ਪੁਸਤਕ ਮੇਲਾ: ਪੂਰਨ ਚੰਦ ਵਡਾਲੀ ਨੇ ਬੰਨ੍ਹਿਆ ਸਮਾਂ
ਪੱਤਰ ਪ੍ਰੇਰਕ
ਅੰਮ੍ਰਿਤਸਰ, 23 ਫਰਵਰੀ
ਖ਼ਾਲਸਾ ਕਾਲਜ ਵਿੱਚ ਪੁਸਤਕ ਮੇਲੇ ਦੇ ਤੀਜੇ ਦਿਨ ਦੀ ਸਭਿਆਚਾਰਕ ਸ਼ਾਮ ’ਚ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸ਼ਾਮ ਦੀ ਵਿਦਾਈ ਸਮੇਂ ਪੰਜਾਬੀ ਲੋਕ ਸਾਜ਼ਾਂ ਦੀ ਜੁਗਲਬੰਦੀ ਫੋਕ ਆਰਕੈਸਟਰਾ ਨਾਲ ਹੋਈ ਜਿਸ ’ਚੋਂ ਹਰ ਸਰੋਤੇ ਨੇ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਨੂੰ ਸੁਣਿਆ ਅਤੇ ਮਾਣਿਆ। ਇਸ ਤੋਂ ਪਹਿਲਾਂ ਮਸਨੂਈ ਬੌਧਿਕਤਾ (ਏਆਈ) ਦੇ ਦੌਰ ’ਚ ਚੁਣੌਤੀਆਂ ਵਿਸ਼ੇ ’ਤੇ ਵਿਚਾਰ ਚਰਚਾ ਹੋਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ’ਤੇ ਟੈਕਨਾਲੋਜੀ ਸਮਾਜ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਅੱਜ ਦੇ ਦੌਰ ’ਚ ਏਆਈ ਦੀ ਵਿਸ਼ੇਸ਼ ਚਰਚਾ ਹੋ ਰਹੀ ਹੈ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਸਾਡੇ ਮਾਹਿਰ ਵਿਦਿਆਰਥੀਆਂ ਨੂੰ ਇਸ ਸਬੰਧੀ ਲਾਹੇਵੰਦ ਜਾਣਕਾਰੀ ਦੇਣਗੇ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਪੰਜਾਬੀ ਚਿੰਤਕ ਡਾਕਟਰ ਅਮਰਜੀਤ ਸਿੰਘ ਗਰੇਵਾਲ, ਡਾਕਟਰ ਕੁਲਜੀਤ ਕੌਰ, ਪ੍ਰੋਫੈਸਰ ਹਰਿਭਜਨ ਸਿੰਘ ਅਤੇ ਏਆਈ ਮਾਹਰ ਨਵਜੋਤ ਸਿੰਘ ਤੁੰਗ ਸਨ। ਇਸ ਵਿਚਾਰ ਚਰਚਾ ਮਾਹਿਰਾਂ ਦੀ ਰਾਏ ਸੀ ਕਿ ਏਆਈ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਖੇਤਰ ਵਿਚ ਵੱਡੀਆਂ ਕੰਪਨੀਆਂ ਖਰਬਾਂ ਡਾਲਰ ਨਿਵੇਸ਼ ਕਰ ਰਹੀਆਂ ਹਨ ਜਿਸ ਕਰਕੇ ਆਉਣ ਵਾਲਾ ਸੰਸਾਰ ਏਆਈ ’ਤੇ ਪੂਰੀ ਤਰ੍ਹਾਂ ਨਿਰਭਰ ਹੋਵੇਗਾ। ਦੂਜੇ ਸੈਸ਼ਨ ਵਿਚ ‘ਪੰਜਾਬੀ ਨਾਟਕਾਂ ’ਚ 1947 ਦਾ ਦਰਦ’ ਵਿਸ਼ੇ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿੱਚ ਹਿੱਸਾ ਲੈਣ ਵਾਲੇ ਮੁੱਖ ਬੁਲਾਰਿਆਂ ਵਿਚ ਡਾ. ਹਰਿਭਜਨ ਸਿੰਘ ਭਾਟੀਆ, ਨਾਟਕਕਾਰ ਕੇਵਲ ਧਾਲੀਵਾਲ ਅਤੇ ਜਗਦੀਸ਼ ਸਚਦੇਵਾ ਸ਼ਾਮਲ ਸਨ। ਇਸ ਵਿਚਾਰ ਚਰਚਾ ਵਿਚ 1947 ਦੇ ਦਰਦ ਨੂੰ ਪੰਜਾਬੀ ਨਾਟਕਕਾਰਾਂ ਨੇ ਆਪਣੇ ਨਾਟਕਾਂ ਵਿਚ ਕਿਵੇਂ ਅਤੇ ਕਿੰਨਾ ਕੁ ਪੇਸ਼ ਕੀਤਾ, ਬਾਰੇ ਚਰਚਾ ਹੋਈ। ਮਾਹਿਰਾਂ ਦਾ ਮੰਨਣਾ ਸੀ ਕਿ ਦੇਸ਼ ਦੀ ਵੰਡ ਦਾ ਦਰਦ ਅਜੇ ਵੀ ਪੁਰਾਣੀ ਪੀੜ੍ਹੀ ਦੇ ਲੋਕ ਆਪਣੇ ਦਿਲਾਂ ਵਿਚ ਲਈ ਫਿਰਦੇ ਹਨ।
ਪੁਸਤਕ ਪ੍ਰਦਰਸ਼ਨੀ ਨੂੰ ਭਰਵਾਂ ਹੁੰਗਾਰਾ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਪੁਸਤਕ ਮੇਲੇ ਵਿੱਚ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਨੂੰ ਵੱਡੀ ਗਿਣਤੀ ਪਾਠਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਸੁਸਾਇਟੀ ਦੇ ਸੂਬਾਈ ਮੁਖੀ ਮਾਸਟਰ ਰਾਜਿੰਦਰ ਭਦੌੜ ਤੇ ਮੀਡੀਆ ਵਿਭਾਗ ਦੇ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਪਾਠਕਾਂ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਤਰਕਸ਼ੀਲ ਸਾਹਿਤ ਸਮੇਤ ਹੋਰ ਮਿਆਰੀ ਕਿਤਾਬਾਂ ਖ਼ਰੀਦਣ ਪ੍ਰਤੀ ਗਹਿਰੀ ਦਿਲਚਸਪੀ ਵਿਖਾਉਣੀ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਹਾਂ ਪੱਖੀ ਰੁਝਾਨ ਹੈ।