ਨਾਬਾਲਗ ਕਾਤਲ ਦੇ ਫ਼ਰਾਰ ਹੋਣ ਮਗਰੋਂ ਦੋਵੇਂ ਏਐੱਸਆਈਜ਼ ਨੇ ਕੀਤੀ ਸੀ ਖ਼ੁਦਕੁਸ਼ੀ
ਹਤਿੰਦਰ ਮਹਿਤਾ
ਜਲੰਧਰ, 12 ਅਕਤੂਬਰ
ਪੁਲੀਸ ਨੇ ਖੁਰਦਪੁਰ ਰੇਲਵੇ ਸਟੇਸ਼ਨ ’ਤੇ 7 ਅਕਤੂਬਰ ਨੂੰ ਏਐੱਸਆਈ ਜੀਵਨ ਲਾਲ ਅਤੇ ਪ੍ਰੀਤਮ ਦਾਸ ਦੀ ਸ਼ੱਕੀ ਮੌਤ ਦੀ ਗੁੱਥੀ 72 ਘੰਟਿਆਂ ਵਿੱਚ ਸੁਲਝਾ ਲਈ ਗਈ। ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮੌਤ ਕੋਈ ਸਾਜ਼ਿਸ਼ ਨਹੀਂ, ਸਗੋਂ ਸਮੂਹਿਕ ਖੁਦਕੁਸ਼ੀ ਸੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲੀਸ ਨੇ ਉਸ ਦੁਕਾਨ ਦਾ ਪਤਾ ਲਾਇਆ, ਜਿੱਥੋਂ ਏਐੱਸਆਈ ਜੀਵਨ ਲਾਲ ਨੇ ਸਲਫਾਸ ਦੀਆਂ ਦੋ ਸ਼ੀਸ਼ੀਆਂ ਖਰੀਦੀਆਂ ਸਨ। ਪਤਾ ਲੱਗਿਆ ਹੈ ਕਿ ਮੁਲਜ਼ਮ ਦੇ ਫ਼ਰਾਰ ਹੋਣ ਤੋਂ ਸਿਰਫ਼ 50 ਮਿੰਟ ਬਾਅਦ ਹੀ ਦੋਵੇਂ ਏਐੱਸਆਈਜ਼ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁਲੀਸ ਛੇਤੀ ਹੀ ਕਤਲ ਕੇਸ ਦੇ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ। ਡੀਐੱਸਪੀ ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਜਾਂਚ ਟੀਮ ਨੇ ਹੁਸ਼ਿਆਰਪੁਰ ਤੋਂ ਕਪੂਰਥਲਾ ਅਦਾਲਤ ਵਿੱਚ ਪੇਸ਼ੀ ਤੱਕ ਦੇ ਰਸਤੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪੇਸ਼ੀ ਤੋਂ ਬਾਅਦ ਉਨ੍ਹਾਂ ਦੀ ਕਾਰ ਰਸਤੇ ਵਿੱਚ ਕਿਤੇ ਨਹੀਂ ਰੁਕੀ। ਸ਼ਾਮੀਂ ਜਦੋਂ ਕਾਰ ਆਦਮਪੁਰ ਪੁੱਜੀ ਤਾਂ ਉੱਥੇ ਭੀੜ ਸੀ। ਡਰਾਈਵਰ ਏਐੱਸਆਈ ਹਰਜਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਜਿਵੇਂ ਹੀ ਕਾਰ ਦੀ ਰਫ਼ਤਾਰ ਹੌਲੀ ਹੋਈ ਤਾਂ ਮੁਲਜ਼ਮ ਫ਼ਰਾਰ ਹੋ ਗਿਆ। ਦੋਵੇਂ ਏਐੱਸਆਈਜ਼ ਉਸ ਦੀ ਭਾਲ ਲਈ ਭੱਜੇ। ਮਗਰੋਂ ਉਨ੍ਹਾਂ ਭਗਵੰਤ ਸਿੰਘ ਨਾਮ ਦੇ ਵਿਅਕਤੀ ਤੋਂ ਮੋਟਰਸਾਈਕਲ ਮੰਗਿਆ। ਆਦਮਪੁਰ ਦੀ ਰੇਲਵੇ ਰੋਡ ’ਤੇ ਲੱਗੇ ਸੀਸੀਟੀਵੀ ਤੋਂ ਸੁਰਾਗ ਮਿਲਿਆ ਕਿ ਏਐੱਸਆਈ ਜੀਵਨ ਲਾਲ ਨੇ ਬੀਜ ਖਾਦ ਸਟੋਰ ਤੋਂ 4.50 ਵਜੇ ਸਲਫਾਸ ਖਰੀਦੀ ਸੀ। ਦੁਕਾਨ ਮਾਲਕ ਅਮਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ।