ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਰਿਲੀਜ਼
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜਨਵਰੀ
ਲਾਹੌਰ ਸਥਿਤ ਯੂਨੀਵਰਸਿਟੀ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਯੂ.ਐਮ.ਟੀ.) ਵਿੱਚ ਹੋਏ ਇਸ ਸਮਾਰੋਹ ਦੌਰਾਨ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਬਾਰੇ ਲਿਖੀ ਨਵੀਂ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਨੂੰ ਪਾਕਿਸਤਾਨ ਹਾਕੀ ਦੇ ਓਲੰਪੀਅਨਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੁਸਤਕ ਉੱਪਰ ਚਰਚਾ ਵੀ ਹੋਈ।
ਯੂ.ਐੱਮ.ਟੀ. ਦੇ ਡਾਇਰੈਕਟਰ ਤੇ ਸਾਬਕਾ ਹਾਕੀ ਖਿਡਾਰੀ ਆਬਿਦ ਸ਼ੇਰਵਾਨੀ ਦੇ ਸੱਦੇ ਉੱਪਰ ਹੋਏ ਇਸ ਸਮਾਰੋਹ ਦੌਰਾਨ ਪਾਕਿਸਤਾਨ ਦੇ ਹਾਕੀ ਓਲੰਪਿਕਸ ਗੋਲਡ ਮੈਡਲਿਸਟ ਤੌਕੀਰ ਦਾਰ, ਸਾਬਕਾ ਹਾਕੀ ਕੋਚ ਤਾਹਿਰ ਜਮਾਂ, ਓਲੰਪੀਅਨ ਰੇਹਾਨ ਬੱਟ, ਏਸ਼ੀਅਨ ਹਾਕੀ ਫੈਡਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਗੁਲਾਮ ਗੋਸ਼ ਅਤੇ ਸਾਬਕਾ ਕੌਮੀ ਅਥਲੈਟਿਕਸ ਕੋਚ ਅਬਦੁਲ ਖਾਲਿਕ ਦੇ ਬੇਟੇ ਮੁਹੰਮਦ ਇਜ਼ਾਜ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦੀ ਇਸ ਸਾਂਝੀ ਕਿਤਾਬ ਦਾ ਸਵਾਗਤ ਕਰਦਿਆਂ ਇਸ ਨੂੰ ਵੱਡਾ ਉਪਰਾਲਾ ਦੱਸਿਆ।
ਕਿਤਾਬ ਰਿਲੀਜ਼ ਦੀ ਰਸਮ ਨਿਭਾਉਣ ਵਾਲਿਆਂ ਵਿੱਚ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਕੌਮਾਂਤਰੀ ਸਾਈਕਲਿਸਟ ਅੰਮ੍ਰਿਤ ਕੌਰ ਗਿੱਲ, ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਲੇਖਕ ਗੁਰਪ੍ਰੀਤ ਸਿੰਘ ਤੂਰ, ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ ਟੋਰਾਂਟੋ ਤੇ ਮਲਟੀ ਨੈਸ਼ਨਲ ਕੰਪਨੀ ਦੇ ਚੀਫ਼ ਇੰਜਨੀਅਰ ਗੁਰਭਜਨ ਸਿੰਘ ਗਿੱਲ ਵੀ ਸ਼ਾਮਲ ਸਨ।
ਓਲੰਪੀਅਨ ਹਾਕੀ ਖਿਡਾਰੀ ਤੌਕੀਰ ਦਾਰ ਨੇ ਕਿਹਾ ਕਿ ਖੇਡਾਂ ਦੋ ਦੇਸ਼ਾਂ ਨੂੰ ਜੋੜਨ ਲਈ ਪੁਲ ਦਾ ਕੰਮ ਕਰਦੀਆਂ ਹਨ। ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਲੇਖਕ ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹਾਕੀ ਦੇ ਚਾਰ ਖਿਡਾਰੀ ਅਤੇ ਚੜ੍ਹਦੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹਾਕੀ ਦੇ ਪੰਜ ਖਿਡਾਰੀਆਂ ਨੂੰ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਦੀ ਅਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਤੂਰ ਤੇ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।