ਮੁੱਕੇਬਾਜ਼ੀ: ਲਵਲੀਨਾ ਦੀ ਹਾਰ ਨਾਲ ਭਾਰਤੀ ਮੁਹਿੰਮ ਸਮਾਪਤ
ਪੈਰਿਸ, 4 ਅਗਸਤ
ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ 75 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਅੱਜ ਇੱਥੇ ਚੀਨ ਦੀ ਲੀ ਕਿਆਨ ਤੋਂ ਹਾਰ ਗਈ, ਜਿਸ ਨਾਲ ਭਾਰਤ ਦੀ ਮੌਜੂਦਾ ਪੈਰਿਸ ਖੇਡਾਂ ਵਿੱਚ ਮੁੱਕੇਬਾਜ਼ੀ ਮੁਹਿੰਮ ਬਿਨਾਂ ਤਗ਼ਮੇ ਦੇ ਹੀ ਸਮਾਪਤ ਹੋ ਗਈ।
ਇਸ ਵਰਗ ਦੀ ਮੌਜੂਦਾ ਵਿਸ਼ਵ ਚੈਂਪੀਅਨ (26 ਸਾਲਾ) ਨੂੰ ਸਖ਼ਤ ਮੁਕਾਬਲੇ ਵਿੱਚ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ 34 ਸਾਲਾ ਦੀ ਲੀ ਕਿਆਨ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਮੁੱਕੇਬਾਜ਼ਾਂ ਨੂੰ ਵਾਰ-ਵਾਰ ਕਲਿੰਚਿੰਗ ਅਤੇ ਹੋਲਡ ਕਰਨ ਲਈ ਚਿਤਾਵਨੀ ਦਿੱਤੀ ਗਈ।
ਇਸ ਤੋਂ ਪਹਿਲਾਂ ਨਿਸ਼ਾਂਤ ਦੇਵ ਸ਼ਨਿੱਚਰਵਾਰ ਦੇਰ ਰਾਤ ਪੁਰਸ਼ਾਂ ਦੇ 71 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਿਆ ਸੀ। ਭਾਰਤ ਨੇ ਪੈਰਿਸ ਓਲੰਪਿਕ ਵਿੱਚ ਛੇ ਮੁੱਕੇਬਾਜ਼ ਉਤਾਰੇ ਸੀ। ਇਨ੍ਹਾਂ ਵਿੱਚ ਚਾਰ ਮਹਿਲਾ ਅਤੇ ਦੋ ਪੁਰਸ਼ ਮੁੱਕੇਬਾਜ਼ ਸ਼ਾਮਲ ਸੀ, ਜਿਨ੍ਹਾਂ ਵਿੱਚੋਂ ਚਾਰ ਤਾਂ ਸ਼ੁਰੂਆਤੀ ਗੇੜ ਦੇ ਮੁਕਾਬਲੇ ਹਾਰ ਕੇ ਹੀ ਬਾਹਰ ਹੋ ਗਏ ਸੀ। ਲਵਲੀਨਾ ਅਤੇ ਚੀਨ ਦੀ ਮੁੱਕੇਬਾਜ਼ ਵਿਚਾਲੇ ਫਸਵਾਂ ਮੁਕਾਬਲਾ ਸੀ। ਦੋਵਾਂ ਵਿੱਚੋਂ ਕੋਈ ਵੀ ਪਹਿਲਾਂ ਹਮਲਾ ਕਰਨ ਦੀ ਚਾਹਵਾਨ ਨਹੀਂ ਜਾਪਦੀ ਸੀ। ਇੱਕ-ਦੂਜੇ ਨੂੰ ਫੜਨਾ ਅਤੇ ਜਕੜਨਾ ਮੁਕਾਬਲੇ ਦੇ ਸ਼ੁਰੂ ਤੋਂ ਹੀ ਹੋਣ ਲੱਗਿਆ, ਜਿਸ ਮਗਰੋਂ ਰੈਫਰੀ ਨੂੰ ਵਾਰ-ਵਾਰ ਦੋਵਾਂ ਨੂੰ ਵੱਖ ਕਰਨਾ ਪੈ ਰਿਹਾ ਸੀ।
ਕਿਆਨ ਨੇ ਪਹਿਲੇ ਰਾਊਂਡ ਦੇ ਅਖ਼ੀਰ ਵਿੱਚ ਕੁੱਝ ਸ਼ਾਨਦਾਰ ਮੁੱਕੇ ਜੜੇ ਅਤੇ 3-2 ਦੀ ਲੀਡ ਬਣਾਈ। ਦੂਜਾ ਰਾਊਂਡ ਵੀ ਇਸੇ ਤਰ੍ਹਾਂ ਸ਼ੁਰੂ ਹੋਇਆ ਪਰ ਕਿਆਨ ਦੇ ਸੱਜੇ ਹੱਥ ਦੇ ਮੁੱਕੇ ਸਿੱਧੇ ਅੰਕ ਹਾਸਲ ਕਰਨ ਲਈ ਕਾਫ਼ੀ ਸੀ, ਜਦਕਿ ਲਵਲੀਨਾ ਨੂੰ ਜ਼ਿਆਦਾਤਰ ਵਿਰੋਧੀ ਨੂੰ ਫੜਨ ਲਈ ਚਿਤਾਵਨੀ ਦਿੱਤੀ ਗਈ। ਕਿਆਨ ਨੂੰ ਫਿਰ ਤਿੰਨ ਜੱਜਾਂ ਨੇ ਜ਼ਿਆਦਾ ਅੰਕ ਦਿੱਤੇ ਪਰ ਇਸ ਵਾਰ ਵੱਖਰੇ ਵੱਖਰੇ ਜੱਜ ਨੇ ਵੱਧ ਅੰਕ ਦਿੱਤੇ ਸੀ, ਜਿਸ ਨਾਲ ਉਸ ਨੇ ਸਿਰਫ ਇੱਕ ਕਾਰਡ ਵਿੱਚ ਹੀ ਇੱਕ ਅੰਕ ਦੀ ਲੀਡ ਬਣਾਈ ਹੋਈ ਸੀ। ਤੀਜੇ ਰਾਊਂਡ ਵਿੱਚ ਵੀ ਫੜਨਾ ਤੇ ਜਕੜਨਾ ਜਾਰੀ ਰਿਹਾ, ਜਿਸ ਨਾਲ ਦੋਵੇਂ ਮੁੱਕੇਬਾਜ਼ ਕੁੱਝ ਥੱਕੀਆਂ-ਥੱਕੀਆਂ ਦਿਖਾਈ ਦੇ ਰਹੀਆਂ ਸੀ। ਇਸ ਮਗਰੋਂ ਕਿਆਨ ਨੇ ਸਮਝਦਾਰੀ ਨਾਲ ਵਾਰ ਕਰਦਿਆਂ ਲਵਲੀਨਾ ਨੂੰ ਦੂਰ ਰੱਖਿਆ ਪਰ ਲਵਲੀਨਾ ਵਾਰ-ਵਾਰ ਜਵਾਬੀ ਹਮਲਿਆਂ ’ਤੇ ਹਿੱਟ ਕਰ ਰਹੀ ਸੀ ਅਤੇ ਇਸ ਰਾਊਂਡ ਨੂੰ ਹਾਰ ਕੇ ਬਾਹਰ ਹੋ ਗਈ। ਅਸਾਮ ਦੀ ਲਵਲੀਨਾ ਪਿਛਲੇ ਸਾਲ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਵੀ ਕਿਆਨ ਤੋਂ 0-5 ਨਾਲ ਹਾਰ ਗਈ ਸੀ ਪਰ 2023 ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਲਵਲੀਨਾ ਨੇ ਕਿਆਨ ਨੂੰ ਹਰਾਇਆ ਸੀ। ਹਾਲ ਹੀ ਵਿੱਚ ਜੂਨ ’ਚ ਪ੍ਰੀ-ਓਲੰਪਿਕ ਟੂਰਨਾਮੈਂਟ ਵਿੱਚ ਲਵਲੀਨਾ ਨੂੰ ਇਸ ਚੀਨੀ ਖਿਡਾਰਨ ਹੱਥੋਂ ਹਾਰ ਝੱਲਣੀ ਪਈ ਸੀ। -ਪੀਟੀਆਈ