ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਅਥਾਰਟੀ ਵੱਲੋਂ ਐਕਸਪ੍ਰੈੱਸਵੇਅ ਦੇ ਨਕਸ਼ੇ ਵਿੱਚ ਤਬਦੀਲੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਦਸੰਬਰ
ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਯੋਜਨਾ ਤਹਿਤ ਬਣਾਏ ਜਾ ਰਹੇ ਦਿੱਲੀ-ਜੰਮੂ-ਕੱਟੜਾ ਐਕਸਪ੍ਰੈੱਸਵੇਅ ਦੇ ਡਾਫ ਲੱਗਣ ਨਾਲ ਹਲਕਾ ਸ਼ੁਤਰਾਣਾ ਦੇ ਘੱਗਰ ਪ੍ਰਭਾਵਿਤ ਇਲਾਕਿਆਂ ਵਿੱਚ ਆਏ ਹੜ੍ਹਾਂ ਕਰਕੇ ਹੋਈ ਵੱਡੇ ਪੱਧਰ ਉੱਤੇ ਤਬਾਹੀ ਮਗਰੋਂ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਐਕਸਪ੍ਰੈੱਸਵੇਅ ਨੂੰ ਪਿੱਲਰਾਂ ਉੱਤੇ ਬਣਾਏ ਜਾਣ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਸੀ। ਪੱਕੇ ਮੋਰਚੇ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਭਰਵਾਂ ਸਮਰਥਨ ਮਿਲਣ ਮਗਰੋਂ ਮਾਮਲਾ ਗਰਮਾ ਗਿਆ ਸੀ। ਆਖ਼ਰ ਨੈਸ਼ਨਲ ਹਾਈਵੇਅ ਅਥਾਰਟੀ ਦੀਆਂ ਟੀਮਾਂ ਨੇ ਸਮੇਂ-ਸਮੇਂ ਮੋਰਚੇ ਵਾਲੀ ਥਾਂ ਉੱਤੇ ਪਹੁੰਚ ਕੇ ਕਿਸਾਨਾਂ ਦਾ ਪੱਖ ਸੁਣਨ ਮਗਰੋਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਐਕਸਪ੍ਰੈੱਸਵੇਅ ਦੇ ਡਿਜ਼ਾਈਨ ਵਿੱਚ ਤਬਦੀਲੀ ਕੀਤੀ ਹੈ। ਐੱਸਡੀਐੱਮ ਦਫ਼ਤਰ ਪਾਤੜਾਂ ਵਿੱਚ ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗ ਮਗਰੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਐੱਸਡੀਐੱਮ ਪਾਤੜਾਂ ਨਵਦੀਪ ਕੁਮਾਰ ਅਤੇ ਐੱਨਐੱਚਏਆਈ ਦੇ ਐੱਸਸੀ ਕਨਿਸ਼ਕ ਡਾਂਗੀ ਨੇ ਮੋਰਚੇ ਵਾਲੀ ਥਾਂ ਉੱਤੇ ਪਹੁੰਚ ਕੇ ਨਵੀਂ ਤਿਆਰ ਕੀਤੀ ਗਈ ਡਰਾਇੰਗ ਦੀ ਕਾਪੀ ਕਿਸਾਨ ਆਗੂਆਂ ਨੂੰ ਸੌਂਪੀ। ਇਸ ’ਤੇ ਪੱਕਾ ਮੋਰਚਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲੜੀ ਗਈ ਲੜਾਈ ਕਰਕੇ ਹੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਨਕਸ਼ੇ ਵਿੱਚ ਬਦਲਾਅ ਕਰਨਾ ਪਿਆ ਹੈ। ਉਨ੍ਹਾਂ ਸੰਘਰਸ਼ੀਲ ਕਿਸਾਨਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਇਸ ਦੌਰਾਨ ਐੱਸਡੀਐੱਮ ਪਾਤੜਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਵਚਨਬੱਧ ਹੈ। ਨੈਸ਼ਨਲ ਹਾਈਵੇ ਅਥਾਰਟੀ ਦੇ ਐੱਸਸੀ ਕਨਿਸ਼ਕ ਡਾਂਗੀ ਨੇ ਕਿਹਾ ਹੈ ਕਿ ਘੱਗਰ ਦਰਿਆ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਰੀਬ 1200 ਮੀਟਰ ਵਿੱਚ ਐਕਸਪ੍ਰੈੱਸਵੇਅ ਨੂੰ ਪਿੱਲਰਾਂ ਉੱਤੇ ਬਣਾਇਆ ਜਾਵੇਗਾ। ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੂੱਟਰ ਨੇ ਕਿਸਾਨਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।