For the best experience, open
https://m.punjabitribuneonline.com
on your mobile browser.
Advertisement

ਬੋਪੰਨਾ-ਐਬਡਨ ਨੇ ਮਿਆਮੀ ਓਪਨ ਡਬਲਜ਼ ਦਾ ਖ਼ਿਤਾਬ ਜਿੱਤਿਆ

07:45 AM Apr 01, 2024 IST
ਬੋਪੰਨਾ ਐਬਡਨ ਨੇ ਮਿਆਮੀ ਓਪਨ ਡਬਲਜ਼ ਦਾ ਖ਼ਿਤਾਬ ਜਿੱਤਿਆ
ਜੇਤੂ ਟਰਾਫੀ ਨਾਲ ਰੋਹਨ ਬੋਪੰਨਾ ਤੇ ਮੈਥਿਊ ਐਬਡਨ।
Advertisement

ਮਿਆਮੀ, 31 ਮਾਰਚ
ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਸਭ ਤੋਂ ਵੱਡੀ ਉਮਰ ਦੇ ਏਟੀਪੀ ਮਾਸਟਰਜ਼ 1000 ਚੈਂਪੀਅਨ ਬਣਨ ਦੇ ਆਪਣੇ ਰਿਕਾਰਡ ਵਿੱਚ ਸੁਧਾਰ ਕਰਦਿਆਂ ਆਸਟਰੇਲੀਆ ਦੇ ਜੋੜੀਦਾਰ ਮੈਥਿਊ ਐਬਡਨ ਨਾਲ ਇੱਥੇ ਮਿਆਮੀ ਓਪਨ ਵਿੱਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। ਇਸ ਸਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 44 ਸਾਲਾ ਬੋਪੰਨਾ ਅਤੇ ਐਬਡਨ ਦੀ ਜੋੜੀ ਨੇ ਸ਼ੁਰੂਆਤੀ ਸੈੱਟ ਵਿੱਚ ਪੱਛੜਣ ਮਗਰੋਂ ਹਾਰਡ ਰੌਕ ਸਟੇਡੀਅਮ ਵਿੱਚ ਕ੍ਰੋਏਸ਼ੀਆ ਦੇ ਇਵਾਨ ਡੌਡਿਗ ਅਤੇ ਅਮਰੀਕਾ ਦੇ ਆਸਟਿਨ ਕ੍ਰੈਜਿਸੇਕ ਦੀ ਜੋੜੀ ’ਤੇ 6-7(3), 6-3, 10-6 ਨਾਲ ਜਿੱਤ ਦਰਜ ਕੀਤੀ।
ਇਸ ਜਿੱਤ ਨਾਲ ਹੀ ਬੋਪੰਨਾ ਨੇ ਪਿਛਲੇ ਸਾਲ ਬਣਾਏ ਆਪਣੇ ਹੀ ਰਿਕਾਰਡ ਵਿੱਚ ਸੁਧਾਰ ਕੀਤਾ ਹੈ। ਉਸ ਨੇ ਬੀਤੇ ਸਾਲ 43 ਸਾਲ ਦੀ ਉਮਰ ਵਿੱਚ ਇੰਡੀਅਨ ਵੇਲਜ਼ ਖ਼ਿਤਾਬ ਜਿੱਤਿਆ ਸੀ। ਉਸ ਨੇ ਇਸ ਦੇ ਨਾਲ ਹੀ ਡਬਲਜ਼ ਦਰਜਾਬੰਦੀ ਵਿੱਚ ਚੋਟੀ ਦਾ ਸਥਾਨ ਵੀ ਹਾਸਲ ਕੀਤਾ ਹੈ। ਇਹ ਬੋਪੰਨਾ ਦਾ 14ਵਾਂ ਏਟੀਪੀ ਮਾਸਟਰਜ਼ 1000 ਫਾਈਨਲ ਸੀ। ਇਸ ਮਾਹਿਰ ਭਾਰਤੀ ਖਿਡਾਰੀ ਦਾ ਇਹ 63ਵਾਂ ਏਟੀਪੀ ਟੂਰ ਪੱਧਰ ਦਾ ਫਾਈਨਲ ਤੇ 26ਵਾਂ ਡਬਲਜ਼ ਖ਼ਿਤਾਬ ਸੀ। ਬੋਪੰਨਾ ਨੇ ਇਸ ਦੌਰਾਨ ਇੱਕ ਹੋਰ ਪ੍ਰਾਪਤੀ ਕੀਤੀ ਹੈ। ਉਹ ਲਿਏਂਡਰ ਪੇਸ ਮਗਰੋਂ ਸਾਰੇ ਨੌਂ ਏਟੀਪੀ ਮਾਸਟਰਜ਼ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੂਸਰਾ ਭਾਰਤੀ ਬਣ ਗਿਆ ਹੈ।
ਬੋਪੰਨਾ ਨੇ ਜਿੱਤ ਮਗਰੋਂ ਕਿਹਾ, ‘‘ਇਹ ਹੈਰਾਨੀਜਨਕ ਹੈ। ਅਸੀਂ ਵੱਡੇ ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਇਸੇ ਲਈ ਖੇਡਦੇ ਹਾਂ।’’ ਇਸ ਸਾਲ ਆਸਟਰੇਲੀਅਨ ਓਪਨ ਵਿੱਚ ਆਪਣਾ ਪਹਿਲਾ ਡਬਲਜ਼ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਬੋਪੰਨਾ ਨੇ ਕਿਹਾ, ‘‘ਮੈਂ ਮਾਸਟਰਜ਼ 1000 ਅਤੇ ਗਰੈਂਡ ਸਲੈਮ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×