For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਬੂਥ ਮਾਰਕੀਟ ਐਸੋਸੀਏਸ਼ਨਾਂ ਇਕਜੁੱਟ

08:41 AM May 04, 2024 IST
ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਬੂਥ ਮਾਰਕੀਟ ਐਸੋਸੀਏਸ਼ਨਾਂ ਇਕਜੁੱਟ
ਬੂਥ ਮਾਰਕੀਟਾਂ ਦੀਆਂ ਐਸੋਸੀਏਸ਼ਨਾਂ ਦੇ ਅਹੁਦੇਦਾਰ ਆਪਣੀਆਂ ਮੰਗਾਂ ਬਾਰੇ ਦੱਸਦੇ ਹੋਏ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 3 ਮਈ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਦੀਆਂ ਵੱਖ-ਵੱਖ ਬੂਥ ਮਾਰਕੀਟ ਐਸੋਸੀਏਸ਼ਨਾਂ ਨੇ ਇਕਜੁੱਟ ਹੁੰਦਿਆਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਬੂਥ ਮਾਰਕੀਟ ਐਸੋਸੀਏਸ਼ਨ ਦੇ ਬੈਨਰ ਹੇਠ ਹੱਲਾ ਬੋਲ ਦਿੱਤਾ ਹੈ। ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਇਨ੍ਹਾਂ ਐਸੋਸੀਏਸ਼ਨਾਂ ਨੇ ਇੱਕ ਬੈਨਰ ਹੇਠ ਇਕੱਠੇ ਹੋ ਕੇ ਚੰਡੀਗੜ੍ਹ ਲੋਕ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਖੁੱਲ੍ਹਾ ਪੱਤਰ ਲਿਖ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਣਦੇਖੀ ਦਾ ਸ਼ਿਕਾਰ ਹੋ ਰਹੇ ਇੱਥੋਂ ਦੇ ਬੂਥਾਂ ਦਾ ਮੁੱਦਾ ਉਠਾਇਆ ਹੈ।
ਚੰਡੀਗੜ੍ਹ ਬੂਥ ਐਸੋਸੀਏਸ਼ਨ ਦੇ ਬੈਨਰ ਹੇਠ ਇਕੱਠੇ ਹੋ ਕੇ ਸ਼ਹਿਰ ਦੀਆਂ ਲਗਪਗ ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਕੀਤੀ, ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਬੂਥ ਮਾਰਕੀਟ ਐਸੋਸੀਏਸ਼ਨਾਂ ਦੀ ਸਿਰਮੌਰ ਚੰਡੀਗੜ੍ਹ ਬੂਥ ਮਾਰਕੀਟ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ ਪ੍ਰਧਾਨ ਮੁਕੇਸ਼ ਕੁਮਾਰ ਗੋਇਲ, ਚੇਅਰਮੈਨ ਨਰੇਸ਼ ਜੈਨ, ਜਨਰਲ ਸਕੱਤਰ ਵਿਜੇ ਸਾਂਗਵਾਨ ਆਦਿ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿਚਲੀਆਂ ਛੋਟੇ ਬੂਥਾਂ ਵਾਲੀਆਂ ਇਨ੍ਹਾਂ ਵੱਖ-ਵੱਖ ਬੂਥ ਮਾਰਕੀਟਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ ਪਰ ਇਸ ਵਾਰ ਦੁਕਾਨਦਾਰ ਸੁਚੇਤ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਝੂਠੇ ਲਾਲਚ ਦਾ ਸ਼ਿਕਾਰ ਨਹੀਂ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਚੰਡੀਗੜ੍ਹ ਪ੍ਰਸ਼ਾਸਨ, ਨਗਰ ਨਿਗਮ ਜਾਂ ਆਗੂਆਂ ਨੂੰ ਅਪੀਲਾਂ ਕਰਦੇ ਥੱਕ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਹਰੇਕ ਪਾਰਟੀ ਦੇ ਉਮੀਦਵਾਰ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਨ ਪਰ ਚੋਣ ਜਿੱਤਣ ਤੋਂ ਬਾਅਦ ਸਥਿਤੀ ਬਿਲਕੁਲ ਵੱਖਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਬੂਥ ਮਾਰਕੀਟ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਜਿਹੜਾ ਉਮੀਦਵਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰੇਗਾ ਜਾਂ ਉਨ੍ਹਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰੇਗਾ, ਉਸ ਨੂੰ ਹੀ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣ ਕੇ ਆਪਣੀ ਪਾਰਟੀ ਹਾਈਕਮਾਂਡ ਨਾਲ ਸਾਂਝੀਆਂ ਕਰਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਦੀ ਗਾਰੰਟੀ ਦੇਣ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਾਰੇ ਬੂਥਾਂ ਨੂੰ ਲੀਜ਼ ਹੋਲਡ ਤੋਂ ਮੁਕਤ ਕਰਵਾਇਆ ਜਾਵੇ, ਬੂਥਾਂ ’ਤੇ ਵਾਧੂ ਮੰਜ਼ਿਲ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ, ਬੂਥ ਮਾਰਕੀਟਾਂ ਵਿੱਚ ਸਟਾਰਮ ਵਾਟਰ ਲਾਈਨਾਂ ਵਿਛਾਈਆਂ ਜਾਣ, ਸਾਰੀਆਂ ਮਾਰਕੀਟਾਂ ਵਿੱਚ ਪਾਰਕਿੰਗ ਦੇ ਉਚਿਤ ਪ੍ਰਬੰਧ ਕੀਤੇ ਜਾਣ, ਕੋਨੇ ਵਾਲੇ ਬੂਥਾਂ ਵਿੱਚ ਇਕ ਪਾਸੇ ਤੋਂ ਖਿੜਕੀਆਂ ਜਾਂ ਸ਼ਟਰ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ, ਸੈਕਟਰ 22 ਦੀ ਸ਼ਾਸਤਰੀ ਮਾਰਕੀਟ, ਸੈਕਟਰ 19 ਦੀ ਸਦਰ ਮਾਰਕੀਟ ਤੇ ਸੈਕਟਰ 15 ਦੀ ਪਟੇਲ
ਮਾਰਕੀਟ ਵਿੱਚ ਬੂਥਾਂ ਦੇ ਡੂਮ ਲੈਂਟਰ ਨੂੰ ਸਿੱਧਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਸ਼ਹਿਰ ਦੀਆਂ ਮਾਰਕੀਟਾਂ ਦੇ ਆਲੇ ਦੁਆਲੇ ਪਾਰਕਿੰਗਾਂ ਅਤੇ ਵੈਂਡਰਾਂ ਨੂੰ ਵੈਂਡਰ ਜ਼ੋਨ ਵਿੱਚ ਤਬਦੀਲ ਕਰਨਾ ਮੁੱਖ ਮੰਗਾਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×