ਪ੍ਰਿੰ. ਸਰਵਣ ਸਿੰਘ ਸੋਨੀ ਲਿਸਟਨ ਨੂੰ ਬੌਕਸਿੰਗ ਦਾ ‘ਬਿੱਗ ਬੀਅਰ’ ਕਿਹਾ ਜਾਂਦਾ ਸੀ। ਉਹ ਮੁੱਕੇਬਾਜ਼ੀ ਦਾ ਵਿਲੱਖਣ ਵਿਸ਼ਵ ਚੈਂਪੀਅਨ ਸੀ। ਜੁਰਮ ਕਰਨੇ ਤੇ ਜੇਲ੍ਹ ਜਾਣਾ ਉਸ ਦੀ ਆਦਤ ਸੀ। ਮੁੱਕੇਬਾਜ਼ੀ ਦੀ ਮੁੱਢਲੀ ਸਿਖਲਾਈ ਵੀ ਉਸ ਨੂੰ ਜੇਲ੍ਹ ਵਿੱਚ ਹੀ ਮਿਲੀ ਸੀ। 25 ਸਤੰਬਰ 1962 ਨੂੰ ਉਹ ਹੈਵੀਵੇਟ ਵਿਸ਼ਵ ਚੈਂਪੀਅਨ ਫਲੋਏਡ ਪੈਟਰਸਨ ਨੂੰ ਨਾਕ ਆਊਟ ਕਰ ਕੇ ਵਿਸ਼ਵ ਚੈਂਪੀਅਨ ਬਣਿਆ ਸੀ। ਇਹ ਪਹਿਲਾ ਮੌਕਾ ਸੀ ਕਿ ਕੋਈ ਮੌਜੂਦਾ ਹੈਵੀਵੇਟ ਵਿਸ਼ਵ ਚੈਂਪੀਅਨ ਤਿੰਨ ਮਿੰਟ ਤੋਂ ਵੀ ਘੱਟ ਸਮੇਂ ’ਚ ਕਿਸੇ ਨਵੇਂ ਮੁੱਕੇਬਾਜ਼ ਹੱਥੋਂ ਨਾਕ ਆਊਟ ਹੋ ਗਿਆ ਹੋਵੇ!1963 ਵਿੱਚ ਲਿਸਟਨ ਦੁਬਾਰਾ ਵਿਸ਼ਵ ਚੈਂਪੀਅਨ ਬਣਿਆ। 17 ਮਹੀਨੇ ਵਿਸ਼ਵ ਟਾਈਟਲ ਉਹਦੇ ਪਾਸ ਰਿਹਾ। ਤੀਜੀ ਵਾਰ ਦਾ ਮੁਕਾਬਲਾ ਉਹ 25 ਸਤੰਬਰ 1964 ਨੂੰ ਕੈਸੀਅਸ ਕਲੇਅ ਤੋਂ ਹਾਰ ਗਿਆ। ਉਦੋਂ ਕੈਸੀਅਸ ਕਲੇਅ ਰੋਮ ਓਲੰਪਿਕਸ ਦਾ ਚੈਂਪੀਅਨ ਸੀ, ਪਰ ਅਜੇ ਮੁਸਲਮਾਨ ਬਣ ਕੇ ਮੁਹੰਮਦ ਅਲੀ ਨਹੀਂ ਸੀ ਬਣਿਆ। ਸੋਨੀ ਲਿਸਟਨ ਦੀ ਬਦਕਿਸਮਤੀ ਵੇਖੋ ਕਿ ਉਹ ਜੁਰਮਾਂ ਦੀਆਂ ਸਜ਼ਾਵਾਂ ਭੁਗਤਦਾ ਕੇਵਲ ਚਾਲੀ ਸਾਲ ਹੀ ਜਿਉਂ ਸਕਿਆ। ਉਹਦੀ ਮੌਤ ਭੇਤ ਭਰੀ ਹਾਲਤ ਵਿੱਚ ਹੋਈ ਜਿਸ ਬਾਰੇ ਬੜਾ ਕੁਝ ਕਿਹਾ ਤੇ ਲਿਖਿਆ ਗਿਆ।ਉਹਦਾ ਜਨਮ 8 ਮਈ 1932 ਨੂੰ ਸੇਂਟ ਫਰਾਂਸਿਸ ਕਾਉਂਟੀ, ਅਰਕਾਂਸਸ, ਅਮਰੀਕਾ ਵਿੱਚ ਟੋਬ ਲਿਸਟਨ ਦੇ ਘਰ ਹੈਲਨ ਬਾਸਕਿਨ ਦੀ ਕੁਖੋਂ ਹੋਇਆ। ਹੈਲਨ, ਟੋਬ ਲਿਸਟਨ ਤੋਂ 30 ਸਾਲ ਛੋਟੀ ਸੀ। ਸੋਨੀ 26 ਭੈਣ ਭਰਾਵਾਂ ’ਚ 25ਵਾਂ ਬੱਚਾ ਸੀ। ਏਨੇ ਭੈਣ ਭਰਾਵਾਂ ਦਾ ਹੋਣਾ ਹੈਰਾਨੀ ਪ੍ਰਗਟ ਕਰਦਾ ਹੈ, ਪਰ ਪੂਰਾ ਵੇਰਵਾ ਪੜ੍ਹ ਕੇ ਹੈਰਾਨੀ ਘਟ ਸਕਦੀ ਹੈ। ਹਾਂ, ਇਹ ਤੱਥ ਜ਼ਰੂਰ ਹੈਰਾਨੀ ਪ੍ਰਗਟ ਕਰਦਾ ਹੈ ਕਿ ਅਜਿਹੇ ਪਿਛੋਕੜ ਵਾਲਾ ਬੱਚਾ ਵੀ ਵਿਸ਼ਵ ਚੈਂਪੀਅਨ ਬਣ ਸਕਦਾ ਹੈ!ਉਸ ਦਾ ਜਮਾਂਦਰੂ ਨਾਂ ਚਾਰਲਸ ਲਿਸਟਨ ਸੀ। ਕੋਈ ਉਸ ਦੀ ਜਨਮ ਮਿਤੀ 1932 ਦੀ ਮੰਨਦਾ ਹੈ, ਕੋਈ 1930 ਦੀ ਤੇ ਕੋਈ ਉਸ ਤੋਂ ਵੀ ਪਹਿਲਾਂ ਦੀ। ਵੇਖਣ ਨੂੰ ਉਹ 1930 ਤੋਂ ਪਹਿਲਾਂ ਦਾ ਹੀ ਜੰਮਿਆ ਲੱਗਦਾ ਸੀ। 1965 ਤੱਕ ਅਮਰੀਕਾ ਦੀ ਅਰਕਾਂਸਸ ਸਟੇਟ ਵਿੱਚ ਬੱਚਿਆਂ ਦੇ ਜਨਮ ਸਰਟੀਫਿਕੇਟ ਬਣਵਾਉਣੇ ਲਾਜ਼ਮੀ ਨਹੀਂ ਸਨ। ਸੋਨੀ ਲਿਸਟਨ ਨੇ ਖ਼ੁਦ ਦੱਸਿਆ ਸੀ ਕਿ ਉਸ ਕੋਲ ਆਪਣੀ ਜਨਮ ਮਿਤੀ ਦਾ ਸਰਟੀਫਿਕੇਟ ਨਹੀਂ, ਪਰ ਉਹ ਆਪਣਾ ਜਨਮ 8 ਮਈ 1932 ਨੂੰ ਹੋਇਆ ਮੰਨਦਾ ਹੈ। ਮਰਦਮਸ਼ੁਮਾਰੀ ਦੇ ਰਿਕਾਰਡ ਮੁਤਾਬਿਕ ਸੋਨੀ ਲਿਸਟਨ ਦਾ ਜਨਮ 22 ਜੁਲਾਈ 1930 ਨੂੰ ਹੋਇਆ ਹੀ ਵਧੇਰੇ ਮਾਨਤਾ ਪ੍ਰਾਪਤ ਹੈ। ਉਹਦਾ ਦੇਹਾਂਤ 30 ਦਸੰਬਰ 1970 ਨੂੰ ਲਾਸ ਵੇਗਾਸ ਵਿਖੇ ਹੋਇਆ, ਪਰ ਉਸ ਦਾ ਪਤਾ 7 ਜਨਵਰੀ 1971 ਨੂੰ ਲੱਗਾ। ਕੋਈ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼, ਕੋਈ ਖ਼ੁਦਕੁਸ਼ੀ ਤੇ ਕੋਈ ਕਤਲ ਕਹਿੰਦਾ ਰਿਹਾ।ਸੋਨੀ ਦਾ ਰੰਗ ਸਾਂਵਲਾ ਸੀ, ਵਾਲ ਛੱਲੇਦਾਰ, ਦੰਦ ਚਿੱਟੇ ਮੋਤੀਆਂ ਵਰਗੇ ਤੇ ਜੁੱਸਾ ਮਸਕੁਲਰ ਸੀ। ਕੱਦ 6 ਫੁੱਟ 1 ਇੰਚ, ਭਾਰ 215 ਪੌਂਡ, ਨੱਕ ਮੋਟਾ ਤੇ ਨਾਸਾਂ ਚੌੜੀਆਂ ਸਨ। ਹੱਥਾਂ ਦੀਆਂ ਉਂਗਲਾਂ ਵੀ ਅੰਗੂਠਿਆਂ ਵਾਂਗ ਮੋਟੀਆਂ ਸਨ। ਜਦੋਂ ਮੁੱਠਾਂ ਮੀਚਦਾ ਤਾਂ ਉਹਦੇ ਮੁੱਕੇ ਲੋਹੇ ਦੇ ਗੋਲੇ ਲੱਗਦੇ। ਪੇਸ਼ੇਵਰ ਮੁੱਕੇਬਾਜ਼ ਵਜੋਂ ਉਸ ਨੇ 54 ਭੇੜ ਭਿੜੇ ਜਿਨ੍ਹਾਂ ’ਚੋਂ 50 ਜਿੱਤੇ, 4 ਹਾਰੇ। ਉਨ੍ਹਾਂ ’ਚੋਂ 39 ਵਿਰੋਧੀ ਨੂੰ ਨਾਕ ਆਊਟ ਕਰ ਕੇ ਜਿੱਤੇ।ਸੋਨੀ ਦੇ ਮਾਪੇ ਮੁਜਾਰੇ ਕਿਸਾਨ ਸਨ ਜੋ ਗਰੀਬੀ ਦਾ ਜੀਵਨ ਗੁਜ਼ਾਰਦੇ ਸਨ। ਉਹ 1916 ਵਿੱਚ ਮਿਸੀਸਿਪੀ ਤੋਂ ਅਰਕਾਂਸਸ ਆ ਗਏ ਸਨ। ਅਰਕਾਂਸਸ ਸਟੇਟ ਵਿੱਚ ਉਹ ਜੌਹਨਸਨ ਟਾਊਨਸ਼ਿਪ ਨੇੜੇ ਸੇਂਟ ਫਰਾਂਸਿਸ ਕਾਊਂਟੀ ’ਚ ਰਹਿੰਦੇ ਸਨ। ਸੋਨੀ ਦਾ ਪਿਓ ਟੋਬ ਲਿਸਟਨ ਉਦੋਂ ਪੰਜਾਹ ਸਾਲਾਂ ਦੇ ਨੇੜੇ ਸੀ ਜਦੋਂ ਕਿ ਉਹਦੀ ਪਤਨੀ ਹੈਲਨ ਬਾਸਕਿਨ ਵੀਹ ਸਾਲਾਂ ਤੋਂ ਵੀ ਘੱਟ ਸੀ। ਉਦੋਂ ਉਨ੍ਹਾਂ ਦਾ ਦੂਜਾ ਵਿਆਹ ਹੋਇਆ ਸੀ। ਹੈਲਨ ਕੋਲ ਪਹਿਲੇ ਵਿਆਹ ਦਾ 1 ਬੱਚਾ ਸੀ ਜਦ ਕਿ ਟੋਬ ਲਿਸਟਨ ਕੋਲ ਪਹਿਲੇ ਵਿਆਹ ਦੇ 13 ਬੱਚੇ ਸਨ। ਦੂਜੇ ਵਿਆਹ ’ਚੋਂ ਉਨ੍ਹਾਂ ਦੇ 12 ਬੱਚੇ ਹੋਰ ਪੈਦਾ ਹੋਏ ਜਿਨ੍ਹਾਂ ’ਚ ਸੋਨੀ 11ਵੇਂ ਥਾਂ ਜੰਮਿਆ। ਇੰਜ 26 ਭੈਣ ਭਰਾਵਾਂ ’ਚ ਉਹ 25ਵੇਂ ਨੰਬਰ ’ਤੇ ਸੀ। ਏਡਾ ਵੱਡਾ ਪਰਿਵਾਰ ਕਿਵੇਂ ਪਲਦਾ ਤੇ ਰਹਿੰਦਾ ਹੋਵੇਗਾ, ਅੰਦਾਜ਼ਾ ਆਪੇ ਲਾਇਆ ਜਾ ਸਕਦਾ ਹੈ।ਟੋਬ ਲਿਸਟਨ ਸਖ਼ਤ ਸੁਭਾਅ ਦਾ ਸ਼ਰਾਬੀ ਬਾਪ ਸੀ। ਉਹ ਅਕਸਰ ਨਿਆਣਿਆਂ ਨੂੰ ਕੁੱਟਦਾ ਰਹਿੰਦਾ। ਸੋਨੀ ਨੂੰ ਸਗੋਂ ਵਧੇਰੇ ਕੁੱਟਦਾ ਮਾਰਦਾ। ਬਾਪ ਦੀ ਕੁੱਟ-ਮਾਰ ਦੇ ਦਾਗ ਸੋਨੀ ਦੇ ਪਿੰਡੇ ’ਤੇ ਦਹਾਕਿਆਂ ਤੱਕ ਦਿਸਦੇ ਰਹੇ। ਸ਼ਾਇਦ ਇਹ ਬਚਪਨ ਤੇ ਅੱਲ੍ਹੜ ਅਵਸਥਾ ਦੀ ਕੁੱਟ-ਮਾਰ ਹੀ ਸੀ ਜਿਸ ਨੇ ਸੋਨੀ ਨੂੰ ਜੁਰਮਾਂ ਦੀ ਦੁਨੀਆ ’ਚ ਦਾਖਲ ਕਰਵਾਇਆ। ਪਹਿਲਾਂ ਉਹ ਜੇਲ੍ਹ ਜਾਣ ਵਾਲਾ ਸਾਧਾਰਨ ਮੁਜ਼ਰਮ ਬਣਿਆ, ਫਿਰ ਖ਼ਾਸ। ਖ਼ਾਸ ਗੱਲ ਇਹ ਕਿ ਉਹ ਜੇਲ੍ਹ ’ਚ ਹੀ ਮੁੱਕੇਬਾਜ਼ੀ ਸਿੱਖ ਕੇ ਵਿਸ਼ਵ ਚੈਂਪੀਅਨ ਬਣਿਆ।1946 ਵਿੱਚ ਸੋਨੀ ਦੀ ਮਾਂ ਵੱਡੇ ਬੱਚਿਆਂ ਨੂੰ ਲੈ ਕੇ ਫੈਕਟਰੀਆਂ ’ਚ ਕੰਮ ਕਰਨ ਸੇਂਟ ਲੂਈਸ ਚਲੀ ਗਈ। ਸੋਨੀ ਦੀ ਉਮਰ ਉਦੋਂ ਚੌਦਾਂ ਕੁ ਸਾਲਾਂ ਦੀ ਸੀ। ਉਹ ਹੋਰ ਕੁੱਟ ਖਾਣ ਲਈ ਪਿਓ ਪਾਸ ਹੀ ਰਿਹਾ। ਅਗਲੇ ਸਾਲ ਉਹ ਵੀ ਕਿਰਾਏ ਜੋਗੇ ਪੈਸੇ ’ਕੱਠੇ ਕਰ ਕੇ ਮਾਂ ਕੋਲ ਚਲਾ ਗਿਆ। ਸੇਂਟ ਲੂਈਸ ਵਿੱਚ ਉਸ ਨੂੰ ਸਕੂਲੇ ਪੜ੍ਹਨੇ ਪਾਇਆ ਗਿਆ, ਪਰ ਉਹ ਪੜ੍ਹਾਈ ’ਚ ਚੱਲ ਨਾ ਸਕਿਆ। ਸਕੂਲ ਦੀ ਥਾਂ ਉਹ ਬਦਮਾਸ਼ਾਂ ਨਾਲ ਰਲ ਕੇ ਜੁਰਮਾਂ ਦੀ ਦੁਨੀਆ ’ਚ ਦਾਖਲ ਹੋ ਗਿਆ।ਇੱਕ ਗੈਂਗ ਨੇ ਤਕੜਾ ਕੱਦ-ਕਾਠ ਵੇਖਦਿਆਂ ਉਹਨੂੰ ਆਪਣਾ ਆਗੂ ਬਣਾ ਲਿਆ। ਉਹ ਲੁੱਟਾਂ-ਖੋਹਾਂ ਕਰਦੇ ਡਾਕੇ ਮਾਰਨ ਲੱਗੇ। ਇੱਕ ਡਾਕੇ ’ਚ ਉਹਦੀ ਪੀਲੀ ਸ਼ਰਟ ਸੋਨੀ ਦੀ ਪਛਾਣ ਬਣ ਗਈ। ਸੇਂਟ ਲੂਈਸ ਦੀ ਪੁਲੀਸ ਨੇ ਉਹਦਾ ਨਾਂ ਹੀ ‘ਯੈਲੋ ਸ਼ਰਟ ਬੈਂਡਿਟ’ ਰੱਖ ਲਿਆ। ਜਨਵਰੀ 1950 ਵਿੱਚ ਉਸ ਨੂੰ ਇੱਕ ਡਾਕੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਉਦੋਂ ਉਸ ਨੇ ਆਪਣੀ ਉਮਰ 20 ਸਾਲ ਦੀ ਥਾਂ 18 ਸਾਲ ਦੱਸੀ। ਉਸ ’ਤੇ ਚਾਰਜ ਲੱਗੇ, ਮੁਕੱਦਮਾ ਚੱਲਿਆ ਜਿਸ ’ਚ 5 ਸਾਲ ਕੈਦ ਮਿਲੀ। 1 ਜੂਨ 1950 ਨੂੰ ਉਹ ਮਿਸਊਰੀ ਸਟੇਟ ਦੀ ਮੁਜ਼ਰਮ ਸੁਧਾਰ ਜੇਲ੍ਹ ਵਿੱਚ ਕੈਦ ਕੱਟਣ ਲੱਗਾ। ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਯਾਤਰਾ ਕਰ ਚੁੱਕਾ ਸੀ ਤੇ ਮੁੱਕੇਬਾਜ਼ੀ ਦੇ ਮੁੱਢਲੇ ਗੁਰ ਸਿੱਖ ਚੁੱਕਾ ਸੀ।ਮਿਸਊਰੀ ਸਟੇਟ ਦੀ ਸਖ਼ਤ ਜੇਲ੍ਹ ’ਚ ਉਹ ਸਾਊ ਕੈਦੀ ਬਣਿਆ ਰਿਹਾ। ਜੇਲ੍ਹ ਦੇ ਅਥਲੈਟਿਕ ਡਾਇਰੈਕਟਰ ਆਰ.ਏ. ਸਟੀਵਨਜ਼ ਨੇ ਸੋਨੀ ਲਿਸਟਨ ਦਾ ਕੱਦ-ਕਾਠ ਵੇਖ ਕੇ ਉਸ ਨੂੰ ਚੈਂਪੀਅਨ ਮੁੱਕੇਬਾਜ਼ ਬਣਨ ਦੀ ਸਲਾਹ ਦਿੱਤੀ। ਸਟੀਵਨਜ਼ ਧਰਮੀ ਬੰਦਾ ਸੀ ਜੋ ਉਸ ਨੂੰ ਸੁਧਾਰਨਾ ਤੇ ਨੇਕ ਇਨਸਾਨ ਬਣਾਉਣਾ ਚਾਹੁੰਦਾ ਸੀ। ਉਸ ਨੇ ਲਿਸਟਨ ਨੂੰ ਪ੍ਰਖਣ ਲਈ ਮੁੱਕੇਬਾਜ਼ੀ ਦਾ ਮੁਕਾਬਲਾ ਰੱਖ ਲਿਆ। ਉਸ ਸਮੇਂ ਹੈਵੀਵੇਟ ਮੁਕਾਬਲਿਆਂ ਵਿੱਚ ਮੁੱਕੇਬਾਜ਼ ਠਰੂਮੈਨ ਵਿਲਸਨ ਦਾ ਬੜਾ ਨਾਂ ਸੀ। ਦੋਹਾਂ ’ਚ ਸਖ਼ਤ ਮੁਕਾਬਲਾ ਸ਼ੁਰੂ ਹੋਇਆ। ਵੇਖਣ ਵਾਲੇ ਸੋਚਦੇ ਸਨ ਕਿ ਮੁਕਾਬਲਾ ਇਕਪਾਸੜ ਹੀ ਹੋਵੇਗਾ, ਪਰ ਦੂਜੇ ਰਾਊਂਡ ’ਚ ਹੀ ਵਿਲਸਨ ਦੀਆਂ ਚੀਕਾਂ ਨਿਕਲ ਗਈਆਂ ਤੇ ਉਹ ਦੁਹਾਈਆਂ ਦੇਣ ਲੱਗਾ, ‘ਮੈਨੂੰ ਰਿੰਗ ’ਚੋਂ ਬਾਹਰ ਕੱਢੋ, ਨਹੀਂ ਤਾਂ ਇਹ ਰਿੱਛ ਮੈਨੂੰ ਮਾਰ ਸੁੱਟੇਗਾ!’ਹੋਣਹਾਰ ਮੁੱਕੇਬਾਜ਼ ਸਿੱਧ ਹੋਣ ਕਾਰਨ 31 ਅਕਤੂਬਰ 1952 ਨੂੰ ਹੀ ਸੋਨੀ ਨੂੰ ਪੈਰੋਲ ਮਿਲ ਗਈ। ਜੇਲ੍ਹੋਂ ਬਾਹਰ ਨਿਕਲ ਕੇ ਕੁਝ ਸਮਾਂ ਉਸ ਨੇ ਸ਼ੌਕੀਆ ਮੁੱਕੇਬਾਜ਼ੀ ਕੀਤੀ। 6 ਮਾਰਚ 1953 ਨੂੰ ਉਸ ਨੇ 1952 ਦੀਆਂ ਓਲੰਪਿਕ ਖੇਡਾਂ ਦੇ ਹੈਵੀਵੇਟ ਚੈਂਪੀਅਨ ਸੈਂਡਰਜ਼ ਨੂੰ ਹਰਾ ਕੇ ਚੈਂਪੀਅਨਾਂ ਦਾ ਸ਼ਿਕਾਗੋ ਗੋਲਡਨ ਗਲੱਵਜ਼ ਟੂਰਨਾਮੈਂਟ ਜਿੱਤ ਲਿਆ। ਉਹਦੇ ਨਾਲ ਸੋਨੀ ਲਿਸਟਨ ਦੀ ਹੋਰ ਵੀ ਬੱਲੇ-ਬੱਲੇ ਹੋਈ। ਫਿਰ ਜਿਹੜਾ ਵੀ ਉਹਦੇ ਮੂਹਰੇ ਆਉਂਦਾ ਗਿਆ ਨਾਕ ਆਊਟ ਹੋ ਜਾਂਦਾ।23 ਜੂਨ 1953 ਨੂੰ ਸੇਂਟ ਲੂਈਸ ਦੇ ਸਾਰੇ ਵਜ਼ਨ ਵਰਗਾਂ ਦੇ ਗੋਲਡਨ ਗਲੱਵਜ਼ ਚੈਂਪੀਅਨ ਯੂਐੱਸਏ ਵੱਲੋਂ ਪੱਛਮੀ ਯੂਰਪ ਦੇ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸ਼ਾਮਲ ਹੋਏ। ਲਿਸਟਨ ਨੇ ਪੱਛਮੀ ਜਰਮਨੀ ਦੇ ਪ੍ਰਸਿੱਧ ਮੁੱਕੇਬਾਜ਼ ਹੈਰਮਨ ਨੂੰ 2:16 ਮਿੰਟਾਂ ਵਿੱਚ ਹੀ ਨਾਕ ਆਊਟ ਕਰ ਦਿੱਤਾ। ਉਹ ਯੂਰਪੀਨ ਚੈਂਪੀਅਨਸ਼ਿਪ ਦਾ ਮੈਡਲਿਸਟ ਸੀ। ਸ਼ੌਕੀਆ ਮੁੱਕੇਬਾਜ਼ੀ ਵਿੱਚ ਪੈਸੇ ਨਾ ਮਿਲਦੇ ਹੋਣ ਕਰਕੇ ਸੋਨੀ ਕਦੇ ਕਦੇ ਲੁੱਟ-ਮਾਰ ਫਿਰ ਵੀ ਕਰ ਲੈਂਦਾ। ਇਹ ਬਹਿਵਤ ਪਹਿਲਾਂ ਤਾਂ ਉਸ ਦਾ ਡੰਗ ਸਾਰਦੀ ਰਹੀ, ਪਰ ਬਾਅਦ ਵਿੱਚ ਉਹਦੇ ਵਾਰ ਵਾਰ ਜੇਲ੍ਹ ਜਾਣ ਦਾ ਕਾਰਨ ਵੀ ਬਣਦੀ ਰਹੀ।ਲਿਸਟਨ ਨੇ ਬਤੌਰ ਪੇਸ਼ੇਵਰ ਮੁੱਕੇਬਾਜ਼ ਪਹਿਲਾ ਭੇੜ 2 ਸਤੰਬਰ 1953 ਨੂੰ ਭਿੜਿਆ ਜਿਸ ਵਿੱਚ ਨਾਮੀ ਮੁੱਕੇਬਾਜ਼ ਡੌਨ ਸਮਿੱਥ ਨੂੰ ਪਹਿਲੇ ਰਾਊਂਡ ਵਿੱਚ ਹੀ ਨਾਕ ਆਊਟ ਕਰ ਦਿੱਤਾ। ਉਦੋਂ ਤੱਕ ਉਹਦਾ ਕੱਦ 6 ਫੁੱਟ 1 ਇੰਚ ਹੋ ਗਿਆ ਤੇ ਜੁੱਸਾ ਵੀ ਪੂਰਾ ਭਰ ਗਿਆ ਸੀ। ਉਹਦੀਆਂ ਮੁੱਠੀਆਂ ਦੀ ਗੁਲਾਈ 15 ਇੰਚ ਹੋ ਗਈ ਸੀ ਜੋ ਹੋਰਨਾਂ ਹੈਵੀਵੇਟ ਮੁੱਕੇਬਾਜ਼ਾਂ ਤੋਂ ਵੱਧ ਸੀ। ਉਸ ਦੀ ਮੁੱਕਾ ਮਾਰਨ ਦੀ ਪਹੁੰਚ ਵੀ ਸਭ ਤੋਂ ਵੱਧ 84 ਇੰਚ ਤੱਕ ਸੀ। 7 ਸਤੰਬਰ 1954 ਨੂੰ ਬੇਸ਼ੱਕ ਉਹ ਮਾਰਟੀ ਮਾਰਸ਼ਲ ਤੋ ਹਾਰਿਆ ਵੀ, ਪਰ 21 ਅਪ੍ਰੈਲ 1955 ਨੂੰ ਉਸ ਨੂੰ ਹਰਾਇਆ ਵੀ। ਉਨ੍ਹਾਂ ਵਿਚਕਾਰ ਤੀਜਾ ਮੁਕਾਬਲਾ 6 ਮਾਰਚ 1956 ਨੂੰ ਹੋਇਆ ਜੋ ਫਿਰ ਲਿਸਟਨ ਨੇ ਜਿੱਤਿਆ।5 ਮਈ 1956 ਨੂੰ ਲਿਸਟਨ ਇੱਕ ਪੁਲੀਸ ਮੁਲਾਜ਼ਮ ਨਾਲ ਝਗੜਾ ਕਰ ਬੈਠਾ। ਉਸ ਦੀ ਬੰਦੂਕ ਖੋਹ ਲਈ ਤੇ ਉਸ ਨੂੰ ਜ਼ਖ਼ਮੀ ਦਿੱਤਾ। ਉਸ ਜੁਰਮ ਬਦਲੇ ਲਿਸਟਨ ਨੂੰ 9 ਮਹੀਨਿਆਂ ਦੀ ਜੇਲ੍ਹ ਹੋਈ, ਪਰ 6 ਮਹੀਨਿਆਂ ਬਾਅਦ ਹੀ ਪੈਰੋਲ ’ਤੇ ਬਾਹਰ ਆ ਗਿਆ। ਫਿਰ ਉਹ ਸੇਂਟ ਲੂਈਸ ਛੱਡ ਕੇ ਫਿਲਾਡੈਲਫੀਆ ਚਲਾ ਗਿਆ। 1958 ’ਚ ਉਹ ਫਿਰ ਮੁੱਕੇਬਾਜ਼ੀ ’ਚ ਸਰਗਰਮ ਹੋ ਗਿਆ। ਉਸ ਸਾਲ ਉਸ ਨੇ 8 ਮੁਕਾਬਲੇ ਲੜੇ ਜਿਨ੍ਹਾਂ ’ਚੋਂ 6 ਨਾਕ ਆਊਟ ਨਾਲ ਜਿੱਤੇ। 1959 ’ਚ ਉਸ ਨੇ ਕਹਿੰਦੇ ਕਹਾਉਂਦੇ ਮੁੱਕੇਬਾਜ਼ਾਂ ਮਾਈਕ ਡੀਜੌਹਨ ਤੇ ਕਲੀਵਲੈਂਡ ਵਿਲੀਅਮਜ਼ ਵਰਗਿਆਂ ਦੀ ਗੋਡੀ ਲੁਆ ਦਿੱਤੀ। 1960 ’ਚ ਕਈ ਵੱਡੇ ਭੇੜ ਜਿੱਤੇ। 7 ਸਤੰਬਰ 1960 ਨੂੰ ਈਡੀ ਮੈਕਨ ਹਰਾਇਆ। ਹੁਣ ਉਹਦੇ ਮੂਹਰੇ ਗੋਰੇ ਰੰਗ ਦਾ ਹੈਵੀਵੇਟ ਵਿਸ਼ਵ ਚੈਂਪੀਅਨ ਫਲੋਇਡ ਪੈਟਰਸਨ ਸੀ ਜੋ ਸਾਂਵਲੀ ਨਸਲ ਦੇ ਲਿਸਟਨ ਦੇ ਮੁਜ਼ਰਮਾਨਾ ਕਾਰਿਆਂ ਤੋਂ ਕੰਨ ਭੰਨਦਾ ਸੀ, ਪਰ ਮੀਡੀਆ ਗੋਰੇ-ਕਾਲੇ ਦੀ ਫਾਈਟ ਲਈ ‘ਚੁੱਕ’ ਦੇ ਰਿਹਾ ਸੀ।ਜਨਵਰੀ 1962 ਵਿੱਚ ਪੈਟਰਸਨ ਸਲਾਹ ਲੈਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐੱਫ ਕੈਨੇਡੀ ਨੂੰ ਮਿਲਿਆ। ਕੈਨੇਡੀ ਨੇ ਵੀ ਸਲਾਹ ਦਿੱਤੀ ਕਿ ਉਹ ਮੁਜ਼ਰਮ ਮੁੱਕੇਬਾਜ਼ ਨਾਲ ਨਾ ਲੜੇ, ਪਰ ਉਨ੍ਹਾਂ ਦਾ ਮੁਕਾਬਲਾ ਟਾਲਿਆ ਨਾ ਜਾ ਸਕਿਆ। ਇੰਜ ਸੋਨੀ ਲਿਸਟਨ 25 ਸਤੰਬਰ 1962 ਨੂੰ ਉਦੋਂ ਦੇ ਮਾਨਤਾ ਪ੍ਰਾਪਤ ਹੈਵੀਵੇਟ ਵਿਸ਼ਵ ਚੈਂਪੀਅਨ ਫਲੋਏਡ ਪੈਟਰਸਨ ਨੂੰ ਨਾਕ ਆਊਟ ਕਰ ਕੇ ਪਹਿਲੀ ਵਾਰ ਵਿਸ਼ਵ ਬੌਕਸਿੰਗ ਚੈਂਪੀਅਨ ਬਣਿਆ। ਰਹਿੰਦੀ ਕਸਰ ਉਸ ਨੇ 1963 ’ਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਕੇ ਕੱਢ ਦਿੱਤੀ। 1964 ’ਚ ਜਦੋਂ ਮੁਹੰਮਦ ਅਲੀ ਨੇ ਉਸ ਨੂੰ ਹਰਾਇਆ ਤਾਂ ਚਰਚਾ ਚੱਲੀ ਕਿ ਮੁਕਾਬਲੇ ਤੋਂ ਪਹਿਲੀ ਰਾਤ ਸੋਨੀ ਨੇ ਰੱਜ ਕੇ ਸ਼ਰਾਬ ਪੀਤੀ ਸੀ ਜਿਸ ਕਾਰਨ ਉਹ ਨਿਢਾਲ ਸੀ। ਸੱਜਾ ਮੋਢਾ ਕਸਰਿਆ ਹੋਇਆ ਸੀ। 1965 ’ਚ ਉਹ ਮੁਹੰਮਦ ਅਲੀ ਤੋਂ ਦੂਜੀ ਵਾਰ ਹਾਰਿਆ ਤਾਂ ਚਰਚਾ ਇਹ ਵੀ ਚੱਲੀ ਕਿ ਮੈਚ ‘ਫਿਕਸ’ ਸੀ। ਉਹ 1970 ਤੱਕ ਜਿੱਤਾਂ ਜਿੱਤਦਾ ਸਰਗਰਮ ਮੁੱਕੇਬਾਜ਼ ਰਿਹਾ।ਮੁੱਕੇਬਾਜ਼ੀ ’ਚ ਧੁੰਮਾਂ ਪਾਉਣ ਵਾਲੇ ਵਿਸ਼ਵ ਚੈਂਪੀਅਨ ਸੋਨੀ ਲਿਸਟਨ ਦਾ ਅੰਤ ਬੜਾ ਦੁਖਾਂਤਕ ਹੋਇਆ। ਉਸ ਦੀ ਪਤਨੀ ਜੇਰਲਡਾਈਨ, ਨੇਵਾਡਾ ਵਾਲੀ ਰਿਹਾਇਸ਼ ਤੋਂ ਬਾਹਰ ਗਈ ਹੋਈ ਸੀ। ਉਹ ਬਾਰਾਂ ਦਿਨਾਂ ਬਾਅਦ 5 ਜਨਵਰੀ 1971 ਨੂੰ ਘਰ ਪਰਤੀ ਤਾਂ ਪਤੀ ਮਰਿਆ ਪਿਆ ਸੀ। ਪੁਲੀਸ ਨੇ ਪੜਤਾਲ ਕੀਤੀ ਤਾਂ ਘਰ ’ਚ ਹੈਰੋਇਨ ਦੇ ਪੈਕਟ ਤੇ ਸਰਿੰਜ ਮਿਲੀ। ਲਿਸਟਨ ਦੀ ਨਾੜ ਉਤੇ ਸੂਈ ਦਾ ਨਿਸ਼ਾਨ ਵੀ ਪਿਆ ਹੋਇਆ ਸੀ। ਪੁਲੀਸ ਦੀ ਪੜਤਾਲ ਇਸ ਸਿੱਟੇ ’ਤੇ ਪੁੱਜੀ ਕਿ ਸਾਬਕਾ ਵਿਸ਼ਵ ਚੈਂਪੀਅਨ ਹੈਰੋਇਨ ਦੀ ਓਵਰਡੋਜ਼ ਨਾਲ ਮਰਿਆ, ਪਰ ਮੌਤ ਦੇ ਅਧਿਕਾਰਤ ਸਰਟੀਫਿਕੇਟ ਵਿੱਚ ਲਿਸਟਨ ਦੀ ਮੌਤ ਫੇਫੜੇ ਤੇ ਦਿਲ ਫੇਲ੍ਹ ਹੋਣ ਕਾਰਨ ਦਰਜ ਕੀਤੀ ਗਈ। ਅਫ਼ਵਾਹਾਂ ਤਾਂ ਇਹ ਵੀ ਉੱਡੀਆਂ ਕਿ ਹੋ ਸਕਦੈ ਕਿਸੇ ਨੇ ਉਹਦਾ ਕਤਲ ਕਰ ਦਿੱਤਾ ਹੋਵੇ! ਜੁਰਮ ਦੀ ਦੁਨੀਆ ਵਿੱਚ ਕੁਝ ਵੀ ਹੋ ਸਕਦੈ।ਸੋਨੀ ਲਿਸਟਨ ਦਾ ਵਿਆਹ 3 ਸਤੰਬਰ 1957 ਨੂੰ ਸੇਂਟ ਲੂਈਸ ਵਿਖੇ ਜੇਰਲਡਾਈਨ ਚੈਂਬਰਜ਼ ਨਾਲ ਹੋਇਆ ਸੀ। ਜੇਰਲਡਾਈਨ ਕੋਲ ਪਹਿਲੇ ਵਿਆਹ ਦੀ ਇੱਕ ਧੀ ਸੀ। ਸੋਨੀ ਲਿਸਟਨ ਨੇ ਵੀ ਸਵੀਡਨ ਤੋਂ ਇੱਕ ਬੱਚਾ ਗੋਦ ਲੈ ਲਿਆ। ਸੋਨੀ ਲਿਸਟਨ ਦੇ ਜੀਵਨੀਕਾਰ ਪਾਲ ਗਲੈਂਡਰ ਨੇ ਤਾਂ ਇਹ ਵੀ ਲਿਖਿਆ ਕਿ ਉਸ ਦੇ ਪਤਨੀ ਬਾਹਰੇ ਕੁਝ ਬੱਚੇ ਹਨ। ਉਸ ਦੀ ਪਤਨੀ ਦਾ ਕਹਿਣਾ ਸੀ ਕਿ ਉਸ ਦਾ ਪਤੀ ਭਲਾ ਪੁਰਸ਼ ਸੀ ਜਿਸ ਨਾਲ ਉਸ ਨੇ ਬੜੇ ਚੰਗੇ ਦਿਨ ਕੱਟੇ। ਉਹ ਬੱਚਿਆਂ ਨੂੰ ਬੜਾ ਪਿਆਰ ਕਰਦਾ ਸੀ। ਉਹ ਬੇਸ਼ੱਕ ਅਨਪੜ੍ਹ ਸੀ, ਪਰ ਸਮਝਦਾਰ ਸੀ। ਉਹ ਉਲਝੇ ਸੁਭਾਅ ਦਾ ਦਿਲਚਸਪ ਬੰਦਾ ਸੀ। ਮੁੱਕੇਬਾਜ਼ ਜੋਜ਼ੇ ਟੋਰਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਅਥਲੀਟ, ਬੇਸਬਾਲ, ਬਾਸਕਟਬਾਲ ਜਾਂ ਫੁੱਟਬਾਲ ਦਾ ਖਿਡਾਰੀ ਸੋਨੀ ਲਿਸਟਨ ਤੋਂ ਸਮਾਰਟ ਤੇ ਸਮਝਦਾਰ ਨਹੀਂ ਵੇਖਿਆ!‘ਰਿੰਗ ਮੈਗਜ਼ੀਨ’ ਨੇ ਉਸ ਨੂੰ ਸਰਬ ਸਮਿਆਂ ਦੇ ਮਹਾਨਤਮ ਮੁੱਕੇਬਾਜ਼ਾਂ ਵਿੱਚ ਦਸਵੇਂ ਸਥਾਨ, ਮੁੱਕੇਬਾਜ਼ੀ ਦੇ ਪ੍ਰੌੜ ਲੇਖਕ ਹਰਬ ਗੋਲਡਮੈਨ ਨੇ ਦੂਜੇ ਸਥਾਨ ਤੇ ‘ਸਪੋਰਟਸ ਇਲੱਸਟ੍ਰੇਟਿਡ’ ਦੇ ਸੀਨੀਅਰ ਐਡੀਟਰ ਰਿਚਰਡ ਓਬਰਾਈਨ ਨੇ ਤੀਜੇ ਸਥਾਨ ’ਤੇ ਰੱਖਿਆ ਹੈ। ‘ਸਪੋਰਟਸ ਸਟਾਰ’ ਦੇ ਐਲਫੀ ਪੌਟਸ ਹਾਰਮਰ ਨੇ ਹੈਵੀਵੇਟ ਮੁੱਕੇਬਾਜ਼ਾਂ ’ਚ ਤੀਜੇ ਤੇ ਸਭਨਾਂ ਵਜ਼ਨ ਵਰਗਾਂ ਦੇ ਮੁੱਕੇਬਾਜ਼ਾਂ ਵਿੱਚ ਛੇਵੇਂ ਸਥਾਨ ਦਾ ਮੁੱਕੇਬਾਜ਼ ਮੰਨਿਆ ਹੈ। ਸੋਨੀ ਲਿਸਟਨ ਦੀ ਮੌਤ ਤੋਂ 20 ਸਾਲ ਬਾਅਦ 1991 ’ਚ ਉਸ ਦਾ ਨਾਂ ਇੰਟਰਨੈਸ਼ਨਲ ਬੌਕਸਿੰਗ ਹਾਲ ਵਿੱਚ ਸਥਾਪਿਤ ਕੀਤਾ ਗਿਆ। ਉਸ ਦੀ ਕਬਰ ਲਾਸ ਵੇਗਾਸ, ਨੇਵਾਡਾ ਦੇ ਪੈਰਾਡਾਈਜ਼ ਮੈਮੋਰੀਅਲ ਗਾਰਡਨਜ਼ ਵਿੱਚ ਹੈ ਜਿੱਥੇ ਕੋਈ ਮੇਲਾ ਤਾਂ ਭਾਵੇਂ ਨਹੀਂ ਭਰਦਾ, ਪਰ ਉਸ ਦੇ ਪ੍ਰਸੰਸਕ ਫੁੱਲ ਭੇਟਾ ਕਰਨ ਅਜੇ ਵੀ ਆਉਂਦੇ ਜਾਂਦੇ ਹਨ। ਉਹ ਉਸ ਨੂੰ ਮੁਜ਼ਰਮ ਪੱਖੋਂ ਘੱਟ, ਵਿਸ਼ਵ ਚੈਂਪੀਅਨ ਪੱਖੋਂ ਵੱਧ ਯਾਦ ਕਰਦੇ ਹਨ।