ਪੀਸੀਐੱਸ ਦੇ ਨਤੀਜੇ ’ਚ ਪਹਿਲੇ ਤਿੰਨ ਸਥਾਨਾਂ ’ਤੇ ਮੁੰਡੇ ਕਾਬਜ਼
ਪੱਤਰ ਪ੍ਰੇਰਕ
ਪਟਿਆਲਾ, 21 ਦਸੰਬਰ
ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਰਜਿਸਟਰ ਏ-2 ਤੇ ‘ਸੀ’ ਦੇ ਐਲਾਨੇ ਨਤੀਜਿਆਂ ਵਿੱਚ ਲੜਕਿਆਂ ਦੀ ਝੰਡੀ ਰਹੀ। ਰਜਿਸਟਰ ਏ-2 ਦੀਆਂ 21 ਅਸਾਮੀਆਂ ਲਈ ਐਲਾਨੇ ਨਤੀਜਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕਿਆਂ ਨੇ ਹਾਸਲ ਕੀਤੀਆਂ ਜਦਕਿ ਚੌਥੇ ਸਥਾਨ ’ਤੇ ਲੜਕੀ ਕਾਬਜ਼ ਰਹੀ। ਪੰਜਵੇਂ ਸਥਾਨ ਤੋਂ ਅਗਲੀਆਂ ਸਾਰੀਆਂ ਪੁਜ਼ੀਸ਼ਨਾਂ ਵੀ ਲੜਕਿਆਂ ਨੇ ਹੀ ਹਾਸਲ ਕੀਤੀਆਂ ਹਨ। ਪੀਪੀਐੱਸਸੀ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਰਜਿਸਟਰ ਏ-2 ਤਹਿਤ ਪੀਸੀਐੱਸ ਦੀਆਂ 21 ਅਤੇ ਪੀਸੀਐੱਸ ਰਜਿਸਟਰ ‘ਸੀ’ ਤਹਿਤ ਪੰਜ ਅਸਾਮੀਆਂ ਲਈ ਅੱਜ ਅੰਤਿਮ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਅਸਾਮੀਆਂ ਲਈ ਕੁੱਲ 957 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਦਾ ਸਾਂਝਾ ਸਕ੍ਰੀਨਿੰਗ ਟੈਸਟ ਇਸ ਸਾਲ 14 ਜੁਲਾਈ ਵਿੱਚ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੈਰਿਟ ਸੂਚੀ ਪੀਪੀਐੱਸਸੀ ਦੀ ਅਧਿਕਾਰਤ ਵੈੱਬਸਾਈਟ ’ਤੇ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੀਪੀਐੱਸਸੀ ਨੇ ਪੂਰੀ ਭਰਤੀ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹੀ ਹੈ।
ਸ੍ਰੀ ਔਲਖ ਨੇ ਦੱਸਿਆ ਕਿ ਅਮਨਦੀਪ ਸਿੰਘ ਮਾਵੀ ਪਹਿਲੇ, ਗੁਰਕਿਰਨਦੀਪ ਸਿੰਘ ਦੂਜੇ, ਜਸਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ, ਜਦੋਂਕਿ ਚੌਥਾ ਸਥਾਨ ਰੁਪਾਲੀ ਟੰਡਨ ਨੇ ਹਾਸਲ ਕੀਤਾ ਹੈ। ਇਸੇ ਤਰ੍ਹਾਂ ਜੁਗਰਾਜ ਸਿੰਘ ਕਾਹਲੋਂ ਪੰਜਵੇਂ, ਪਰਮਜੀਤ ਸਿੰਘ ਛੇਵੇਂ, ਖੁਸ਼ਪ੍ਰੀਤ ਸਿੰਘ ਸੱਤਵੇਂ, ਕੁਲਦੀਪ ਸਿੰਘ ਅੱਠਵੇਂ, ਰਮਨਜੀਤ ਸਿੰਘ ਨੌਵੇਂ, ਅਮਨਦੀਪ ਸਿੰਘ ਦਸਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਪੀਸੀਐੱਸ ਰਜਿਸਟਰ ‘ਸੀ’ ਅਧੀਨ ਐਲਾਨੇ ਨਤੀਜਿਆਂ ਵਿੱਚ ਪੰਜ ਉਮਦੀਵਾਰਾਂ ਨੇ ਆਪਣੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਨ੍ਹਾਂ ਵਿੱਚ ਕ੍ਰਮਵਾਰ ਨਵਦੀਪ ਸਿੰਘ, ਹਰਪ੍ਰੀਤ ਸਿੰਘ, ਵਿਕਰਮਜੀਤ, ਰੋਹਿਤ ਜਿੰਦਲ ਤੇ ਕਰਨਵੀਰ ਸਿੰਘ ਸ਼ਾਮਲ ਹਨ।
ਪੂਹਲਾ ਦੇ ਗੁਰਕਿਰਨਦੀਪ ਨੇ ਦੂਜਾ ਸਥਾਨ ਮੱਲ੍ਹਿਆ
ਨਥਾਣਾ (ਭਗਵਾਨ ਦਾਸ ਗਰਗ): ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਗਏ ਪੀਸੀਐੱਸ (ਐਗਜ਼ੀਕਿਊਟਿਵ) ਦੇ ਨਤੀਜੇ ਵਿੱਚੋਂ ਗੁਰਕਿਰਨਦੀਪ ਸਿੰਘ ਨੇ ਸੂਬੇ ਭਰ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਲਾਗਲੇ ਪਿੰਡ ਪੂਹਲਾ ਦਾ ਵਸਨੀਕ ਹੈ ਅਤੇ ਮੌਜੂਦਾ ਸਮੇਂ ਆਬਕਾਰੀ ਤੇ ਕਰ ਵਿਭਾਗ ਬਠਿੰਡਾ ’ਚ ਸੁਪਰਡੈਟ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਜੁਲਾਈ 2024 ਵਿੱਚ 26 ਪੋਸਟਾਂ ਲਈ ਟੈਸਟ ਲਿਆ ਸੀ। ਇਸ ਵਿੱਚ ਮੈਰਿਟ ਦੇ ਆਧਾਰ ’ਤੇ ਪ੍ਰੀਖਿਆਰਥੀਆਂ ਦੇ ਸਰਵਿਸ ਰਿਕਾਰਡ ਦੀ ਵੈਰੀਫ਼ਿਕੇਸ਼ਨ ਕਰ ਕੇ 17 ਤੋਂ 20 ਦਸੰਬਰ ਤੱਕ ਇੰਟਰਵਿਊ ਲਈ ਗਈ ਸੀ ਅਤੇ ਬੀਤੀ ਦੇਰ ਸ਼ਾਮ ਆਏ ਨਤੀਜੇ ’ਚ ਗੁਰਕਿਰਨ ਸਿੰਘ ਨੂੰ ਸੂਬੇ ਭਰ ਵਿੱਚੋਂ ਦੂਜਾ ਸਥਾਨ ਮਿਲਿਆ। ਉਸ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪ੍ਰੀਖਿਆ ਦੀ ਸਫ਼ਲਤਾ ਲਈ ਗੁਰਕਿਰਨਦੀਪ ਸਿੰਘ ਨੂੰ ਦੋਸਤਾਂ, ਮਿੱਤਰਾਂ, ਸਹਿਕਰਮੀਆਂ ਅਤੇ ਪਰਿਵਾਰ ਵਾਲਿਆਂ ਦਾ ਭਰਵਾਂ ਸਹਿਯੋਗ ਰਿਹਾ। ਉਨ੍ਹਾਂ ਦੇ ਘਰ ਅੱਜ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਰਿਹਾ।
ਰਾਕੇਸ਼ ਬੋਹਾ ਪੀਸੀਐੱਸ ਅਫ਼ਸਰ ਬਣੇ
ਮਾਨਸਾ: ਮਾਨਸਾ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਕੇਸ਼ ਬੋਹਾ ਪਬਲਿਕ ਸਰਵਿਸਜ਼ ਕਮਿਸ਼ਨ ਦੀ ਪ੍ਰੀਖਿਆ ਪਾਸ ਕਰ ਕੇ ਪੀਸੀਐੱਸ ਅਫ਼ਸਰ ਬਣ ਗਏ ਹਨ। ਬੀਤੀ ਕੱਲ੍ਹ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਵੇਂ ਨਿਯੁਕਤ ਹੋਏ ਪੀ.ਸੀ.ਐਸ ਅਫ਼ਸਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। -ਪੱਤਰ ਪ੍ਰੇਰਕ