ਮੁੱਕੇਬਾਜ਼ੀ: ਜੈਸਮੀਨ ਤੇ ਨਿਸ਼ਾਂਤ ਆਖ਼ਰੀ ਅੱਠਾਂ ’ਚ
ਹਾਂਗਜ਼ੂ, 28 ਸਤੰਬਰ
ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਖਿਡਾਰਨ ਜੈਸਮੀਨ ਲੰਬੋਰੀਆ ਅਤੇ 2023 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਨਿਸ਼ਾਂਤ ਦੇਵ ਨੇ ਏਸ਼ਿਆਈ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ਦੇ ਆਖਰੀ ਅੱਠਾਂ ਵਿੱਚ ਥਾਂ ਬਣਾ ਲਈ ਹੈ ਜਦਕਿ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜੇਤੂ ਦੀਪਕ ਭੋਰੀਆ ਹਾਰ ਦੇ ਬਾਹਰ ਹੋ ਗਿਆ ਹੈ।
ਜੈਸਮੀਨ ਨੇ ਮਹਿਲਾ 60 ਕਿਲੋ ਭਾਰ ਵਰਗ ਵਿੱਚ ਸਾਊਦੀ ਅਰਬ ਦੀ ਹਦਲ ਗਜ਼ਵਾਨ ਅਸ਼ੋਰ ਨੂੰ ਹਰਾਇਆ। ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਜੈਸਮੀਨ ਨੇ ਪੰਜ ਮਿੰਟ ਦੇ ਵੀ ਘੱਟ ਸਮੇਂ ਵਿੱਚ ਹਦੀਲ ਨੂੰ ਆਰਏਸੀ (ਰੈਫ਼ਰੀ ਨੇ ਮੁਕਾਬਲਾ ਰੋਕਿਆ) ਨਾਲ ਹਰਾਇਆ। ਪਹਿਲੇ ਰਾਊਂਡ ਵਿੱਚ ਜੈਸਮੀਨ ਨੂੰ ਬਾਈ ਮਿਲੀ ਸੀ ਅਤੇ ਹਦੀਲ ਖ਼ਿਲਾਫ਼ ਮੁਕਾਬਲੇ ਵਿੱਚ ਉਸ ਨੇ ਆਪਣੇ ਦਮਦਾਰ ਮੁੱਕਿਆਂ ਨਾਲ ਪੂਰੀ ਤਰ੍ਹਾਂ ਦਬਦਬਾ ਬਣਾਇਆ। ਰੈਫ਼ਰੀ ਨੇ ਸਾਊੁਦੀ ਅਰਬ ਦੀ ਮੁੱਕੇਬਾਜ਼ ਨੂੰ ਦੋ ‘ਸਟੈਂਡਿੰਗ ਕਾਊਂਟ’ ਦਿੱਤੇ ਅਤੇ ਫਿਰ ਦੂਜੇ ਰਾਊਂਡ ਦੇ ਮੁਕਾਬਲੇ ਨੂੰ ਰੋਕ ਦਿੱਤਾ। ਜੈਸਮੀਨ ਹੁਣ ਓਲੰਪਿਕ ਕੋਟਾ ਅਤੇ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਕੁਆਰਟਰ ਫਾਈਨਲ ਵਿੱਚ ਜੈਸਮੀਨ ਦਾ ਸਾਹਮਣਾ ਉੱਤਰੀ ਕੋਰੀਆ ਦੀ ਵੋਨ ਉਂਗਯੌਂਗ ਨਾਲ ਹੋਵੇਗਾ। ਮਹਿਲਾਵਾਂ ਦੇ 50 ਕਿਲੋ, 57 ਕਿਲੋ ਅਤੇ 60 ਕਿਲੋ ਭਾਰ ਵਰਗ ਵਿੱਚ ਸੈਮੀਫਾਈਨਲ, ਜਦਕਿ 66 ਕਿਲੋ ਅਤੇ 75 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਮੁੱਕੇਬਾਜ਼ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰੇਗੀ।
ਦੂਜੇ ਪਾਸੇ ਨਿਸ਼ਾਂਤ (71 ਕਿਲੋ) ਨੂੰ ਰਾਊਂਡ 16 ਮੁਕਾਬਲੇ ’ਚ ਵੀਅਤਨਾਮ ਦੇ ਬੁਈ ਫੁਓਕ ਟੁੰਗ ਨੂੰ ਨਾਕਆਊਟ ਕਰਨ ਵਿੱਚ ਦੋ ਮਿੰਟ ਤੋਂ ਵੀ ਘੱਟ ਸਮਾਂ ਲੱਗ। ਕੁਆਰਟਰ ਫਾਈਨਲ ਵਿੱਚ ਨਿਸ਼ਾਂਤ ਦਾ ਮੁਕਾਬਲਾ ਜਪਾਨ ਦੇ ਐੱਸਕਿਊਐੰਮ ਓਕਾਜ਼ਾਵਾ ਨਾਲ ਹੋਵੇਗਾ।
ਦੀਪਕ (51 ਕਿਲੋ) ਨੂੰ 2021 ਦੇ ਵਿਸ਼ਵ ਚੈਂਪੀਅਨ ਜਪਾਨ ਦੇ ਤੋਮੋਇਆ ਸੁਬੋਈ ਤੋਂ 1.4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ