For the best experience, open
https://m.punjabitribuneonline.com
on your mobile browser.
Advertisement

ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਸੀਲ, ਰਾਹਗੀਰ ਪ੍ਰੇਸ਼ਾਨ

09:25 AM Feb 12, 2024 IST
ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਸੀਲ  ਰਾਹਗੀਰ ਪ੍ਰੇਸ਼ਾਨ
ਕੌਮੀ ਮਾਰਗ ਬੰਦ ਕੀਤੇ ਜਾਣ ਕਾਰਨ ਸ਼ੰਭੂ ਬੈਰੀਅਰ ਨੇੜੇ ਘੱਗਰ ਦਰਿਆ ’ਚੋਂ ਲੰਘਦੇ ਹੋਏ ਪੰਜਾਬ ਤੇ ਹਰਿਆਣਾ ਦੇ ਰਾਹਗੀਰ। -ਫੋਟੋ: ਰਾਜੇਸ਼ ਸੱਚਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਕੇਂਦਰ ਸਰਕਾਰ ਨਾਲ ਜੁੜੀਆਂ ਕਿਸਾਨੀ ਮੰਗਾਂ ਤੇ ਹੋਰਨਾਂ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ਤੋਂ ਦਿੱਲੀ ਜਾਣ ਵਾਲੇ ਕੌਮੀ ਮਾਰਗ ’ਤੇ ਵੱਡੇ-ਵੱਡੇ ਪੱਥਰ ਲਗਾ ਕੇ ਅਤੇ ਸੜਕ ’ਤੇ ਕਿੱਲਾਂ ਵਿਛਾ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ, ਜਿਸ ਕਾਰਨ ਸਰਹੱਦ ’ਤੇ ਲੱਗਦੇ ਸ਼ਹਿਰਾਂ ਵਿੱਚ ਆਵਾਜਾਈ ਠੱਪ ਹੋਈ ਪਈ ਹੈ। ਉੱਧਰ, ਭਾਵੇਂ ਕਿ ਪੁਲੀਸ ਵੱਲੋਂ ਲੋਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਲੰਘਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਕਈ-ਕਈ ਘੰਟੇ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਹਰਿਆਣਾ ਪੁਲੀਸ ਦੀ ਏਡੀਜੀਪੀ (ਲਾਅ ਐਂਡ ਆਰਡਰ) ਮਮਤਾ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਪ੍ਰੋਗਰਾਮ ਕਰ ਕੇ ਸੜਕਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਨੰਬਰ-44 ਦਿੱਲੀ-ਚੰਡੀਗੜ੍ਹ ਹਾਈਵੇਅ ਬੰਦ ਹੋਣ ਕਰ ਕੇ ਲੋਕਾਂ ਨੂੰ ਦਿੱਕਤ ਆ ਰਹੀ ਹੈ, ਇਸ ਲਈ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਡੇਰਾਬੱਸੀ, ਬਰਵਾਲਾ, ਰਾਮਗੜ੍ਹ, ਸਾਹਾ, ਸ਼ਾਹਬਾਦ ਤੇ ਕੁਰੂਕਸ਼ੇਤਰ ਹੋ ਕੇ ਦਿੱਲੀ ਪਹੁੰਚ ਸਕਦੇ ਹਨ। ਹਰਿਆਣਾ ਦੀ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਰੂਟਾਂ ਦੇ ਸਹਾਰੇ ਹੀ ਲੋਕ ਚੰਡੀਗੜ੍ਹ ਪਹੁੰਚ ਸਕਦੇ ਹਨ। ਦੂਜੇ ਪਾਸੇ ਰਾਜਪੁਰਾ ਤੋਂ ਅੰਬਾਲਾ ਜਾਣ ਵਾਲੇ ਲੋਕਾਂ ਲਈ ਰਾਜਪੁਰਾ ਗਗਨ ਚੌਕ ਤੋਂ ਸੜਕ ਬੰਦ ਕੀਤੀ ਗਈ ਹੈ, ਇਸ ਲਈ ਰਾਜਪੁਰਾ ਦੇ ਗਗਨ ਚੌਕ ਤੋਂ ਬਨੂੜ, ਡੇਰਾਬੱਸੀ, ਲਾਲੜੂ ਤੋਂ ਹੁੰਦੇ ਹੋਏ ਅੰਬਾਲਾ ਤੱਕ ਰਾਹ ਤਿਆਰ ਕੀਤਾ ਹੈ।

Advertisement

ਸਰਹੱਦਾਂ ਸੀਲ ਹੋਣ ਦੇ ਬਾਵਜੂਦ ਕਿਸਾਨਾਂ ਨੇ ਹਰਿਆਣਾ ਨੂੰ ਪਾਏ ਚਾਲੇ

ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੇ ਅੱਜ ਹਰਿਆਣਾ ਪੁਲੀਸ ਨੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ’ਚੋਂ ਹਰਿਆਣਾ ਵਿੱਚ ਜਾਣ ਵਾਲੀਆਂ ਲਿੰਕ ਸੜਕਾਂ ਉੱਤੇ ਵੀ ਪਹਿਰੇਦਾਰੀ ਲਗਾ ਕੇ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉੱਧਰ, ਮਾਨਸਾ ਇਲਾਕੇ ’ਚੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਕਾਕਾ ਸਿੰਘ ਕੋਟੜਾ ਹੋਰਿਆਂ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ’ਚੋਂ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਨੇ ਹਰਿਆਣਾ ਵੱਲ ਚਾਲੇ ਪਾ ਦਿੱਤੇ ਹਨ। ਟਰੈਕਟਰਾਂ ਦੇ ਇਹ ਕਾਫ਼ਲੇ ਖਨੌਰੀ ਹੋ ਕੇ ਹਰਿਆਣਾ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ।

Advertisement

ਸ਼ੰਭੂ ਬਾਰਡਰ ’ਤੇ ਪੱਤਰਕਾਰਾਂ ਤੇ ਹਰਿਆਣਾ ਪੁਲੀਸ ਵਿਚਾਲੇ ਤਕਰਾਰ

ਪਟਿਆਲਾ (ਸਰਬਜੀਤ ਸਿੰਘ ਭੰਗੂ): ਪਟਿਆਲਾ ਜ਼ਿਲ੍ਹੇ ’ਚ ਪੈਂਦੇ ‘ਸ਼ੰਭੂ’ ਸਣੇ ਢਾਬੀਗੁੱਜਰਾਂ ਅਤੇ ਰਾਮਨਗਰ ’ਤੇ ਆਧਾਰਿਤ ਕੁੱਲ ਤਿੰਨ ਪ੍ਰਮੁੱਖ ਮਾਰਗਾਂ ’ਤੇ ਰੋਕਾਂ ਕੱਲ੍ਹ ਨਾਲੋਂ ਵੀ ਵਧੇਰੇ ਮਜ਼ਬੂਤ ਕਰਦਿਆਂ ਅੱਜ ਪਟਿਆਲਾ-ਪਿਹੋਵਾ ’ਤੇ ਆਧਾਰਿਤ ਚੌਥਾ ਮੁੱਖ ਮਾਰਗ ਵੀ ਹਰਿਆਣਾ ਸਰਕਾਰ ਨੇ ਸੀਲ ਕਰ ਦਿੱਤਾ ਹੈ। ਇਨ੍ਹਾਂ ਚਾਰੋਂ ਥਾਵਾਂ ’ਤੇ ਲੋਹੇ ਦੀਆਂ ਉੱਚੀਆਂ, ਚੌੜੀਆਂ ਤੇ ਮਜ਼ਬੂਤ ਚਾਦਰਾਂ ਸਣੇ ਸਰੀਏ, ਬਜਰੀ ਅਤੇ ਸੀਮਿੰਟ ਦੇ ਮਿਸ਼ਰਣ ਨਾਲ ਅਤਿ ਮਜ਼ਬੂਤ ਬੰਨ੍ਹ ਨੁਮਾ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਸ ਕਾਰਵਾਈ ਖ਼ਿਲਾਫ਼ ਸ਼ੰਭੂ ਨੇੜੇ ਪੰਜਾਬ ਦੇ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਹਰਿਆਣਾ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਇੱਥੇ ਕੁੱਝ ਪੱਤਰਕਾਰਾਂ ਨੇ ਹਰਿਆਣਾ ਪੁਲੀਸ ’ਤੇ ਉਨ੍ਹਾਂ ਦੇ ਕੈਮਰੇ ਖੋਹਣ ਦੀ ਕੋਸ਼ਿਸ਼ ਕਰਨ ਸਣੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲਗਾਏ। ਉੱਥੇ ਮੌਜੂਦ ਪੰਜਾਬ ਪੁਲੀਸ ਦੇ ਕੁਝ ਮੁਲਾਜ਼ਮਾਂ ਅਤੇ ਕਿਸਾਨਾਂ ਨੇ ਦਖ਼ਲ ਦਿੰਦਿਆਂ ਮਾਮਲੇ ਨੂੰ ਸ਼ਾਂਤ ਕਰਵਾਇਆ। ਉਧਰ ਹਰਿਆਣਾ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੇ ਜਾਣ ਕਾਰਨ ਗੁਆਂਢੀ ਸੂਬੇ ਨਾਲ ਲੱਗਦੇ ਪੰਜਾਬ ਦੇ ਇਲਾਿਕਆਂਵਿੱਚ ਵੀ ਇਹ ਸੇਵਾਵਾਂ ਪ੍ਰਭਾਿਵਤ ਹੋ ਰਹੀਆਂ ਹਨ।

Advertisement
Author Image

Advertisement