ਫਿਲਮ ‘ਬੈਡ ਨਿਊਜ਼’ ਲਈ ਬਾਕਸ ਆਫਿਸ ਉੱਤੇ ‘ਗੁੱਡ ਨਿਊਜ਼’
ਮੁੰਬਈ:
ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਸਟਾਰਰ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਨੇ 19 ਜੁਲਾਈ ਨੂੰ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ ’ਤੇ 34.37 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਬੰਦਿਸ਼ ਬੈਂਡਿਟ’ ਅਤੇ ‘ਲਵ ਪਰ ਸਕੁਏਅਰ ਫੀਟ’ ਨਾਲ ਮਸ਼ਹੂਰ ਆਨੰਦ ਤਿਵਾਰੀ ਵੱਲੋਂ ਨਿਰਦੇਸ਼ਤ ਅਤੇ ਅੰਮ੍ਰਿਤਪਾਲ ਸਿੰਘ ਬਿੰਦਰਾ, ਅਪੂਰਵਾ ਮਹਿਤਾ ਅਤੇ ਕਰਨ ਜੌਹਰ ਦੁਆਰਾ ਨਿਰਮਿਤ, ਫਿਲਮ ਬਾਕਸ ਆਫਿਸ ’ਤੇ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਨਿਰਮਾਤਾਵਾਂ ਨੇ ‘ਐਕਸ’ ਪੋਸਟ ਸਾਂਝੀ ਕਰਦਿਆਂ ਕੈਪਸ਼ਨ ’ਚ ਕਿਹਾ, ‘‘ਆਪਕਾ ਪਿਆਰ ਸਭ ਤੋਂ ਵੱਡਾ ਨਿਕਲਿਆ ਜੀ।’’ ਫਿਲਮ ਦੇ ਵਧੀਆ ਪ੍ਰਦਰਸ਼ਨ ਸਬੰਧੀ ਉਨ੍ਹਾਂ ਇੱਕ ਪੋਸਟਰ ਵੀ ਸਾਂਝਾ ਕੀਤਾ। ਪੋਸਟਰ ’ਤੇ ਉਨ੍ਹਾਂ ਲਿਖਿਆ, ‘‘ਮਨੋਰੰਜਨ ਕਾ ਜ਼ਬਰਦਸਤ ਪੈਕੇਜ! 34.37 ਕਰੋੜ।’’ ਇਸ ਵਿਚ ਫਿਲਮ ਦੇ ਪ੍ਰਤੀ ਦਿਨ ਦੇ ਕੁਲੈਕਸ਼ਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਪਹਿਲੇ ਦਿਨ 8.62 ਕਰੋੜ ਰੁਪਏ, ਅਗਲੇ ਦਿਨ ਸ਼ਨੀਵਾਰ ਨੂੰ 10.55 ਕਰੋੜ ਰੁਪਏ, ਐਤਵਾਰ ਨੂੰ 11.45 ਕਰੋੜ ਰੁਪਏ ਅਤੇ ਚੌਥੇ ਦਿਨ 3.75 ਕਰੋੜ ਰੁਪਏ ਹੈ। ‘‘ਬੈਡ ਨਿਊਜ਼’’ ਵਿੱਚ ਨੇਹਾ ਧੂਪੀਆ ਵੀ ਮੁੱਖ ਭੂਮਿਕਾ ਵਿੱਚ ਹੈ। ਇਹ ਫਿਲਮ ਇੱਕ ਔਰਤ (ਡਿਮਰੀ) ਦੀ ਕਹਾਣੀ ਹੈ, ਜੋ ਦੋ ਵੱਖ-ਵੱਖ ਮਰਦਾਂ ਦੇ ਜੌੜੇ ਬੱਚਿਆਂ ਨਾਲ ਗਰਭਵਤੀ ਹੋ ਜਾਂਦੀ ਹੈ। ਮਰਦਾਂ ਦੀ ਭੂਮਿਕਾ ਕੌਸ਼ਲ ਅਤੇ ਵਿਰਕ ਨੇ ਨਿਭਾਈ ਹੈ। -ਪੀਟੀਆਈ