ਡਰਾਈਵਰੀ ਦੀ ਆੜ ’ਚ ਅਫੀਮ ਸਪਲਾਈ ਵਾਲੇ ਦੋਵੇਂ ਭਰਾ ਗ੍ਰਿਫ਼ਤਾਰ
ਗਗਨਦੀਪ ਅਰੋੜਾ
ਲੁਧਿਆਣਾ, 22 ਜੁਲਾਈ
ਬਿਹਾਰ ਤੋਂ ਟਰੱਕ ਦੇ ਰਾਹੀਂ ਅਫ਼ੀਮ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ 2 ਸਕੇ ਭਰਾਵਾਂ ਨੂੰ ਲੁਧਿਆਣਾ ਪੁਲੀਸ ਦੇ ਸੀਆਈਏ-2 ਦੀ ਟੀਮ ਨੇ ਕਾਬੂ ਕੀਤਾ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਵੱਖ-ਵੱਖ ਥਾਂਵਾਂ ਤੋਂ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਕਿਲੋ ਅਫ਼ੀਮ ਦੇ ਨਾਲ ਨਾਲ ਤਸਕਰੀ ਲਈ ਵਰਤਿਆ ਜਾਣ ਵਾਲਾ ਟਰੱਕ ਵੀ ਬਰਾਮਦ ਕਰ ਲਿਆ ਹੈ।
ਇਸ ਮਾਮਲੇ ’ਚ ਪੁਲੀਸ ਨੇ ਬਿਹਾਰ ਵਾਸੀ ਕੁੰਦਨ ਕੁਮਾਰ ਯਾਦਵ ਤੇ ਉਸਦੇ ਭਰਾ ਗੁੰਜਣ ਕੁਮਾਰ ਯਾਦਵ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੋਹਾਂ ਮੁਲਜ਼ਮਾਂ ਨੂੰ ਸ਼ਨਿੱਚਰਵਾਰ ਅਦਾਲਤ ’ਚ ਪੇਸ਼ ਕਰ 2 ਦਨਿਾਂ ਰਿਮਾਂਡ ’ਤੇ ਲੈ ਕੇ ਪੁਲੀਸ ਨੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਪੁਲੀਸ ਨੇ ਸ਼ੇਰਪੁਰ ਚੌਂਕ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਕੁੰਦਨ ਕੁਮਾਰ ਯਾਦਵ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਮੁਲਜ਼ਮ ਟਰੱਕ ਡਰਾਈਵਰੀ ਦੀ ਆੜ ’ਚ ਇਸ ਧੰਦੇ ਨੂੰ ਅੰਜਾਮ ਦਿੰਦਾ ਹੈ। ਪੁਲੀਸ ਨੇ ਮੁਲਜ਼ਮ ਨੂੰ ਟਰੱਕ ਲੈ ਕੇ ਜਾਂਦੇ ਹੋਏ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਉਸ ਕੋਲੋਂ ਅਫ਼ੀਮ ਬਰਾਮਦ ਕੀਤੀ। ਪੁਲੀਸ ਅਨੁਸਾਰ ਮੁਲਜ਼ਮ ਤੋਂ ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਅਫ਼ੀਮ ਬਿਹਾਰ ਦੇ ਜ਼ਿਲ੍ਹਾ ਬਾਂਕਾ ਤੋਂ ਲਿਆਉਂਦਾ ਸੀ ਤੇ ਆਪਣੇ ਭਰਾ ਗੁੰਜਣ ਕੁਮਾਰ ਯਾਦਵ ਦੇ ਰਾਹੀਂ ਮੰਗਵਾ ਕੇ ਅੱਗੇ ਟ੍ਰਾਂਸਪੋਰਟ ਨਗਰ ਇਲਾਕੇ ’ਚ ਡਰਾਈਵਰਾਂ ਨੂੰ ਸਪਲਾਈ ਕਰਦਾ ਹੈ। ਉਹ 90 ਹਜ਼ਾਰ ਰੁਪਏ ਕਿਲੋ ਦੇ ਹਿਸਾਬ ਨਾਲ ਲਿਆ ਕੇ ਅਫ਼ੀਮ ਮਹਿੰਗੇ ਭਾਅ ’ਤੇ ਵੇਚਦਾ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਪਤਾ ਲਾਉਣ ’ਚ ਲੱਗੀ ਹੈ ਕਿ ਉਹ ਅਫ਼ੀਮ ਕਿਸ ਵਿਅਕਤੀ ਤੋਂ ਲਿਆਉਂਦਾ ਸੀ ਤੇ ਕਨਿ੍ਹਾਂ ਲੋਕਾਂ ਨੂੰ ਸਪਲਾਈ ਕਰਦੇ ਸਨ।
ਨਸ਼ੀਲੇ ਪਦਾਰਥਾਂ ਸਮੇਤ ਤਿੰਨ ਗ੍ਰਿਫ਼ਤਾਰ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਐਟੀ ਨਾਰਕੋਟੈਕ ਸੈੱਲ-2 ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਹ ਟੀ-ਪੁਆਇੰਟ ਸਟਾਰ ਰੋਡ ਨੇੜੇ ਲੱਕੜ ਦਾ ਆਰਾ ਲੁਹਾਰਾ ਮੌਜੂਦ ਸੀ ਤਾਂ ਅਮਿਤ ਕੁਮਾਰ ਵਾਸੀ ਗਲੀ ਨੰਬਰ 10 ਨਿਊ ਸ਼ਿਮਲਾਪੁਰੀ ਅਤੇ ਮਨੀ ਸਿੰਘ ਵਾਸੀ ਗਲੀ ਨੰਬਰ 3 ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਪਿੰਡ ਲੁਹਾਰਾ ਵੱਲੋਂ ਆ ਰਹੇ ਸਨ, ਜਨਿ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 150 ਗ੍ਰਾਮ ਹੈਰੋਇਨ ਅਤੇ 42 ਗ੍ਰਾਮ ਮੈਥਾਮਫੇਟਾਮਾਈਜ਼ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 2 ਦੇ ਥਾਣੇਦਾਰ ਦੀਦਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਜਗਰਾਉ ਪੁੱਲ ਕੋਲ ਸ਼ੱਕ ਦੀ ਬਨਿਾਅ ’ਤੇ ਹਰਸ਼ ਕਪੂਰ ਵਾਸੀ ਮੁਰਾਦਪੁਰਾ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 18 ਪੱਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਕਿਲੋ ਅਫੀਮ ਸਮੇਤ ਇਕ ਗ੍ਰਿਫ਼ਤਾਰ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੀ ਥਾਣਾ ਸਿਟੀ-2 ਦੀ ਪੁਲੀਸ ਨੇ 1 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਅਮਲੋਹ ਚੌਕ ਵਿੱਚ ਮੌਜੂਦ ਸੀ ਤਾਂ ਬੱਸ ਸਟੈਂਡ ਵੱਲੋਂ ਇਕ ਵਿਅਕਤੀ ਪੈਦਲ ਆ ਰਿਹਾ ਸੀ, ਜਿਸ ਦੇ ਹੱਥ ਵਿੱਚ ਵਜ਼ਨਦਾਰ ਲਿਫ਼ਾਫਾ ਫੜਿਆ ਹੋਇਆ ਸੀ, ਜੋ ਸਾਹਮਣੇ ਪੁਲੀਸ ਖੜ੍ਹੀ ਦੇਖ ਕੇ ਘਬਰਾ ਗਿਆ ਅਤੇ ਮੰਡੀ ਗੋਬਿੰਦਗੜ੍ਹ ਸਾਈਡ ਵੱਲ ਤੁਰ ਪਿਆ। ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇਕ ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਨਰਿੰਦਰ ਸਿੰਘ ਉਰਫ਼ ਨਿੰਦੀ ਵਾਸੀ ਕਬੀਰ ਨਗਰ ਡਾਬਾ ਰੋਡ ਲੁਧਿਆਣਾ ਵਜੋਂ ਹੋਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।