ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਧਾਨ ਮੰਤਰੀ ਦੀ ਮੁਆਫ਼ੀ ’ਚ ‘ਹੰਕਾਰ ਦੀ ਬੋਅ’: ਠਾਕਰੇ

08:43 AM Sep 02, 2024 IST
ਰੋਸ ਮਾਰਚ ’ਚ ਹਿੱਸਾ ਲੈਂਦੇ ਹੋਏ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਅਤੇ ਮਹਾ ਵਿਕਾਸ ਅਗਾੜੀ ਦੇ ਆਗੂ। -ਫੋਟੋ: ਏਐੱਨਆਈ

ਮੁੰਬਈ, 1 ਸਤੰਬਰ
ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਦੀ ਘਟਨਾ ਖਿਲਾਫ਼ ਮਹਾ ਵਿਕਾਸ ਅਗਾੜੀ (ਐੱਮਵੀਏ) ਵੱਲੋਂ ਅੱਜ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਤੇ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਦੀ ਅਗਵਾਈ ਵਿਚ ਹੁਤਾਤਮਾ ਚੌਕ ਤੋਂ ਦੱਖਣੀ ਮੁੰਬਈ ਵਿਚ ਗੇਟਵੇਅ ਆਫ਼ ਇੰਡੀਆ ਤੱਕ ਰੋਸ ਮਾਰਚ ਕੱਢਿਆ ਗਿਆ। ਦੋਵਾਂ ਆਗੂਆਂ ਨੇ ਬੁੱਤ ਡਿੱਗਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਭੰਡਿਆ। ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਆਫ਼ੀ ’ਚੋਂ ਜਿੱਥੇ ‘ਹੰਕਾਰ ਦੀ ਬੋਅ’ ਆਉਂਦੀ ਹੈ, ਉਥੇ ਪਵਾਰ ਨੇ ਇਸ ਘਟਨਾ ਨੂੰ ਭ੍ਰਿਸ਼ਟਾਚਾਰ ਦੀ ਮਿਸਾਲ ਦੱਸਿਆ। ਰਾਜਧਾਨੀ ਮੁੰਬਈ ਤੋਂ ਕੋਈ 480 ਕਿਲੋਮੀਟਰ ਦੂਰ ਸਾਹਿਲੀ ਸ਼ਹਿਰ ਸਿੰਧੂਦੁਰਗ ਜ਼ਿਲ੍ਹੇ ਦੀ ਮਲਵਾਨ ਤਹਿਸੀਲ ਦੇ ਰਾਜਕੋਟ ਕਿਲੇ ਵਿਚ ਲੱਗਾ 17ਵੀਂ ਸਦੀ ਦੇ ਮਰਾਠਾ ਸਮਰਾਟ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਇਹ ਬੁੱਤ 26 ਅਗਸਤ ਨੂੰ ਤੇਜ਼ੀ ਹਵਾਵਾਂ ਕਰਕੇ ਡਿੱਗ ਪਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 4 ਦਸੰਬਰ ਨੂੰ ਜਲਸੈਨਾ ਦਿਵਸ ਮੌਕੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ।
ਮਾਰਚ ਮੁੱਕਣ ਉਪਰੰਤ ਇਥੇ ਗੇਟਵੇ ਆਫ਼ ਇੰਡੀਆ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ, ‘‘ਕੀ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਆਫ਼ੀ ਵਿਚਲੇ ਹੰਕਾਰ ਨੂੰ ਦੇਖਿਆ ਸੀ? ਇਸ ਵਿਚੋਂ ਹੰਕਾਰ ਦੀ ਬੋਅ ਆਉਂਦੀ ਸੀ। ਸਾਡੇ ਉਪ ਮੁੱਖ ਮੰਤਰੀ ਮੁਸਕਰਾ ਰਹੇ ਸਨ।’’ ਉਨ੍ਹਾਂ ਕਿਹਾ, ‘‘ਇਸ ਗ਼ਲਤੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਅਸੀਂ ‘ਭਾਜਪਾ ਨੂੰ ਭਾਰਤ ’ਚੋਂ ਬਾਹਰ ਧੱਕਣ’ ਦੀ ਮੰਗ ਨੂੰ ਲੈ ਕੇ ਇਥੇ ਇਕੱਤਰ ਹੋਏ ਹਾਂ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮਹਾਰਾਸ਼ਟਰ ਦੇ ਲੋਕ ਮਹਾਨ ਸੂਰਬੀਰ ਸਮਰਾਟ ਦਾ ਨਿਰਾਦਰ ਨਹੀਂ ਭੁੱਲਣਗੇ। ਠਾਕਰੇ ਨੇ ਮੋਦੀ ਵੱਲੋਂ ਦਿੱਤੀਆਂ ‘ਗਾਰੰਟੀਆਂ’ ਦਾ ਮੌਜੂ ਉਡਾਉਣ ਲਈ ਬੁੱਤ ਡਿੱਗਣ, ਰਾਮ ਮੰਦਿਰ ਤੇ ਨਵੇਂ ਸੰਸਦੀ ਕੰਪਲੈਕਸ ਵਿਚ ਪਾਣੀ ਦੀਆਂ ਲੀਕੇਜਾਂ ਦਾ ਹਵਾਲਾ ਦਿੱਤਾ। ਠਾਕਰੇ ਨੇ ਕਿਹਾ, ‘‘ਮੋਦੀ ਕਿਸ ਲਈ ਮੁਆਫ਼ੀ ਮੰਗ ਰਹੇ ਹਨ? ਕੀ ਉਸ ਬੁੱਤ ਲਈ ਜਿਸ ਦਾ ਉਨ੍ਹਾਂ ਅੱਠ ਮਹੀਨੇ ਪਹਿਲਾਂ ਉਦਘਾਟਨ ਕੀਤਾ ਸੀ? ਕੀ ਉਸ ਭ੍ਰਿਸ਼ਟਾਚਾਰ ਲਈ ਜਿਸ ’ਚ ਉਹ ਸ਼ਾਮਲ ਹਨ? ਬੁੱਤ ਦਾ ਡਿੱਗਣਾ ਮਹਾਰਾਸ਼ਟਰ ਦੀ ਰੂਹ ਦਾ ਨਿਰਾਦਰ ਹੈ।’’ਉਧਰ ਸ਼ਰਦ ਪਵਾਰ ਨੇ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਿੰਧੂਦੁਰਗ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਦਾ ਡਿੱਗਣਾ ਭ੍ਰਿਸ਼ਟਾਚਾਰ ਦੀ ਮਿਸਾਲ ਹੈ। ਇਹ ਸ਼ਿਵ ਪ੍ਰੇਮੀਆਂ ਦਾ ਨਿਰਾਦਰ ਹੈ।’’ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮੁਆਫ਼ੀ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਅਜਿਹੇ ‘ਸ਼ਿਵ ਧਰੋਹੀ’ ਨੂੰ ਸੱਤਾ ਵਿਚ ਆਉਣ ਦੀ ਖੁੱਲ੍ਹ ਦੇਣ ਲਈ ਸਮਰਾਟ ਤੋਂ ਮੁਆਫ਼ੀ ਮੰਗ ਚੁੱਕੀਆਂ ਹਨ। ਇਸ ਤੋਂ ਪਹਿਲਾਂ ਐੱਨਸੀਪੀ (ਐੱਸਪੀ) ਸੁਪਰੀਮੋ ਪਵਾਰ, ਸ਼ਿਵ ਸੈਨਾ (ਯੂਬੀਟੀ) ਆਗੂ ਠਾਕਰੇ, ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਤੇ ਪਾਰਟੀ ਦੀ ਮੁੰਬਈ ਇਕਾਈ ਦੇ ਮੁਖੀ ਵਰਸ਼ਾ ਗਾਇਕਵਾੜ ਨੇ ਹੁਤਾਤਮਾ ਚੌਕ ’ਤੇ ‘ਸੰਯੁਕਤ ਮਹਾਰਾਸ਼ਟਰ’ ਅੰਦੋਲਨ ਦੇ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦੇ ਕੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ। -ਪੀਟੀਆਈ

Advertisement

ਐੱਮਵੀਏ ਗੱਠਜੋੜ ਸੂਬੇ ’ਚ ਅਰਾਜਕਤਾ ਪੈਦਾ ਕਰਨਾ ਚਾਹੁੰਦਾ ਹੈ: ਭਾਜਪਾ

ਨਾਗਪੁਰ: ਭਾਜਪਾ ਨੇ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਵੱਲੋਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਦੀ ਘਟਨਾ ਦਾ ਕਥਿਤ ਸਿਆਸੀਕਰਨ ਕੀਤੇ ਜਾਣ ਖਿਲਾਫ਼ ਅੱਜ ਮਹਾਰਾਸ਼ਟਰ ਵਿਚ ਵੱਖ ਵੱਖ ਥਾਈਂ ਰੋਸ ਮੁਜ਼ਾਹਰੇ ਕੀਤੇ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਬਵਾਨਕੁਲੇ ਨੇ ਨਾਗਪੁਰ ਵਿਚ ਕੀਤੇ ਮੁਜ਼ਾਹਰੇ ’ਚ ਸ਼ਾਮਲ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਘਟਨਾ ਸਬੰਧੀ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਉਨ੍ਹਾਂ ਦੇ ਸ਼ਰਧਾਲੂਆਂ ਤੋਂ ਮੁਆਫ਼ੀ ਮੰਗ ਚੁੱਕੇ ਹਨ, ਪਰ ਐੱਮਵੀਏ ਵੱਲੋਂ ਵੋਟ ਬੈਂਕ ਦੀ ਸਿਆਸਤ ਖਾਤਿਰ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮਵੀਏ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਅਰਾਜਕਤਾ ਫੈਲਾਉਣਾ ਚਾਹੁੰਦਾ ਹੈ। ਭਾਜਪਾ ਵਰਕਰਾਂ ਨੇ ਐੱਮਵੀਏ ਨੂੰ ਨਿਸ਼ਾਨਾ ਬਣਾਉਂਦਿਆਂ ਨਾਗਪੁਰ, ਛਤਰਪਤੀ ਸਾਂਬਾਜੀਨਗਰ ਤੇ ਰਾਜ ਦੇ ਹੋਰਨਾਂ ਹਿੱਸਿਆਂ ਵਿਚ ਰੋਸ ਮੁਜ਼ਾਹਰੇ ਕੀਤੇ। -ਪੀਟੀਆਈ

Advertisement
Advertisement