ਬੂਟਾ ਚੌਹਾਨ ਦਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਿਲੀਜ਼
ਪਰਸ਼ੋਤਮ ਬੱਲੀ
ਬਰਨਾਲਾ, 3 ਨਵੰਬਰ
ਸਥਾਨਕ ਕੱਚਾ ਕਾਲਜ ਰੋਡ ਸਥਿਤ ਪ੍ਰਸਿੱਧ ਨਾਵਲਕਾਰ ਮਰਹੂਮ ਰਾਮ ਸਰੂਪ ਅਣਖੀ ਦੇ ਗ੍ਰਹਿ ਸਥਾਨ ਵਿੱਚ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਤੀਜਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਿਲੀਜ਼ ਕੀਤਾ ਗਿਆ। ਇਹ ਰਸਮ ਮਰਹੂਮ ਅਣਖੀ ਦੇ ਪੁੱਤਰ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ. ਕਰਾਂਤੀ ਪਾਲ ਨੇ ਅਦਾ ਕੀਤੀ। ਕਰਾਂਤੀ ਪਾਲ ਕਿਹਾ ਕਿ ਬੂਟਾ ਸਿੰਘ ਚੌਹਾਨ ਪੰਜਾਬੀ ਕਥਾ ਸਾਹਿਤ ਵਿਚ ਅਜਿਹੀ ਮਿਹਨਤ ਕਰਦੇ ਹਨ ਜਿਹੜੀ ਪੰਜਾਬੀ ਸਾਹਿਤ ਤੇ ਸਾਹਿਤਕਾਰੀ ਦੇ ਵਿਹੜੇ ‘ਚ ਘੱਟ ਹੀ ਨਜ਼ਰ ਆਉਂਦੀ ਹੈ। ਸਾਹਿਤ ਪੜ੍ਹਨਾ ਤੇ ਲਿਖਣਾ , ਦੋਵੇਂ ਕੰਮ ਗੰਭੀਰ ਹਨ। ਚੌਹਾਨ ਪੰਜਾਬੀ ਕਹਾਣੀ ਦੇ ਖੇਤਰ ਨੂੰ ‘ਗੱਲ ਕਰਨ ਯੋਗ’ ਬਣਾ ਰਹੇ ਹਨ। ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਚੌਹਾਨ ਦੀ ਕਹਾਣੀ ਜੀਵਨ ਦੇ ਨਵੇਂ ਸਰੋਕਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ। ਪੰਜਾਬੀ ਆਲੋਚਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਚੌਹਾਨ ਅਣਛੋਹੇ ਵਿਸ਼ਿਆਂ ‘ਤੇ ਕਲਾਮਈ ਰੌਚਿਕ ਕਹਾਣੀਆਂ ਲਿਖ ਰਹੇ ਹਨ। ਉਹ ਛੋਟੇ ਛੋਟੇ ਵਾਕਾਂ ਰਾਹੀਂ ਵੱਡੀਆਂ ਅਤੇ ਗੰਭੀਰ ਗੱਲਾਂ ਕਰਦਾ ਹੈ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਸ ਸੰਗ੍ਰਹਿ ਵਿੱਚ ਮੇਰੀਆਂ ਨੌਂ ਸਾਲਾ ਦੌਰਾਨ ਲਿਖੀਆਂ ਤੇਰਾਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਮੌਕੇ ਜਸਵਿੰਦਰ ਕੌਰ ਵੀਨੂ, ਰਾਮ ਸਰੂਪ ਸ਼ਰਮਾ, ਲਛਮਣ ਸਿੰਘ ਮੁਸਾਫ਼ਿਰ ਅਤੇ ਰਘਬੀਰ ਸਿੰਘ ਕੱਟੂ ਵੀ ਹਾਜ਼ਰ ਸਨ।