ਚੀਨ ਨਾਲ ਸਬੰਧਾਂ ਦੇ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਜੈਸ਼ੰਕਰ
ਨਵੀਂ ਦਿੱਲੀ, 3 ਦਸੰਬਰ
ਭਾਰਤ ਨੇ ਅੱਜ ਕਿਹਾ ਕਿ ਉਹ ਸਰਹੱਦੀ ਮੁੱਦਿਆਂ ਦਾ ਨਿਰਪੱਖ ਤੇ ਆਪਸੀ ਤਾਲਮੇਲ ਨਾਲ ਸਵੀਕਾਰਨਯੋਗ ਹੱਲ ਕੱਢਣ ਲਈ ਚੀਨ ਨਾਲ ਸੰਪਰਕ ’ਚ ਬਣੇ ਰਹਿਣ ਲਈ ਪ੍ਰਤੀਬੱਧ ਹੈ ਪਰ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਅਸਲ ਕੰਟਰੋਲ ਰੇਖਾ (ਐੱਲਏਸੀ) ਦੀ ਮਰਿਆਦਾ ਦਾ ਸਖ਼ਤੀ ਨਾਲ ਸਨਮਾਨ ਕਰਨ ਅਤੇ ਸਮਝੌਤਿਆਂ ਦਾ ਪਾਲਣ ਕਰਨ ’ਤੇ ਨਿਰਭਰ ਕਰਨਗੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੋਕ ਸਭਾ ’ਚ ਭਾਰਤ-ਚੀਨ ਸਬੰਧਾਂ ਦੀ ਇਤਿਹਾਸਕ ਪਿੱਠਭੂਮੀ ਅਤੇ ਗਲਵਾਨ ਘਾਟੀ ਦੀ ਝੜਪ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਤੇ ਚੀਨ ਦੇ ਸਬੰਧ 2020 ਤੋਂ ਵਿਗੜੇ ਰਹੇ ਜਦੋਂ ਚੀਨ ਦੀਆਂ ਕਾਰਵਾਈਆਂ ਕਾਰਨ ਸਰਹੱਦੀ ਖੇਤਰ ’ਚ ਸ਼ਾਂਤੀ ਦੀ ਸਥਿਤੀ ਭੰਗ ਹੋਈ। ਜੈਸ਼ੰਕਰ ਨੇ ਕਿਹਾ ਕਿ ਕਈ ਗੇੜਾਂ ਦੀ ਪ੍ਰਕਿਰਿਆ ਰਾਹੀਂ ਪੂਰਬੀ ਲੱਦਾਖ ’ਚ ਸੈਨਿਕਾਂ ਦੀ ਵਾਪਸੀ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਪਸਾਂਗ ਤੇ ਡੈਮਚੌਕ ’ਚ ਇਹ ਪ੍ਰਕਿਰਿਆ ਮੁਕੰਮਲ ਹੋਣੀ ਹੈ। ਵਿਦੇਸ਼ ਮੰਤਰੀ ਅਨੁਸਾਰ ਭਾਰਤ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਸੀ ਕਿ ਸਾਰੀਆਂ ਸਥਿਤੀਆਂ ’ਚ ਤਿੰਨ ਪ੍ਰਮੁੱਖ ਸਿਧਾਂਤਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਤਿੰਨੇ ਸਿਧਾਂਤ ਸਮਝਾਉਂਦਿਆਂ ਕਿਹਾ, ‘ਦੋਵਾਂ ਧਿਰਾਂ ਨੂੰ ਅਸਲ ਕੰਟਰੋਲ ਰੇਖਾ ਦਾ ਸਖਤੀ ਨਾਲ ਪਾਲਣ ਤੇ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਧਿਰ ਨੂੰ ਸਥਿਤੀ ਬਦਲਣ ਦੀ ਇਕਪਾਸੜ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ।’ -ਪੀਟੀਆਈ
ਕੰਟਰੋਲ ਰੇਖਾ ਦੇ ਮੁੱਦੇ ’ਤੇ ਕਾਂਗਰਸ ਨੇ ਵਿਦੇਸ਼ ਮੰਤਰੀ ਨੂੰ ਘੇਰਿਆ
ਨਵੀਂ ਦਿੱਲੀ:
ਕਾਂਗਰਸ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਲੋਕ ਸਭਾ ’ਚ ਭਾਸ਼ਣ ਦਿੱਤੇ ਜਾਣ ਮਗਰੋਂ ਅੱਜ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਅਪਰੈਲ, 2020 ਦੀ ਸਥਿਤੀ ਕਦੋਂ ਬਹਾਲ ਹੋਵੇਗੀ। ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ੍ਰੀਨੇਤ ਨੇ ਪੱਤਰਕਾਰਾਂ ਨੂੰ ਕਿਹਾ, ‘ਜੈਸ਼ੰਕਰ ਜੀ ਤੋਂ ਇਸ ਦੇਸ਼ ਨੂੰ ਦੋ ਸਵਾਲ ਪੁੱਛਣੇ ਚਾਹੀਦੇ ਹਨ। ਪਹਿਲਾ ਇਹ ਕਿ ਪ੍ਰਧਾਨ ਮੰਤਰੀ ਚੀਨ ਦਾ ਨਾਂ ਕਿਉਂ ਨਹੀਂ ਲੈਂਦੇ?’ ਉਨ੍ਹਾਂ ਕਿਹਾ, ‘ਅਪਰੈਲ 2020 ਵਾਲੀ ਸਥਿਤੀ ਕਦੋਂ ਬਹਾਲ ਹੋਵੇਗੀ?’ -ਪੀਟੀਆਈ
ਤਣਾਅ ਦੇ ਬਾਵਜੂਦ ਚੀਨ ਤੋਂ ਦਰਾਮਦ ਕਿਵੇਂ ਵਧੀ: ਗੌਰਵ ਗੋਗੋਈ
ਨਵੀਂ ਦਿੱਲੀ:
ਕਾਂਗਰਸ ਆਗੂ ਗੌਰਵ ਗੋਗੋਈ ਨੇ ਅੱਜ ਭਾਰਤ-ਚੀਨ ਵਿਚਾਲੇ ਰਿਸ਼ਤੇ ਤਣਾਅ ਭਰੇ ਹੋਣ ਦੇ ਬਾਵਜੂਦ ਚੀਨ ਤੋਂ ਦਰਾਮਦ ਵੱਧਣ ’ਤੇ ਸਵਾਲ ਚੁੱਕੇ। ਲੋਕ ਸਭਾ ’ਚ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ’ਤੇ ਬਹਿਸ ਦੌਰਾਨ ਗੋਗੋਈ ਨੇ ਹੈਰਾਨੀ ਜਤਾਈ ਕਿ ਜਦੋਂ ਸਰਕਾਰ ਦਾਅਵਾ ਕਰ ਰਹੀ ਹੈ ਕਿ 2020 ਤੋਂ ਚੀਨ ਨਾਲ ਕੋਈ ਰਿਸ਼ਤੇ ਨਹੀਂ ਹਨ ਤਾਂ ਅਜਿਹੇ ’ਚ ਚੀਨ ਨਾਲ ਵਪਾਰ ਕਿਸ ਤਰ੍ਹਾਂ ਵਧ ਸਕਦਾ ਹੈ। ਗੋਗੋਈ ਨੇ ਕਿਹਾ, ‘ਵਿਦੇਸ਼ ਮੰਤਰੀ ਕਹਿ ਰਹੇ ਹਨ ਕਿ ਚੀਨ ਨਾਲ ਸਾਡੇ ਰਿਸ਼ਤੇ ਪਹਿਲਾਂ ਜਿਹੇ ਨਹੀਂ ਰਹੇ। ਇਹ ਰਿਸ਼ਤੇ ਹੁਣ ਠੀਕ ਨਹੀਂ ਹਨ। ਇਸ ਸਰਕਾਰ ਦਾ ਖੱਬਾ ਹੱਥ ਇਹ ਨਹੀਂ ਜਾਣਦਾ ਕਿ ਸੱਜਾ ਹੱਥ ਕੀ ਕਰ ਰਿਹਾ ਹੈ।’ ਉਨ੍ਹਾਂ ਸਵਾਲ ਕੀਤਾ, ‘ਵਿਦੇਸ਼ ਮੰਤਰੀ ਕਹਿੰਦੇ ਹਨ ਕਿ ਸਰਹੱਦ ’ਤੇ ਚੀਨ ਨਾਲ ਝੜਪਾਂ ਮਗਰੋਂ ਰਿਸ਼ਤੇ ਪਹਿਲਾਂ ਜਿਹੇ ਨਹੀਂ ਹਨ ਫਿਰ ਚੀਨ ਤੋਂ ਦਰਾਮਦ ਕਿਸ ਤਰ੍ਹਾਂ ਵਧ ਗਈ। ਅਸੀਂ ਚੀਨ ਤੋਂ ਪਹਿਲਾਂ ਨਾਲੋਂ ਵੱਧ ਦਰਾਮਦ ਕਰ ਰਹੇ ਹਾਂ। ਕੀ ਇਹ ਸਬੂਤ ਹੈ?’ ਉਨ੍ਹਾਂ ਨੋਟਬੰਦੀ ਤੇ ਚੋਣ ਬਾਂਡ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। -ਪੀਟੀਆਈ