ਬੀਪੀਕੇਐੱਮ ਦੇ ਅਹੁਦੇਦਾਰਾਂ ਵੱਲੋਂ ਰਜਿਸਟਰਾਰ ਨਾਲ ਮੁਲਾਕਾਤ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 2 ਫਰਵਰੀ
ਭਾਰਤੀ ਪੱਤਰਕਾਰ ਕਲਿਆਣ ਮੰਚ ਰਜਿ. ਦੇ ਕੌਮੀ ਪ੍ਰਧਾਨ ਪਵਨ ਆਸ਼ਰੀ ਦੀ ਅਗਵਾਈ ਹੇਠ, ਮੰਚ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਦੁੱਗਲ, ਹਰਿਆਣਾ ਸੂਬਾਈ ਸਕੱਤਰ ਵਿਕਾਸ ਬਤਾਨ, ਸੀਨੀਅਰ ਮੈਂਬਰ ਸੇਵਾ ਸਿੰਘ ਅਤੇ ਰਾਜਰਾਣੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਵ-ਨਿਯੁਕਤ ਰਜਿਸਟਰਾਰ ਵਰਿੰਦਰ ਪਾਲ ਦਾ ਸਨਮਾਨ ਕੀਤਾ। ਇਸ ਦੌਰਾਨ, ਮੰਚ ਦੇ ਅਹੁਦੇਦਾਰਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਸਬੰਧਤ ਪੱਤਰਕਾਰਾਂ ਦੀਆਂ ਕੁਝ ਵਿਸ਼ੇਸ਼ ਮੰਗਾਂ ਵੀ ਉਨ੍ਹਾਂ ਸਾਹਮਣੇ ਰੱਖੀਆਂ, ਜਿਨ੍ਹਾਂ ਨੂੰ ਰਜਿਸਟਰਾਰ ਵਰਿੰਦਰ ਪਾਲ ਨੇ ਕੇਯੂਕੇ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੇ ਸਾਹਮਣੇ ਰੱਖਣ ਦਾ ਵਾਅਦਾ ਕੀਤਾ। ਵਫ਼ਦ ਨੇ ਰਜਿਸਟਰਾਰ ਵਰਿੰਦਰ ਪਾਲ ਅੱਗੇ ਮੰਗ ਰੱਖੀ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਅਧੀਨ ਆਉਂਦੇ ਕੇਯੂਕੇ ਕੈਂਪਸ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸ਼ਿਮਲਾ ਸਥਿਤ ਕੇਯੂਕੇ ਨਿਵਾਸ ਦੇ ਕਮਰੇ ਹਰਿਆਣਾ ਸਰਕਾਰ ਦੇ ਨਿਯਮਾਂ ਅਨੁਸਾਰ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਆਦਿ ਦੀ ਤਰਜ਼ ‘ਤੇ ਹਰਿਆਣਾ ਦੇ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵਿਸ਼ੇਸ਼ ਰਿਆਇਤੀ ਦਰਾਂ ‘ਤੇ ਦਿੱਤੇ ਜਾਣੇ ਚਾਹੀਦੇ ਹਨ।
ਇਹ ਧਿਆਨਯੋਗ ਹੈ ਕਿ ਹਰਿਆਣਾ ਦੇ ਸਾਰੇ ਸਰਕਾਰੀ ਰੈਸਟ ਹਾਊਸਾਂ, ਹਿਮਾਚਲ ਦੀ ਰਾਜਧਾਨੀ ਸ਼ਿਮਲਾ ਸਥਿਤ ਬਨਮੌਰ ਰੈਸਟ ਹਾਊਸ ਅਤੇ ਉਤਰਾਖੰਡ ਦੇ ਮੰਸੂਰੀ ਸਥਿਤ ਸਰਕਾਰੀ ਰੈਸਟ ਹਾਊਸ ਵਿੱਚ, ਹਰਿਆਣਾ ਦੇ ਸਾਰੇ ਮਾਨਤਾਪ੍ਰਾਪਤ ਪੱਤਰਕਾਰਾਂ ਨੂੰ ਸੂਬਾਈ ਪੱਧਰ ’ਤੇ ਵਿਸ਼ੇਸ਼ ਸਸਤੇ ਰੇਟਾਂ ’ਤੇ ਸਬੰਧਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਅੱਜ ਤੱਕ ਵੀ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪੱਤਰਕਾਰਾਂ ਨੂੰ ਸਸਤੇ ਰੇਟਾਂ ਸਬੰਧੀ ਕੋਈ ਰਿਆਇਤ ਨਹੀਂ ਦਿੱਤੀ ਜਾ ਰਹੀ। ਮੰਚ ਦੇ ਵਫ਼ਦ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਚਾਂਸਲਰ ਤੇ ਹਰਿਆਣਾ ਦੇ ਰਾਜਪਾਲ ਅਤੇ ਕੇਯੂਕੇ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੂੰ ਸਕਾਰਾਤਮਕ ਪੱਤਰਕਾਰੀ ਦੇ ਹਿੱਤ ਵਿੱਚ ਸਬੰਧਤ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਹੈ।