ਟੋਰਾਂਟੋ ਕੌਮਾਂਤਰੀ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ ‘ਬੂੰਗ’
ਮੁੰਬਈ:
ਫ਼ਰਹਾਨ ਅਖ਼ਤਰ ਤੇ ਰਿਤੇਸ਼ ਸਿਧਵਾਨੀ ਦੀ ਪੇਸ਼ਕਸ਼ ਫ਼ਿਲਮ ‘ਬੂੰਗ’ ਟੋਰਾਂਟੋ ਦੇ ਕੌਮਾਂਤਰੀ ਫ਼ਿਲਮ ਫੈਸਟੀਵਲ (ਟੀਆਈਐੱਫਐੱਫ) ਵਿੱਚ ਦਿਖਾਈ ਜਾਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਲਕਸ਼ਮੀਪ੍ਰਿਆ ਦੇਵੀ ਵੱਲੋਂ ਕੀਤਾ ਗਿਆ ਹੈ। ਲਕਸ਼ਮੀਪ੍ਰਿਆ ਨੇ ਇਸ ਤੋਂ ਪਹਿਲਾਂ ਅਖ਼ਤਰ ਅਤੇ ਸਿਧਵਾਨੀ ਦੀ ਪ੍ਰੋਡਕਸ਼ਨ ਕੰਪਨੀ ਐਕਸਲ ਐਂਟਰਟੇਨਮੈਂਟ ਮੂਵੀਜ਼ ਦੇ ਬੈਨਰ ਹੇਠ ਬਣੀਆਂ ਫ਼ਿਲਮਾਂ ‘ਲੱਕ ਬਾਏ ਚਾਂਸ’, ‘ਤਲਾਸ਼’, ਅਮਿਰ ਖਾਨ ਦੀ ‘ਪੀਕੇ’ ਅਤੇ ਮੀਰਾ ਨਈਅਰ ਦੀ ਵੈੱਬ ਸੀਰੀਜ਼ ‘ਏ ਸੂਟੇਬਲ ਬੁਆਏ’ ’ਚ ਅਸਿਸਟੈਂਟ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ‘ਬੂੰਗ’ ਫ਼ਿਲਮ ਦਾ ਵਿਸ਼ਵ ਪੱਧਰੀ ਪ੍ਰੀਮੀਅਰ ਟੀਆਈਐੱਫਐੱਫ ਵਿੱਚ ਡਿਸਕਵਰੀ ਸੈਕਸ਼ਨ ਦੇ 49ਵੇਂ ਐਡੀਸ਼ਨ ’ਚ ਹੋਵੇਗਾ, ਜੋ ਕਿ 5 ਤੋਂ 15 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰੋਡਕਸ਼ਨ ਕੰਪਨੀ ਐਕਸਲ ਐਂਟਰਟੇਨਮੈਂਟ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ‘ਬੂੰਗ’ ਮਨੀਪੁਰ ਦੀ ਘਾਟੀ ਦੇ ਬੂੰਗ ਨਾਮ ਦੇ ਇੱਕ ਲੜਕੇ ਦੀ ਕਹਾਣੀ ਹੈ, ਜੋ ਕਿ ਆਪਣੀ ਮਾਂ ਨੂੰ ਤੋਹਫ਼ਾ ਦੇ ਕੇ ਹੈਰਾਨ ਕਰਨਾ ਚਾਹੁੰਦਾ ਹੈ। ਮਾਸੂਮ ਲੜਕਾ ਸੋਚਦਾ ਹੈ ਕਿ ਪਿਤਾ ਨੂੰ ਘਰ ਵਾਪਿਸ ਲਿਆਉਣਾ ਹੀ ਮਾਂ ਲਈ ਹੈਰਾਨੀ ਭਰਿਆ ਤੋਹਫ਼ਾ ਹੋ ਸਕਦਾ ਹੈ। ਆਪਣੇ ਪਿਤਾ ਦੀ ਖੋਜ ਹੀ ਉਸ ਨੂੰ ਹੈਰਾਨੀ ਭਰੇ ਤੋਹਫੇ ਵੱਲ ਲਿਜਾਂਦੀ ਹੈ। ਇਹ ਫ਼ਿਲਮ ਐਕਸਲ ਐਂਟਰਟੇਨਮੈਂਟ, ਚਾਕਬੋਰਡ ਐਂਟਰਟੇਨਮੈਂਟ ਅਤੇ ਸੁਟੇਬਲ ਪਿਕਚਰਜ਼ ਦੀ ਪੇਸ਼ਕਸ਼ ਹੈ। -ਪੀਟੀਆਈ