ਪੁਸਤਕ ਮੇਲਾ 21 ਫਰਵਰੀ ਤੋਂ
ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਫਰਵਰੀ
ਖ਼ਾਲਸਾ ਕਾਲਜ ਵੱਲੋਂ 5 ਰੋਜ਼ਾ ਅੱਠਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਇਸ ਵਾਰ 21 ਤੋਂ 25 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਹੰਸ ਰਾਜ ਹੰਸ, ਵਿਸ਼ੇਸ਼ ਮਹਿਮਾਨ ਸੁਖੀ ਬਾਠ (ਸੰਸਥਾਪਕ ਪੰਜਾਬੀ ਭਵਨ ਸਰੀ, ਕੈਨੇਡਾ) ਕਰਨਗੇ ਅਤੇ ਇਸ ਸੈਸ਼ਨ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਪੰਜਾਬ ਦੇ ਸਾਹਿਤਕਾਰਾਂ, ਚਿੰਤਕਾਂ ਅਤੇ ਕਲਾਕਾਰਾਂ ਵੱਲੋਂ ਉਤਸੁਕਤਾ ਨਾਲ ਉਡੀਕਿਆ ਜਾਣ ਵਾਲਾ ਈਵੈਂਟ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ 100 ਪ੍ਰਕਾਸ਼ਕ ਪਹੁੰਚ ਰਹੇ ਹਨ ਅਤੇ ਪਾਠਕ ਵਿਸ਼ੇਸ਼ ਛੋਟ ’ਤੇ ਪੁਸਤਕਾਂ ਖ਼ਰੀਦ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫੁੱਲਾਂ ਦੀ ਪ੍ਰਦਰਸ਼ਨੀ, ਵੱਖ ਵੱਖ ਪਕਵਾਨਾਂ ਦੇ ਸਟਾਲ ਲੱਗਣਗੇ ਅਤੇ ਮਨੋਰੰਜਨ ਦੇ ਹੋਰ ਪ੍ਰੋਗਰਾਮ ਵੀ ਹੋਣਗੇ। ਮੇਲੇ ਦੇ ਕਨਵੀਨਰ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਮੌਕੇ ਕਾਲਜ ਦੇ ਰਸਾਲੇ ਸੰਵਾਦ ਦਾ ਅੰਕ ਵੀ ਰਿਲੀਜ਼ ਕੀਤਾ ਜਾਵੇਗਾ।