ਬਾਊਪੁਰ ਦੇ ਦੋਵੇਂ ਸਕੂਲ ਪਾਣੀ ਦੀ ਮਾਰ ਹੇਠ ਆਏ
ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਇਹ ਸਕੂਲ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਸਕੂਲਾਂ ਵਿੱਚੋਂ ਹਨ। ਜੀਪੀਐਸ ਬਾਊਪੁਰ ਜਦੀਦ ਵਿੱਚ 65 ਵਿਦਿਆਰਥੀ ਜਦੋਂ ਕਿ ਹਾਈ ਸਕੂਲ ਵਿੱਚ 50 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਜਾਣਕਾਰੀ ਅਨੁਸਾਰ ਸਕੂਲ ਦਾ ਕੰਪਿਊਟਰ, ਪ੍ਰਿੰਟਰ, ਹੈੱਡਫੋਨ, ਸਕੂਲ ਦਾ ਜ਼ਰੂਰੀ ਰਿਕਾਰਡ, ਫਰਨੀਚਰ, ਮਿਡ ਡੇਅ ਮੀਲ ਲਈ ਰਾਸ਼ਨ ਆਦਿ ਸਭ ਕੁਝ ਹੜ੍ਹ ਵਿਚ ਨੁਕਸਾਨਿਆ ਗਿਆ ਹੈ। ਅਧਿਆਪਕ ਅਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਕਿਸ਼ਤੀ ਰਾਹੀਂ ਸਕੂਲ ਪੁੱਜੇ। ਅਧਿਆਪਕਾਂ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਪਹਿਲਾਂ ਹੀ ਜ਼ਰੂਰੀ ਸਮਾਨ ਨੂੰ ਕੁਝ ਉਚਾਈ ’ਤੇ ਰਖਵਾ ਦਿੱਤਾ ਸੀ ਪਰ ਜ਼ੋਰ ਨਾਲ ਆਏ ਪਾਣੀ ਕਾਰਨ ਸਭ ਕੁਝ ਹੇਠਾਂ ਆ ਕੇ ਨੁਕਸਾਨਿਆ ਗਿਆ ਹੈ। ਬਾਊਪੁਰ ਜਦੀਦ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਸਾਂਗਰਾ ਵਿੱਚ ਪਹਿਲਾਂ ਇੱਕ ਸਕੂਲ ਸੀ ਪਰ ਉਹ ਬੰਦ ਹੋ ਗਿਆ। ਸਰਪੰਚ ਨੇ ਕਿਹਾ ਕਿ ਹੜ੍ਹਾਂ ਕਾਰਨ ਇੱਥੋਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਹਨ।