ਗ਼ਜ਼ਲ ਮੰਚ ਵੱਲੋਂ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼
ਹਰਦਮ ਮਾਨ
ਸਰੀ: ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਬੀਤੇ ਦਿਨ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮੰਚ ਵੱਲੋਂ 19 ਮਈ ਨੂੰ ਕਰਵਾਈ ਜਾ ਰਹੀ ਸੰਗੀਤਕ ਸ਼ਾਮ ਦੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ਵਿੱਚ ਪੰਜਾਬੀ ਸ਼ਾਇਰੀ ਦੀਆਂ ਚਾਰ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।
ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੋਂ 19 ਮਈ 2024 ਨੂੰ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਗ਼ਜ਼ਲ ਗਾਇਕੀ ਦਾ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅਮਰੀਕਾ ਤੋਂ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਤੋਂ ਇਲਾਵਾ ਅਮਰੀਕਾ ਦੇ ਹੀ ਗ਼ਜ਼ਲ ਗਾਇਕ ਮੇਸ਼੍ਹੀ ਬੰਗੜ, ਸਰੀ ਦੇ ਨੌਜਵਾਨ ਗਾਇਕ ਪਰਖਜੀਤ ਅਤੇ ਡਾ. ਰਣਦੀਪ ਮਲਹੋਤਰਾ ਆਪਣੇ ਸੁਰੀਲੇ ਸੁਰਾਂ ਨਾਲ ਸਰੋਤਿਆਂ ਨੂੰ ਅਨੰਦਿਤ ਕਰਨਗੇ।
ਉਨ੍ਹਾਂ ਦੱਸਿਆ ਕਿ ਚਾਰ ਸ਼ਾਇਰਾਂ ਦੀਆਂ ਨਵੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਗ਼ਜ਼ਲ ਮੰਚ ਨੂੰ ਮਿਲੀਆਂ ਹਨ ਅਤੇ ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ ਫਿਰੋਜ਼, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ ਅਤੇ ਜਸਵਿੰਦਰ ਨੇ ਇਨ੍ਹਾਂ ਪੁਸਤਕਾਂ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਰਿਲੀਜ਼ ਕੀਤੀਆਂ ਗਈਆਂ ਇਨ੍ਹਾਂ ਪੁਸਤਕਾਂ ਵਿੱਚ ਰਾਜਿੰਦਰਜੀਤ ਦਾ ਗ਼ਜ਼ਲ ਸੰਗ੍ਰਹਿ ‘ਸੂਲਾਂ ਸੇਤੀ ਰਾਤਿ’, ਸੁਖਦੀਪ ਔਜਲਾ ਦਾ ਗ਼ਜ਼ਲ ਸੰਗ੍ਰਹਿ ‘ਇੱਕ ਕਮਰੇ ਦਾ ਸ਼ਾਇਰ’, ਗੁਰਜੰਟ ਰਾਜੇਆਣਾ ਦੀ ਕਾਵਿ-ਪੁਸਤਕ ‘ਸੁਲਘਦੇ ਸਫ਼ਰ ’ਤੇ’ ਅਤੇ ਕੇਸਰ ਕਰਮਜੀਤ ਦਾ ਗ਼ਜ਼ਲ ਸੰਗ੍ਰਹਿ ‘ਦਿਨ ਢਲ਼ੇ’ ਸ਼ਾਮਲ ਹਨ। ਇਸ ਮੌਕੇ ਮੰਚ ਵੱਲੋਂ ਨੌਜਵਾਨ ਸ਼ਾਇਰ ਸੁਖਦੀਪ ਔਜਲਾ ਨੂੰ ਮਰਹੂਮ ਮਹਿੰਦਰ ਸਾਥੀ ਐਵਾਰਡ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ ਗਈ।
ਜਸਵਿੰਦਰ ਦਿਲਾਵਰੀ ‘ਕੁਈਨਜ਼ ਪਲੈਟੀਨਮ ਜੁਬਲੀ ਐਵਾਰਡ’ ਨਾਲ ਸਨਮਾਨਿਤ
ਸਰੀ: ਸਰੀ ਦੇ ਵਿਦਿਅਕ, ਸਮਾਜਿਕ ਅਤੇ ਮੀਡੀਆ ਖੇਤਰ ਦੀ ਉੱਘੀ ਸ਼ਖ਼ਸੀਅਤ ਜਸਵਿੰਦਰ ਦਿਲਾਵਰੀ ਨੂੰ ਸਮਾਜਿਕ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਕੈਨੇਡਾ ਸਰਕਾਰ ਵੱਲੋਂ ‘ਕੁਈਨਜ਼ ਪਲੈਟੀਨਮ ਜੁਬਲੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਬੀਤੇ ਦਿਨ ਸਰੀ ਵਿਖੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਉਸ ਨੂੰ ਪ੍ਰਦਾਨ ਕੀਤਾ। ਵਰਣਨਯੋਗ ਹੈ ਕਿ ਮਹਾਰਾਣੀ ਐਲਿਜ਼ਾਬੈਥ-II ਦੇ ਗੱਦੀ ’ਤੇ ਬਿਰਾਜਮਾਨ ਹੋਣ ਦੀ 70ਵੀਂ ਵਰ੍ਹੇਗੰਢ ਦਾ ਪ੍ਰਤੀਕ ਇਹ ਸਨਮਾਨ ਕੈਨੇਡਾ ਸਰਕਾਰ ਵੱਲੋਂ ਹਰ ਸਾਲ ਸਮਾਜ ਅਤੇ ਕਮਿਊਨਿਟੀ ਲਈ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੀਆਂ 2 ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ।
ਜਸਵਿੰਦਰ ਦਿਲਾਵਰੀ ਪਿਛਲੇ ਕਈ ਸਾਲਾਂ ਤੋਂ ਸਰੀ ਦੇ ਵਿਦਿਅਕ, ਸਮਾਜਿਕ ਅਤੇ ਪੱਤਰਕਾਰੀ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਕਮਿਊਨਿਟੀ ਦੇ ਕਾਰਜਾਂ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਰਿਹਾ ਹੈ। ਉਸ ਨੂੰ ਇਹ ਸਨਮਾਨ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਬੀਸੀ ਯੂਨਾਈਟਿਡ ਦੇ ਆਗੂ ਅੰਮ੍ਰਿਤਪਾਲ ਸਿੰਘ ਢੋਟ (ਡੈਲਟਾਂ), ਨੌਜਵਾਨ ਆਗੂ ਲਖਵੀਰ ਸਿੰਘ ਗਰੇਵਾਲ, ਕਰਮਜੀਤ ਬਾਠ, ਸ਼ਾਮ ਸ਼ਰਮਾ, ਹਰਮੀਤ ਮਨਕਾਟਲਾ, ਜਸਬੀਰ ਸਿੰਘ ਭਾਟੀਆ ਅਤੇ ਨਵਦੀਪ ਚਾਹਲ ਨੇ ਕਿਹਾ ਕਿ ਜਸਵਿੰਦਰ ਦਿਲਾਵਰੀ ਲੋੜਵੰਦਾਂ ਦੀ ਦਿਲੋਂ ਮਦਦ ਕਰਨ ਵਾਲਾ ਵਿਅਕਤੀ ਹੈ। ਜਸਵਿੰਦਰ ਦਿਲਾਵਰੀ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਮਾਨਵਵਾਦੀ ਪਹੁੰਚ ਅਨੁਸਾਰ ਸਮਾਜ ਵਿੱਚ ਕੁਝ ਕਰਨ ਲਈ ਕਾਰਜਸ਼ੀਲ ਰਹੇਗਾ।
ਸੰਪਰਕ: +1 604 308 6663