ਕੈਬਨਿਟ ਮੰਤਰੀ ਵੱਲੋਂ ਪੁਸਤਕ ‘1857 ਦਾ ਗਦਰ ਅਤੇ ਸਿੱਖ’ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਫਰਵਰੀ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਗੁਰੂ ਨਾਨਕ ਭਵਨ ਵਿਖੇ ਕਰਵਾਏ ਸਮਾਗਮ ਵਿੱਚ ਡਾ. ਜਸਮਿੰਦਰ ਸਿੰਘ ਘੁਮਾਣ ਦੀ ਪੁਸਤਕ ‘1857 ਦਾ ਗਦਰ ਅਤੇ ਸਿੱਖ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਅਮਰਜੀਤ ਸਿੰਘ ਟਿੱਕਾ ਹਾਜ਼ਰ ਹੋਏ। ਸ੍ਰੀ ਖੁੱਡੀਆਂ ਨੇ ਕਿਹਾ ਕਿ ਲੇਖਕਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਬਾਰੇ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਲਿਖਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਪ੍ਰੇਰਨਾ ਮਿਲੇ। ਪੁਸਤਕ ਦੀ ਜਾਣ ਪਛਾਣ ਡਾ. ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਹ ਪੁਸਤਕ ਗਦਰੀ ਬਾਬਿਆਂ ਦੀ ਸਮਾਜਿਕ ਕੀਰਤੀ ਬਾਰੇ ਜਾਣੂ ਕਰਵਾਉਂਦੀ ਹੈ। ਇਸ ਸਮੇਂ ਕੈਨੇਡਾ ਤੋਂ ਕਰਤਾਰ ਸਿੰਘ ਬਲਹੋਰਾਂ, ਹਰਜੀਤ ਸਿੰਘ, ਕਵੀ ਭਗਵਾਨ ਢਿੱਲੋਂ, ਪਰਮਜੀਤ ਸਿੰਘ ਸੋਹਲ, ਮਨਦੀਪ ਕੌਰ ਭੰਮਰਾ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਬਲਕੌਰ ਸਿੰਘ ਗਿੱਲ, ਗੁਰਮੀਤ ਸਿੰਘ ਆਦਿ ਹਾਜ਼ਰ ਸਨ। ਮੰਚ ਸੰਚਾਲਨ ਜਨਰਲ ਸਕੱਤਰ ਪਰਮਿੰਦਰ ਅਲਬੇਲਾ ਨੇ ਕੀਤਾ। ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਧੰਨਵਾਦ ਕੀਤਾ।
ਸੁਰਜੀਤ ਕੌਰ ਦੀਆਂ ਕਾਵਿ ਪੁਸਤਕਾਂ ਲੋਕ ਅਰਪਣ
ਸਥਾਨਕ ਪੰਜਾਬੀ ਭਵਨ ਵਿਚ ਕਰਵਾਏ ਗਏ ਇੱਕ ਸਮਾਗਮ ਵਿੱਚ ਅਮਰੀਕਾ ਦੀ ਰਹਿਣ ਵਾਲੀ ਕਵਿੱਤਰੀ ਸੁਰਜੀਤ ਕੌਰ ਦੀਆਂ ਦੋ ਕਾਵਿ ਪੁਸਤਕਾਂ ‘ਬੂੰਦ ਬੂੰਦ ਬਰਸਾਤ ’ (ਰੂਬਾਈਆਂ) ਤੇ ‘ਰੂਹਾਨੀ ਰਮਜ਼ਾਂ’ (ਕਾਵਿ ਸੰਗ੍ਰਹਿ) ਲੋਕ ਅਰਪਣ ਕੀਤੀਆਂ ਗਈਆਂ। ਇਹ ਪੁਸਤਕਾਂ ਲੋਕ ਅਰਪਣ ਕਰਨ ਦੀ ਰਸਮ ਰਘੁਬੀਰ ਸਿੰਘ ਸਿਰਜਣਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਡਾ. ਸੁਰਜੀਤ ਸਿੰਘ ਭੱਟੀ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ.ਲਖਵਿੰਦਰ ਜੌਹਲ, ਡਾ.ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਸੁਖਮਿੰਦਰਪਾਲ ਸਿੰਘ ਗਰੇਵਾਲ, ਗੁਰਚਰਨ ਕੌਰ ਕੋਚਰ, ਡਾ. ਸੰਤੋਖ ਸਿੰਘ ਸੁੱਖੀ, ਕੇ ਸਾਧੂ ਸਿੰਘ ਤੇ ਜਸਮੇਰ ਸਿੰਘ ਢੱਟ ਆਦਿ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਬੁਲਾਰਿਆਂ ਨੇ ਪੁਸਤਕ ’ਤੇ ਚਰਚਾ ਕੀਤੀ।