ਲਾਵਾਰਿਸ ਕਾਰ ’ਚੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ
ਪੱਤਰ ਪ੍ਰੇਰਕ
ਮੁਕੇਰੀਆਂ, 26 ਸਤੰਬਰ
ਪੁਲੀਸ ਨੇ ਨੇੜਲੇ ਪਿੰਡ ਖਾਨਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਖੜ੍ਹੀ ਲਾਵਾਰਿਸ ਕਾਰ ਵਿੱਚੋਂ ਸ਼ਰਾਬ ਦੀਆਂ 10 ਪੇਟੀਆਂ ਬਰਾਮਦ ਕੀਤੀਆਂ ਹਲ। ਕਬਜ਼ੇ ’ਚ ਲੈਣ ਮੌਕੇ ਕਾਰ ਦਾ ਟਾਇਰ ਪੰਕਚਰ ਸੀ ਅਤੇ ਇਸ ਵਿੱਚੋਂ ਮਿਲੀ ਸ਼ਰਾਬ ਨੂੰ ਕਥਿਤ ਪੰਚਾਇਤੀ ਚੋਣਾਂ ਵਿੱਚ ਵਰਤੇ ਜਾਣ ਦਾ ਖਦਸ਼ਾ ਪੁਲੀਸ ਨੇ ਜ਼ਾਹਿਰ ਕੀਤਾ ਹੈ।
ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖਾਨਪੁਰ ਦੇ ਵਸਨੀਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਗੁਰਦੁਆਰੇ ਕੋਲ ਇੱਕ ਕਾਰ ਕਈ ਘੰਟਿਆਂ ਤੋਂ ਖੜ੍ਹੀ ਹੈ ਜਿਸ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਮੁਕੇਰੀਆਂ ਪੁਲੀਸ ਨੇ ਪਿੰਡ ਪੁੱਜ ਕੇ ਕਾਰ ਦੀ ਚੈਕਿੰਗ ਕੀਤੀ ਤਾਂ ਕਾਰ ਵਿੱਚ ਸ਼ਰਾਬ ਦੀਆਂ 10 ਪੇਟੀਆਂ ਰੱਖੀਆਂ ਹੋਈਆਂ ਸਨ। ਪੁਲੀਸ ਨੇ ਕਾਰ ਨੰਬਰ ਪੀ.ਬੀ.54 ਡੀ 0029 ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਕਾਰ ‘ਚੋਂ ਬਰਾਮਦ ਕੀਤੀ ਸ਼ਰਾਬ ਦੀਆਂ ਸਾਰੀਆਂ ਪੇਟੀਆਂ ਵਿੱਚੋਂ ਬੈਚ ਨੰਬਰ ਮਿਟਾਇਆ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਜੋਗਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਾਰ ਦੇ ਮਾਲਕ ਅਤੇ ਸ਼ਰਾਬ ਲਿਆਉਣ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਹ ਸ਼ਰਾਬ ਕਥਿਤ ਤੌਰ ‘ਤੇ ਪੰਚਾਇਤੀ ਚੋਣਾ ਵਿੱਚ ਵਰਤਣ ਲਈ ਲਿਆਂਦੀ ਹੋ ਸਕਦੀ ਹੈ, ਪਰ ਅਸਲੀਅਤ ਕਾਰ ਦੇ ਮਾਲਕ ਦੇ ਸਾਹਮਣੇ ਆਉਣ ’ਤੇ ਹੀ ਪਤਾ ਲੱਗੇਗੀ।