ਬਾਕਸਿੰਗ ਚੈਂਪੀਅਨਸ਼ਿਪ: ਕੁਰੂਕਸ਼ੇਤਰ ’ਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਦਸੰਬਰ
ਆਲ ਇੰਡਿਆ ਅੰਤਰ-ਯੂਨੀਵਰਸਿਟੀ ਵਿਮੈਨ ਬਾਕਿਸੰਗ ਚੈਂਪੀਅਨਸ਼ਿਪ ’ਚ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ’ਚ ਯੂਨੀਵਰਸਿਟੀ ਦੀਆਂ ਮਹਿਲਾ ਮੁਕੇਬਾਜ਼ਾਂ ਨੇ 26 ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ। 57 ਕਿਲੋ ਭਾਰ ਵਰਗ ਵਿੱਚ ਵਿੰਕਾ ਨੇ ਸੋਨ ਤਗਮਾ ਜਿੱਤਿਆ ਜਦੋਂਕਿ 81 ਕਿਲੋ ਭਾਰ ਵਰਗ ਵਿਚ ਅੰਜਲੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਮੁਕਾਬਲਾ 17 ਤੋਂ 24 ਦਸੰਬਰ ਤਕ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਕਰਵਾਈ ਗਈ ਸੀ। ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੇਮ ਨਾਥ ਸਚਦੇਵਾ ਨੇ ਜੇਤੂੁ ਟੀਮ ਦੀਆਂ ਮਹਿਲਾ ਖਿਡਾਰਨਾਂ ਤੇ ਕੋਚ ਰਾਜੇਸ਼ ਕੁਮਾਰ ਰਾਜੌਂਦ ਨੂੰ ਵਧਾਈ ਦਿੱਤੀ। ਸ੍ਰੀ ਸਚਦੇਵਾ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਲੜਕੀਆਂ ਵੀ ਕਿਸੇ ਪੱਖੋਂ ਘੱਟ ਨਹੀਂ। ਮਹਿਲਾ ਮੁਕੇਬਾਜ਼ਾਂ ਨੇ ਤੀਜਾ ਸਥਾਨ ਹਾਸਲ ਕਰ ਕੇ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਖੇਡ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਤੇ ਆਧੁਨਿਕ ਤਕਨੀਕ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਯੂਨੀਵਰਸਿਟੀ ਦੇ ਜਨਰਲ ਸਕੱਤਰ ਡਾ. ਸੰਜੀਵ ਸ਼ਰਮਾ ਨੇ ਜੇਤੂ ਖਿਡਾਰਨਾਂ ਤੇ ਕੋਚ ਨੂੰ ਵਧਾਈ ਦਿੱਤੀ। ਖੇਡ ਨਿਦੇਸ਼ਕ ਪ੍ਰੋ. ਦਿਨੇਸ਼ ਰਾਣਾ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਵਿਚ ਖੇਡ ਵਿਭਾਗ ਹਰ ਦਿਨ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।