ਨੇ ਅਦਾਲਤ ਵੱਲੋਂ ਲਾਈਆਂ ਸ਼ਰਤਾਂ ਨੂੰ ਸਵੀਕਾਰ ਕੀਤਾ ਹੈ ਜਾਂ ਅਦਾਲਤੀ ਹੁਕਮਾਂ ਵਿੱਚ ਸੋਧ ਕੀਤੀ ਗਈ ਹੈ। ਉਧਰ, ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਿਨਾਂ ਸ਼ਰਤਾਂ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਆਪਣਾ ‘ਸਤਿਆਗ੍ਰਹਿ’ ਜਾਰੀ ਰੱਖਣ ਦਾ ਵੀ ਐਲਾਨ ਕੀਤਾ। ਜਨ ਸੁਰਾਜ ਮੁਖੀ ਨੇ ਇਹ ਵੀ ਦਾਅਵਾ ਕੀਤਾ ਕਿ ਪੁਲੀਸ ਉਨ੍ਹਾਂ ਨੂੰ ਬਿਨਾਂ ਕਾਗਜ਼ਾਤ ਤੋਂ ਅਦਾਲਤ ਵਿੱਚ ਲੈ ਗਈ ਅਤੇ ਜੇਲ੍ਹ ਨਹੀਂ ਲਿਜਾਇਆ ਗਿਆ।
ਪ੍ਰਸ਼ਾਂਤ ਕਿਸ਼ੋਰ ’ਤੇ ਪਿਛਲੇ ਹਫ਼ਤੇ ਪਟਨਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗਾਂਧੀ ਮੈਦਾਨ ਵਿੱਚ ਮਰਨ ਵਰਤ ’ਤੇ ਬੈਠਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜਨ ਸੁਰਾਜ ਪਾਰਟੀ ਵਿੱਚ ਸਰਗਰਮ ਸੀਨੀਅਰ ਵਕੀਲ ਵਾਈਵੀ ਗਿਰੀ ਨੇ ਵੀ ਦਾਅਵਾ ਕੀਤਾ ਕਿ ਪ੍ਰਸ਼ਾਂਤ ਨੂੰ ਬਿਨਾਂ ਸ਼ਰਤ ਜ਼ਮਾਨਤ ਦਿੱਤੀ ਗਈ ਹੈ।
ਪ੍ਰਸ਼ਾਂਤ ਕਿਸ਼ੋਰ ਨੇ 2 ਜਨਵਰੀ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਪਟਨਾ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਉਨ੍ਹਾਂ ਦਾ ਧਰਨਾ ‘ਗ਼ੈਰਕਾਨੂੰਨੀ’ ਸੀ ਕਿਉਂਕਿ ਉਹ ਪਾਬੰਦੀਸ਼ੁਦਾ ਸਥਾਨ ਗਰਦਨੀ ਬਾਗ਼ ਨੇੜੇ ਧਰਨਾ ਦੇ ਰਹੇ ਸਨ। -ਪੀਟੀਆਈ