ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ ਆਏ ਟੈਕਸ ਨੂੰ ਟਾਂਕਾ ਲਾਉਣ ਵਾਲੇ ‘ਬੁਟੀਕ’

09:05 AM Aug 28, 2023 IST

ਚਰਨਜੀਤ ਭੁੱਲਰ
ਚੰਡੀਗੜ੍ਹ, 27 ਅਗਸਤ
ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਹੁਣ ਬੁਟੀਕ ਨਿਸ਼ਾਨੇ ’ਤੇ ਲਏ ਹਨ। ਵਿੱਤ ਮਹਿਕਮੇ ਨੂੰ ਮੁਹੱਲਿਆਂ ਅਤੇ ਘਰਾਂ ਵਿੱਚ ਖੁੱਲ੍ਹੇ ਬੁਟੀਕ ਕੇਂਦਰਾਂ ’ਚ ਟੈਕਸ ਚੋਰੀ ਹੋਣ ਦਾ ਪਤਾ ਲੱਗਿਆ ਹੈ। ਮੁਹਾਲੀ ’ਚ ਇੱਕ ਬੁਟੀਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਬੁਟੀਕ ਕੇਂਦਰਾਂ ਵੱਲੋਂ ਵੱਡੀ ਪੱਧਰ ’ਤੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ। ਮੁਹਾਲੀ ਦੇ ਬੁਟੀਕ ’ਚ 16 ਲੱਖ ਰੁਪਏ ਦੀ ਸਾਲਾਨਾ ਟੈਕਸ ਚੋਰੀ ਫੜੀ ਗਈ ਹੈ। ਅਹਿਮ ਸੂਤਰਾਂ ਅਨੁਸਾਰ ‘ਆਪ’ ਦੀ ਇੱਕ ਮਹਿਲਾ ਵਿਧਾਇਕਾ ਨੇ ਵੀ ਵਿੱਤ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ ਜਿਸ ਨੂੰ ਬੁਟੀਕ ਤੋਂ ਇੱਕ ਸੂਟ ਦੀ ਕੀਮਤ 50 ਹਜ਼ਾਰ ਰੁਪਏ ਹੋਣ ਦਾ ਪਤਾ ਲੱਗਿਆ ਸੀ।
ਵਿੱਤ ਵਿਭਾਗ ਨੇ ਅਧਿਕਾਰੀਆਂ ਦੀ ਟੀਮ ਨੂੰ ਬੁਟੀਕ ਕੇਂਦਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਦਾਇਤ ਕੀਤੀ ਹੈ। ਮੁਹਾਲੀ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਬੁਟੀਕ ਦਾ ਵੱਡਾ ਕਾਰੋਬਾਰ ਹੈ। ਬਹੁਤੇ ਬੁਟੀਕ ਕੇਂਦਰਾਂ ਵੱਲੋਂ ਆਨਲਾਈਨ ਵਿਕਰੀ ਵੀ ਕੀਤੀ ਜਾਂਦੀ ਹੈ। ਵਿੱਤ ਵਿਭਾਗ ਵੱਲੋਂ ਸੋਸ਼ਲ ਮੀਡੀਆ ਦੀ ਛਾਣਬੀਣ ਕੀਤੀ ਜਾਣੀ ਹੈ ਜਿਨ੍ਹਾਂ ਬੁਟੀਕ ਕੇਂਦਰਾਂ ਨੇ ਆਪਣੇ ਪੇਜ ਬਣਾਏ ਹੋਏ ਹਨ ਅਤੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ ਜਾਂਦਾ ਹੈ, ਉਨ੍ਹਾਂ ਬੁਟੀਕ ਸੈਂਟਰਾਂ ਦੀ ਸੂਚੀ ਬਣਾਈ ਜਾਵੇਗੀ। ਜਿਨ੍ਹਾਂ ਬੁਟੀਕਸ ਵੱਲੋਂ ਘੱਟ ਜੀਐਸਟੀ ਤਾਰਿਆ ਜਾਂਦਾ ਹੈ, ਉਨ੍ਹਾਂ ਦੀ ਪੜਤਾਲ ਵੀ ਕੀਤੀ ਜਾਵੇਗੀ।
ਵਿੱਤ ਵਿਭਾਗ ਨੇ ਕੁਝ ਸਮਾਂ ਪਹਿਲਾਂ ‘ਆਇਲਸ ਸੈਂਟਰਾਂ’ ਦੀ ਪੜਤਾਲ ਸ਼ੁਰੂ ਕੀਤੀ ਸੀ ਜਿੱਥੇ ਟੈਕਸ ਚੋਰੀ ਹੋਣ ਦਾ ਖ਼ੁਲਾਸਾ ਹੋਇਆ ਸੀ। ਪੰਜਾਬ ਸਰਕਾਰ ਆਪਣੇ ਵਿੱਤੀ ਵਸੀਲਿਆਂ ਵਿਚ ਇਜ਼ਾਫਾ ਕਰਨ ਵਾਸਤੇ ਅਤੇ ਟੈਕਸ ਚੋਰੀ ਦੇ ਰਸਤੇ ਬੰਦ ਕਰਨ ਲਈ ਨਵੇਂ ਰਾਹ ਤਲਾਸ਼ ਰਹੀ ਹੈ। ਇਸੇ ਤਰ੍ਹਾਂ ਇੰਟਰਲੌਕ ਟਾਈਲ ਸਨਅਤ ਦੀ ਪੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਕਾਸ ਕੰਮਾਂ ਲਈ ਆਏ ਫ਼ੰਡਾਂ ਨਾਲ ਪਿਛਲੇ ਸਮੇਂ ਤੋਂ ਇੰਟਰਲੌਕ ਟਾਈਲਾਂ ਲੱਗ ਰਹੀਆਂ ਹਨ। ਬਹੁਤੇ ਸਿਆਸਤਦਾਨ ਇੰਟਰਲੌਕ ਟਾਈਲਾਂ ਦੇ ਉਦਯੋਗ ਲਗਾ ਰਹੇ ਹਨ।
ਸੂਬਾ ਸਰਕਾਰ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਸਨਅਤਾਂ ਵੱਲੋਂ ਵੀ ਟੈਕਸ ਚੋਰੀ ਕੀਤੀ ਜਾ ਰਹੀ ਹੈ ਅਤੇ ਜੀਐਸਟੀ ਨੰਬਰ ਲੈਣ ਮਗਰੋਂ ਮਾਮੂਲੀ ਟੈਕਸ ਤਾਰਿਆ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਡੀਲਰਾਂ ਦੀ ਚੈਕਿੰਗ ਵੀ ਸ਼ੁਰੂ ਕੀਤੀ ਜਾਣੀ ਹੈ। ਜਿਹੜੇ ਪ੍ਰਾਪਰਟੀ ਡੀਲਰ ਪੁੱਡਾ ਕੋਲ ਰਜਿਸਟਰਡ ਹਨ, ਉਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ ਕਿ ਉਹ ਕਿੰਨਾ ਟੈਕਸ ਭਰ ਰਹੇ ਹਨ। ਵੱਡੇ ਸ਼ਹਿਰਾਂ ਵਿਚ ਕਈ ਪ੍ਰਾਪਰਟੀ ਡੀਲਰਾਂ ਦਾ ਕਾਰੋਬਾਰ ਕਰੋੜਾਂ ਵਿਚ ਹੈ ਪਰ ਟੈਕਸ ਘੱਟ ਭਰਿਆ ਜਾਂਦਾ ਹੈ। ਵਿੱਤ ਵਿਭਾਗ ਵੱਲੋਂ ਇਨ੍ਹਾਂ ਸਾਰੇ ਕਾਰੋਬਾਰੀ ਅਦਾਰਿਆਂ ਦੀ ਸ਼ਨਾਖ਼ਤ ਕਰਕੇ ਇਨ੍ਹਾਂ ਨੂੰ ਵਿਭਾਗੀ ਪੋਰਟਲ ’ਤੇ ਪਾਏਗਾ। ਪੰਜਾਬ ਵਿਚ ਵਿੱਤੀ ਸੰਕਟ ਦੇ ਮੱਦੇਨਜ਼ਰ ਸਰਕਾਰ ਟੈਕਸ ਚੋਰੀ ਰੋਕ ਕੇ ਪਾਈ ਪਾਈ ਇਕੱਠੇ ਕਰਨ ਦੇ ਰਾਹ ’ਤੇ ਜਾਪਦੀ ਹੈ।

Advertisement

ਆਮਦਨੀ ਵਾਧੇ ਲਈ ਨਵੇਂ ਕਦਮ ਉਠਾ ਰਹੇ ਹਾਂ: ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸੂਬੇ ਵਿੱਚ ਕਈ ਕਾਰੋਬਾਰੀ ਅਦਾਰੇ ਪਛਾਣੇ ਗਏ ਹਨ, ਜਿਨ੍ਹਾਂ ਤੋਂ ਬਹੁਤ ਘੱਟ ਟੈਕਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮਦਨ ਵਿਚ ਵਾਧਾ ਅਤੇ ਟੈਕਸ ਚੋਰੀ ਰੋਕਣ ਵਾਸਤੇ ਕਈ ਨਵੇਂ ਕਦਮ ਉਠਾ ਰਹੇ ਹਨ ਤਾਂ ਜੋ ਚੋਰੀ ਹੁੰਦਾ ਟੈਕਸ ਖ਼ਜ਼ਾਨੇ ’ਚ ਵਾਪਸ ਆ ਸਕੇ। ਉਨ੍ਹਾਂ ਕਿਹਾ ਕਿ ਬੁਟੀਕ ਸੈਂਟਰਾਂ, ਇੰਟਰਲੌਕ ਟਾਈਲ ਸਨਅਤ ਅਤੇ ਪ੍ਰਾਪਰਟੀ ਡੀਲਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।

ਜੀਐੱਸਟੀ ਨੰਬਰ ਲਿਖਣਾ ਲਾਜ਼ਮੀ

ਵਿੱਤ ਵਿਭਾਗ ਵੱਲੋਂ ਉਨ੍ਹਾਂ ਫ਼ਰਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਵੱਲੋਂ ਆਪਣਾ ਜੀਐਸਟੀ ਨੰਬਰ ਆਪਣੇ ਕਾਰੋਬਾਰੀ ਅਦਾਰੇ ਦੇ ਬਾਹਰ ਲਿਖਿਆ ਨਹੀਂ ਹੋਵੇਗਾ। ਹਰ ਕਿਸੇ ਦੁਕਾਨਦਾਰ ਲਈ ਲਾਜ਼ਮੀ ਹੈ ਕਿ ਉਹ ਜੀਐਸਟੀ ਨੰਬਰ ਨੂੰ ਆਪਣੀ ਦੁਕਾਨ ਦੇ ਫ਼ਰੰਟ ’ਤੇ ਲਿਖੇ। ਜਿਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੂੰ ਜੁਰਮਾਨੇ ਕੀਤੇ ਜਾਣਗੇ।

Advertisement

Advertisement