ਪੁਸਤਕ ‘ਗਿਆਨ ਦੇ ਗਹਿਣੇ’ ਲੋਕ ਅਰਪਣ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 14 ਸਤੰਬਰ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਇਕਾਈ ਮਾਹਿਲਪੁਰ ਦੇ ਸਹਿਯੋਗ ਨਾਲ ਕਰਵਾਏ ਸਾਹਿਤਕ ਸਮਾਰੋਹ ਮੌਕੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਦੀ ਵਾਰਤਕ ਪੁਸਤਕ ‘ਗਿਆਨ ਦੇ ਗਹਿਣੇ’ ਦਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਪੁਸਤਕ ’ਤੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸ਼ਿਰਕਤ ਕੀਤੀ।
ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਵਿੱਦਿਅਕ ਕੌਂਸਲ ਦੇ ਸਕੱਤਰ ਪ੍ਰੋ. ਅਪਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਕੁਲਵਿੰਦਰ ਸਿੰਘ ਜੰਡਾ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਡਾ. ਧਰਮਪਾਲ ਸਾਹਿਲ, ਲੇਖਕ ਬਲਜਿੰਦਰ ਮਾਨ ਅਤੇ ਪ੍ਰਿੰਸੀਪਲ ਜਗਮੋਹਨ ਸਿੰਘ ਬੱਡੋਂ ਹਾਜ਼ਰ ਹੋਏ। ਸਮਾਰੋਹ ਦੇ ਆਰੰਭ ਮੌਕੇ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ।
ਲੇਖਕ ਡਾ. ਧਰਮਪਾਲ ਸਾਹਿਲ ਨੇ ਕਿਹਾ ਕਿ ਇਹ ਪੁਸਤਕ ਗਿਆਨ, ਵਿਗਿਆਨ, ਸਾਹਿਤ ਅਤੇ ਸਮਾਜ ਦੇ ਵੱਖ ਵੱਖ ਸਰੋਕਾਰਾਂ ਨਾਲ ਜੁੜੀ ਹੋਈ ਹੈ। ਪ੍ਰੋ. ਅਜੀਤ ਲੰਗੇਰੀ ਅਤੇ ਡਾ. ਬਲਵੀਰ ਕੌਰ ਨੇ ਲੋਕ ਅਰਪਣ ਹੋਈ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ। ਕੌਂਸਲ ਦੇ ਸਕੱਤਰ ਪ੍ਰੋ. ਅਪਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।