ਦੋਵੇਂ ਬੈਂਸ ਭਰਾ ਇੱਕ ਹੋਰ ਮਾਮਲੇ ਵਿੱਚੋਂ ਬਰੀ ਹੋਏ
ਗੁਰਿੰਦਰ ਸਿੰਘ
ਲੁਧਿਆਣਾ, 16 ਨਵੰਬਰ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੂੰ 55 ਪੇਸ਼ੀਆਂ ਭੁਗਤਣ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਬੈਂਸ ਭਰਾਵਾਂ ਤੇ ਥਾਣਾ ਡਵੀਜ਼ਨ ਨੰਬਰ 5 ਵਿੱਚ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮੁਕਦਮਾ ਨੰਬਰ 206 ਅਧੀਨ ਧਾਰਾ 188, 269 ਆਈਪੀਸੀ ਤਹਿਤ ਦਰਜ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੱਚ ਨੂੰ ਪ੍ਰੇਸ਼ਾਨ ਤਾਂ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ। ਇਤਿਹਾਸ ਗਵਾਹ ਹੈ ਕਿ ਹਮੇਸ਼ਾ ਸੱਚ ਦੀ ਹੀ ਜਿੱਤ ਹੋਈ ਹੈ ਚਾਹੇ ਜਿੰਨੀਆਂ ਵੀ ਔਕੜਾਂ ਆ ਜਾਣ ਪਰ ਸੱਚ ਕਦੀ ਵੀ ਕਿਸੇ ਤੋਂ ਛੁੱਪ ਨਹੀਂ ਸਕਦਾ ਅਤੇ ਇੱਕ ਦਿਨ ਦੁਨੀਆਂ ਦੇ ਸਾਹਮਣੇ ਆਉਂਦਾ ਹੀ ਹੈ। ਸ੍ਰੀ ਬੈਂਸ ਨੇ ਕਿਹਾ, ‘‘ਉਸ ਸਮੇਂ ਦੀ ਹਕੂਮਤ ਦੇ ਸਿਆਸੀ ਦਬਾਅ ਹੇਠ ਮੇਰੇ ਅਤੇ ਮੇਰੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਉਪਰ ਝੂਠਾ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀਆਂ ਦੋਵੇਂ ਭਰਾਵਾਂ ਨੂੰ 55 ਪੇਸ਼ੀਆਂ ਭੁਗਤਣੀਆਂ ਪਈਆਂ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਪੀੜਾ ਦਾ ਵੀ ਸਾਹਮਣਾ ਕਰਨਾ ਪਿਆ।’’ ਉਨ੍ਹਾਂ ਆਪਣੇ ਵਕੀਲ ਵਜਿੇ ਬੀ ਵਰਮਾ ਅਤੇ ਚੇਤਨ ਵਰਮਾ (ਪ੍ਰਧਾਨ ਬਾਰ ਐਸੋਸੀਏਸ਼ਨ), ਐਡਵੋਕੇਟ ਕੁਲਵਿੰਦਰ ਕੌਰ ਅਤੇ ਜਸਵਿੰਦਰ ਸਿੰਘ ਸਿੰਬਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਣਯੋਗ ਵਕੀਲਾਂ ਦੀਆਂ ਦਿੱਤੀਆਂ ਦਲੀਲਾਂ ਨੇ ਸਰਕਾਰ ਨੂੰ ਸੱਚ ਦਾ ਆਈਨਾ ਵਿਖਾਇਆ ਹੈ।