For the best experience, open
https://m.punjabitribuneonline.com
on your mobile browser.
Advertisement

ਪੁਸਤਕ ਚਰਚਾ

07:37 AM Aug 25, 2024 IST
ਪੁਸਤਕ ਚਰਚਾ
Advertisement

ਨਿੰਦਰ ਦੇ ਆਪਣੇ ਲੋਕ

ਸੁਰਿੰਦਰ ਸਿੰਘ ਤੇਜ
ਕੁਝ ਲੋਕ ਸਿਰਫ਼ ਲਿਖਣ ਦੀ ਖ਼ਾਤਿਰ ਲਿਖਦੇ ਹਨ; ਕੁਝ ਲਿਖਦੇ ਜ਼ਰੂਰ ਹਨ ਪਰ ਹਰ ਵਾਰ ਚੰਗਾ ਨਹੀਂ ਲਿਖਦੇ; ਕੁਝ ਸੱਚਮੁੱਚ ਹੀ ਚੰਗਾ ਲਿਖਦੇ ਹਨ। ਨਿੰਦਰ ਘੁਗਿਆਣਵੀ ਇਨ੍ਹਾਂ ਵਿੱਚੋਂ ਤੀਜੀ ਸ਼੍ਰੇਣੀ ਵਿੱਚ ਆਉਂਦਾ ਹੈ; ਖ਼ਾਸ ਤੌਰ ’ਤੇ ਉਦੋਂ ਜਦੋਂ ਉਹ ਸ਼ਖ਼ਸੀਅਤਾਂ ਬਾਰੇ ਲਿਖੇ। ਉਹ ਨਾਮਵਰ ਸ਼ਖ਼ਸੀਅਤਾਂ ਬਾਰੇ ਵੀ ਚੰਗਾ ਲਿਖਦਾ ਆਇਆ ਹੈ ਅਤੇ ਆਮਵਰ ਵੀ ਉਸ ਦੀ ਇਸੇ ਨਜ਼ਰ-ਇ-ਇਨਾਇਤ ਤੋਂ ਮਹਿਰੂਮ ਨਹੀਂ ਰਹੇ। ਇਸ ਹੁਨਰ ਦਾ ਪ੍ਰਮਾਣ ਹੈ ‘ਮੇਰੇ ਆਪਣੇ ਲੋਕ’ (ਆੱਟਮ ਆਰਟ, ਪਟਿਆਲਾ; 567 ਪੰਨੇ; 775 ਰੁਪਏ)। 2002 ਤੋਂ 2024 ਤੱਕ ਉਸ ਵੱਲੋਂ ਲਿਖੇ ਗਏ 52 ਸ਼ਬਦ ਚਿੱਤਰਾਂ ਦਾ ਸੰਗ੍ਰਹਿ ਹੈ ਇਹ ਗਰੰਥਨੁਮਾ ਪੁਸਤਕ।
ਉਸ ਦੇ ਆਪਣੇ ਸ਼ਬਦਾਂ ਅਨੁਸਾਰ ‘‘ਇਹ ਸਾਰੇ ‘ਵੱਡੇ ਬੰਦੇ’ ਹਨ ਆਪੋ ਆਪਣੇ ਖੇਤਰ ਦੇ। ... ਇਹ ਲੋਕ ਆਪਣੀ ਕਰਨੀ ਤੇ ਕੀਰਤੀ ਸਦਕਾ ਬਲਦੀਆਂ ਮਸ਼ਾਲਾਂ ਨੇ।’’ ਇਨ੍ਹਾਂ ‘ਵੱਡੇ ਬੰਦਿਆਂ’ ਵਿੱਚ ਉਸ ਦਾ ਮੁਰਸ਼ਦ ਉਸਤਾਦ ਲਾਲ ਚੰਦ ਯਮਲਾ ਜੱਟ ਵੀ ਸ਼ਾਮਿਲ ਹੈ ਅਤੇ ਕਦੇ ਉਸ ਦਾ ਅਫਸਰ ਰਿਹਾ ਛੋਟੂ ਰਾਮ ਮੌਦਗਿਲ ਵੀ। ਹਰਨਾਮ ਦਾਸ ਸਹਿਰਾਈ ਤੇ ਗਿਆਨੀ ਕੇਸਰ ਸਿੰਘ ਵਰਗੇ ਫ਼ਕੀਰ ਲੇਖਕਾਂ ਦੀ ਵੀ ਹਾਜ਼ਰੀ ਹੈ ਅਤੇ ਕਰਨੈਲ ਸਿੰਘ ਪਾਰਸ ਤੇ ਜਗਤ ਸਿੰਘ ਜੱਗਾ ਵਰਗੇ ਲੋਕ ਸੁਰਾਂ ਦੇ ਸੂਰਮਿਆਂ ਦੀ ਵੀ। ਅਮਰਜੀਤ ਗੁਰਦਾਸਪੁਰੀ, ਇੰਦਰਜੀਤ ਹਸਨਪੁਰੀ, ਸੰਤੋਖ ਸਿੰਘ ਧੀਰ, ਗੁਰਦੇਵ ਸਿੰਘ ਰੁਪਾਣਾ, ਪ੍ਰੋ. ਗੁਰਦਿਆਲ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਨ੍ਰਿਪਇੰਦਰ ਸਿੰਘ ਰਤਨ, ਕਿਰਪਾਲ ਕਜ਼ਾਕ, ਪ੍ਰੋ. ਪ੍ਰੀਤਮ ਸਿੰਘ, ਦੀਪਕ ਜੈਤੋਈ ... ਪੂਰੀ ਫਹਿਰਿਸਤ ਬੜੀ ਲੰਮੀ ਹੈ। ਤਕਰੀਬਨ ਸਾਰੀਆਂ ਲਿਖਤਾਂ ਪਹਿਲਾਂ ਛਪੀਆਂ ਹੋਈਆਂ ਹਨ, ਪਰ ਹੁਣ ਇੱਕੋ ਚੰਗੇਰ ਵਿੱਚ ਸਜਾਈਆਂ ਦਾ ਹੁਸਨ ਵੀ ਵੱਖਰਾ ਹੈ ਅਤੇ ਨਖ਼ਰਾ ਵੀ।
ਇਹ ਸੰਗ੍ਰਹਿ ਦੇ ਭੂਮਿਕਾਨੁਮਾ ਲੇਖ ਵਿੱਚ ਵਰਿਆਮ ਸਿੰਘ ਸੰਧੂ ਲਿਖਦੇ ਹਨ ਕਿ ਨਿੰਦਰ ‘‘ਬਹੁਵਿਧਾਈ ਲੇਖਕ ਵੀ ਹੈ ਅਤੇ ਬਹੁ-ਦਿਸ਼ਾਵੀ ਸ਼ਖ਼ਸੀਅਤ ਵੀ। ... ਉਹ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਆਲ੍ਹਣਾ ਪਾਈ ਬੈਠਾ ਹੈ।’’ ਇਹ ਆਲ੍ਹਣਾ ਕਿਉਂ ਤੇ ਕਿਵੇਂ ਬਰਕਰਾਰ ਹੈ, ਇਸ ਸਵਾਲ ਦਾ ਜਵਾਬ ਪੁਸਤਕ ਵਿੱਚ ਸ਼ਾਮਲ ਸ਼ਬਦ-ਚਿੱਤਰਾਂ ਅੰਦਰਲੀ ਮੋਹ-ਭਿੱਜੀ ਤਫ਼ਸੀਲ ਤੋਂ ਮਿਲ ਜਾਂਦਾ ਹੈ। ਉਹ ਵੀ ਪੂਰੀ ਨਾਟਕੀਅਤਾ ਨਾਲ। ਮਸਲਨ, ਲਾਲ ਚੰਦ ਯਮਲਾ ਬਾਰੇ ਰਚਨਾ ਵਿੱਚ ਉਸ ਵੱਲੋਂ ਰਚਿਆ ਬਿਰਤਾਂਤ ਕਿਸੇ ਵੀ ਦ੍ਰਿਸ਼-ਚਿੱਤਰ ਤੋਂ ਘੱਟ ਨਹੀਂ: ‘‘ਸੂਰਜ ਵੀ ਚੜ੍ਹ ਆਇਆ ਸੀ। ਮੰਚ ਹਾਲੇ ਵੀ ਫੱਬਿਆ ਪਿਆ ਸੀ। ਨਾ ਕੋਈ ਗਵੱਈਆ ਘਰ ਨੂੰ ਮੁੜਿਆ ਤੇ ਨਾ ਹੀ ਕੋਈ ਸਰੋਤਾ ਹਿੱਲਿਆ। ਦੁਪਿਹਰ ਦਾ ਲੰਗਰ ਛਕ ਕੇ ਸ਼ਾਗਿਰਦ ਤੇ ਹੋਰ ਲੋਕ ਖਿਸਕਣੇ ਸ਼ੁਰੂ ਹੋ ਗਏ। ਮੈਂ ਸੋਚਾਂ ਕਿ ਉਸਤਾਦ ਜੀ ਮੈਨੂੰ ਕਿਤੇ ਇਹ ਨਾ ਆਖ ਦੇਣ ਕਿ ਕਾਕਾ, ਹੁਣ ਜਾਹ ਤੂੰ ਵੀ ਘਰ ਆਪਣੇ। ਮੇਲੇ ਦੀ ਰੌਣਕ ਤੇ ਸੰਗੀਤ ਨੇ ਮੇਰਾ ਮਨ ਤਰੋ-ਤਾਜ਼ਾ ਤੇ ਬਾਗੋ-ਬਾਗ ਕਰ ਦਿੱਤਾ ਹੋਇਆ ਸੀ।’’ ਇੱਕ ਪਾਸੇ ਇੱਕ ਤਰਜ਼ ਦਾ ਖੁਸ਼ਨੁਮਾ ਚਿੱਤ੍ਰਣ, ਦੂਜੇ ਪਾਸੇ ਤ੍ਰਾਸਦਿਕ ਦਿਨਾਂ ਦਾ ਸੰਵੇਦਨਾਮਈ ਵਰਣਨ। ਦੋਵਾਂ ਉੱਪਰ ਇੱਕੋ ਜਹੀ ਪਕੜ। ਅਮਰਜੀਤ ਗੁਰਦਾਸਪੁਰੀ ਦੇ ਢਲਦੇ ਦਿਨਾਂ ਦੀ ਤਸਵੀਰ ਇਸ ਦੀ ਮਿਸਾਲ ਹੈ: ‘‘ਪਹਿਲਾਂ ਨੌਜਵਾਨ ਪੁੱਤਰ ਨਵਨੀਤ ਦਾ ਵਿਛੋੜਾ ਅਤੇ ਪੁੱਤਰ ਪਰਮਸੁਨੀਲ ਦਾ ਬਿਮਾਰੀ ਨਾਲ ਜੂਝਣਾ ਤੇ ਫਿਰ ਪੂਰਾ ਹੋਣਾ, ਉਸ (ਗੁਰਦਾਸਪੁਰੀ) ਲਈ ਅੰਤਾਂ ਦੀ ਉਦਾਸੀ ਦਾ ਕਾਰਨ ਬਣਿਆ ਹੋਇਆ ਸੀ। ਉਹ ਕਮਰੇ ਅੰਦਰ ਬੈਠਾ ਸੋਚਦਾ ਰਹਿੰਦਾ ਸੀ ਕਿ ਪਿਛਲਾ ਪਹਿਰ ਹੀ ਏਨਾ ਸੰਕਟਮਈ ਆਉਣਾ ਸੀ? ਇੱਕ ਪੁੱਤਰ ਤੇਜ ਵਿਕਰਮ ਪ੍ਰਦੇਸੀਂ ਬੈਠਾ। ਪੋਤ ਸਵਾਂਤ ਵੀ ਪ੍ਰਦੇਸੀਂ...। ਉਸ ਨੇ ਕਦੇ ਚਿਤਵਿਆ ਤੱਕ ਨਹੀਂ ਸੀ ਕਿ ਏਡਾ ਵੱਡਾ ਪਰਿਵਾਰ ਇਉਂ ਖਿੰਡ-ਪੁੰਡ ਜਾਣਾ ਹੈ।’’
ਬਹੁਤ ਕੁਝ ਹੈ ਇਸ ਪੁਸਤਕ ਵਿੱਚ ਪੜ੍ਹਨ-ਗੁੜ੍ਹਨ ਵਾਲਾ। ਇਹੋ ਇਸ ਦਾ ਅਸਲ ਹਾਸਿਲ ਹੈ।
ਸੰਪਰਕ: 9855501488

ਨਾਟ-ਰੂਪ ਬਾਰੇ ਵਿਲੱਖਣ ਜਾਣਕਾਰੀ

ਪ੍ਰੋ. (ਡਾ.) ਸਤਨਾਮ ਸਿੰਘ ਜੱਸਲ

Advertisement


ਦਲਬਾਰ ਸਿੰਘ ਰਚਿਤ ‘ਦੁੱਲਾ ਭੱਟੀ (ਮਰਦਾਂ ਦਾ ਗਿੱਧਾ ਨਾਟ-ਰੂਪ)’ (ਕੀਮਤ: 200 ਰੁਪਏ; ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ) ਲੇਖਕ ਦੀ ਸੱਤਵੀਂ ਕਿਤਾਬ ਹੈ। ਲੇਖਕ ਨੇ ਇਸ ਤੋਂ ਪਹਿਲਾਂ ਲੋਕ ਕਵੀ ਹੰਸ ਰਾਜ ਰਚਿਤ ਬੋਲੀਆਂ ਨਣਦ-ਭਰਜਾਈ (ਮੂਲ ਪਾਠ ਤੇ ਮੁਲਾਂਕਣ), ਆਈ ਮੇਲਣ ਵਿੱਚ ਗਿੱਧੇ ਦੇ (ਬੋਲੀਆਂ ਦਾ ਸੰਗ੍ਰਹਿ), ਮਲਵਈ ਗਿੱਧਾ ਬਨਾਮ ਮਰਦਾਂ ਦਾ ਗਿੱਧਾ (ਲੋਕ ਨਾਚ), ਮਰਦਾਂ ਦਾ ਗਿੱਧਾ (ਖੋਜ), ਹਰੀ ਸਿੰਘ ਵਿਯੋਗੀ ਕਵੀਸ਼ਰ; ਜੀਵਨ ਤੇ ਰਚਨਾ (ਪ੍ਰਕਾਸ਼ਨਾਧੀਨ), ਬੋਲੀਆਂ: ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ (ਪ੍ਰਕਾਸ਼ਨਾਧੀਨ) ਦੀ ਸਿਰਜਨਾ ਕੀਤੀ ਹੈ। ਇਸ ਕਿਤਾਬ ਵਿੱਚ ਦਰਜ ‘ਆਦਿਕਾ’ ਪ੍ਰੋਫੈਸਰ (ਡਾ.) ਸਤੀਸ਼ ਕੁਮਾਰ ਵਰਮਾ, ‘ਆਪਣੇ ਵੱਲੋਂ’ ਦਲਬਾਰ ਸਿੰਘ ਅਤੇ ‘ਪੰਜਾਬ ਦਾ ਲੋਕ-ਨਾਟ ਅਤੇ ਮਰਦਾਂ ਦਾ ਗਿੱਧਾ ਨਾਟ-ਰੂਪ’ ਪ੍ਰੋਫੈਸਰ (ਡਾ.) ਰਵੇਲ ਸਿੰਘ, ਤਿੰਨੇ ਹੀ ਲੇਖ ਇਸ ਕਿਤਾਬ ਅਤੇ ਮਰਦਾਂ ਦੇ ਗਿੱਧਾ ਨਾਟ-ਰੂਪ ਬਾਰੇ ਮੁੱਲਵਾਨ ਜਾਣਕਾਰੀ ਪ੍ਰਦਾਨ ਕਰਦੇ ਹਨ। ਡਾ. ਵਰਮਾ ਨੇ ਆਪਣੇ ਲੇਖ ਵਿੱਚ ਮਰਦਾਂ ਦੇ ਗਿੱਧਾ ਨਾਟ-ਰੂਪ ਦੇ ਇਤਿਹਾਸਕ ਪਿਛੋਕੜ ਅਤੇ ਵਿਕਾਸ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਉਹ ਲਿਖਦਾ ਹੈ ਕਿ ਦਲਬਾਰ ਸਿੰਘ ਦੀ ‘ਮਰਦਾਂ ਦਾ ਗਿੱਧਾ ਲੋਕ ਨਾਟ-ਰੂਪ’ ਵਜੋਂ ਹੱਥਲੀ ਪੁਸਤਕ ‘ਦੁੱਲਾ ਭੱਟੀ’ ਉਸੇ ਕਿਸਮ ਦੀ ਪਹਿਲਕਦਮੀ ਹੈ ਜਿਹੜੀ ਮੇਰੇ ਜੱਦੀ ਸ਼ਹਿਰ ਸੁਨਾਮ ਨਾਲ ਜੁੜੇ ਸਵਰਗੀ ਮਾਸਟਰ ਸਤਪਾਲ ਸ਼ਰਮਾ ਅਤੇ ਦਲਬਾਰ ਸਿੰਘ ਚੱਠੇ ਸੇਖਵਾਂ ਵੱਲੋਂ ਪੰਜ ਦਹਾਕੇ ਪਹਿਲਾਂ ਹੋਈ ਸੀ ਜਦੋਂ ਮਰਦਾਂ ਦੇ ਗਿੱਧੇ ਨੂੰ ਮੰਚ ’ਤੇ ਲਿਆ ਕੇ ਨਾ ਸਿਰਫ਼ ਇਸ ਲੋਕ ਨਾਚ ਨੂੰ ਸਨਮਾਨ ਦੇਣਾ ਸੀ ਸਗੋਂ ‘ਮਰਦਾਂ ਦੇ ਗਿੱਧੇ’ ਦਾ ਸੁਨਾਮ ਦੀ ਧਰਤੀ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪਸਾਰ ਤੇ ਪ੍ਰਚਾਰ ਵੀ ਕਰਨਾ ਸੀ। ਡਾ. ਵਰਮਾ ਇਸ ਗੱਲ ਦਾ ਵੀ ਜ਼ਿਕਰ ਕਰਦਾ ਹੈ ਕਿ ਮਰਦਾਂ ਦਾ ਗਿੱਧਾ ਲੋਕ-ਨਾਟ ਰੂਪ ਮੰਚ ਉੱਤੇ ਤਾਂ ਸਥਾਪਿਤ ਹੋ ਗਿਆ ਸੀ। ਉਹ ਇਸ ਲੋਕ-ਨਾਟ ਰੂਪ ਨੂੰ ਅਕਾਦਮਿਕ ਅਦਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਜਿਸ ਸਬੰਧੀ ਡਾਕਟਰ ਰਵੇਲ ਸਿੰਘ ਨੇ ਪੁਸਤਕ ‘ਲੋਕ ਨਾਟਕੀ: ਨਾਟ ਰੂਪ’ ਦਿੱਲੀ ਯੂਨੀਵਰਸਿਟੀ ਦੇ ਬੀ.ਏ. ਦੇ ਵਿਦਿਆਰਥੀਆਂ ਲਈ ਤਿਆਰ ਕਰਦਿਆਂ ‘ਦੁੱਲਾ ਭੱਟੀ’ ਨੂੰ ਉਸ ਵਿੱਚ ਸ਼ਾਮਿਲ ਕੀਤਾ। ਇਸ ਪੁਸਤਕ ਦੀ ਸਿਰਜਨਾ ਦਾ ਪਹਿਲਾ ਮਨੋਰਥ ਇਹ ਸੀ ਕਿ ਪੰਜਾਬ ਦੀ ਲੋਕ-ਧਾਰਾ ਤੋਂ ਟੁੱਟੇ ਬੱਚਿਆਂ ਨੂੰ ਲੋਕ-ਧਾਰਾ ਨਾਲ ਜੋੜਿਆ ਜਾਵੇ; ਦੂਜਾ ਪੰਜਾਬ ਦੀ ਲੋਕ-ਧਾਰਾ ਅਤੇ ਦਿੱਲੀ ਦੇ ਵਿਦਿਆਰਥੀਆਂ ਲਈ ਪੁਲ ਬਣਨ ਦੇ ਸਮੱਰਥ ਹੋਵੇ, ਤੀਜਾ ਇਹ ਕਿ ਉਹ ਨੇ ਫਮਜਾਬ ਦੀ ਲੋਕ ਨਾਟ-ਪਰੰਪਰਾ ਅਤੇ ਪੰਜਾਬੀ ਨਾਟਕ ਦਾ ਦੀਰਘ ਅਧਿਐਨ ਕੀਤਾ ਸੀ। ਇਸ ਲਈ ਉਹ ਲੋਕ-ਨਾਟਕ ਅਤੇ ਵਿਸ਼ਿਸ਼ਟ ਨਾਟਕ ਬਾਰੇ ਇੱਕ ਸਮਝ ਦੇਣੀ ਚਾਹੁੰਦਾ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਲਈ ਤਿਆਰ ਕੀਤੀ ਪੁਸਤਕ ਵਿੱਚ ਸੱਤ ਨਾਟਕ ਚੁਣੇ ਜਿਨ੍ਹਾਂ ਵਿੱਚੋਂ ‘ਦੁੱਲਾ ਭੱਟੀ’ ਵੀ ਇੱਕ ਸੀ। ਇਸ ਪੁਸਤਕ ਦਾ ਮਨੋਰਥ ਬੁਨਿਆਦੀ ਆਧਾਰਾਂ ਨੂੰ ਸਮਝਣਾ, ਪ੍ਰਚਲਿਤ ਲੋਕ-ਨਾਟ ਵੰਨਗੀਆਂ ਬਾਰੇ ਚਰਚਾ ਕਰਨਾ ਅਤੇ ਇਨ੍ਹਾਂ ਦੀ ਰੰਗ-ਮੰਚੀ ਸਾਰਥਕਤਾ ਬਾਰੇ ਸੰਵਾਦ ਰਚਾਉਣਾ ਸੀ। ਦਲਬਾਰ ਸਿੰਘ ਲੰਬੇ ਸਮੇਂ ਤੋਂ ਇਸ ਖੇਤਰ ਨਾਲ ਜੁੜਿਆ ਹੋਇਆ ਸੀ। ਉਸ ਦਾ ਮੰਨਣਾ ਹੈ ਕਿ ‘ਮਰਦਾਂ ਦੇ ਗਿੱਧੇ ਵਿੱਚ ਨਾਟਕੀ ਪੇਸ਼ਕਾਰੀ’ ਵਿਸ਼ੇ ’ਤੇ ਖੋਜ ਕਾਰਜ ਅਤੇ ਬੋਲੀਆਂ ਵਿੱਚ ਲਿਖੇ ਪ੍ਰਸਿੱਧ ਕਵੀਸ਼ਰਾਂ ਦੇ ਕਿੱਸਿਆਂ ਦਾ ਭਾਰਤੀ ਲੋਕ-ਨਾਟ ਪਰੰਪਰਾ ਨਾਲ ਤੁਲਨਾਤਮਕ ਅਧਿਐਨ ਕਰਦਿਆਂ ਮਹਿਸੂਸ ਕੀਤਾ ਕਿ ਇਨ੍ਹਾਂ ਕਿੱਸਿਆਂ ਵਿੱਚ ਇੱਕ ਨਵੀਂ ਨਾਟ-ਵਿਧਾ ਛੁਪੀ ਹੋਈ ਹੈ ਜਿਸ ਸਦਕਾ ‘ਦੁੱਲਾ ਭੱਟੀ (ਮਰਦਾਂ ਦਾ ਗਿੱਧਾ ਨਾਟ-ਰੂਪ)’ ਦੀ ਸਿਰਜਨਾ ਹੋਈ।
‘ਦੁੱਲਾ ਭੱਟੀ’ ਨਾਟਕ ਦੀ ਗੋਂਦ ਦਾ ਆਧਾਰ ਦੁੱਲਾ ਭੱਟੀ ਦੀ ਲੋਕ ਗਾਥਾ ਹੈ। ਇਸ ਨੂੰ ਸੈਂਤੀ ਦ੍ਰਿਸ਼ਾਂ ਵਿੱਚ ਬਹੁਤ ਮਿਹਨਤ ਤੇ ਪ੍ਰਬੀਨਤਾ ਨਾਲ ਰਚਿਆ ਹੈ। ਲੋਕ-ਨਾਟਕ ਦੀ ਕਹਾਣੀ ਦੀ ਗੋਂਦ ਅਤੇ ਪਾਤਰਾਂ ਦੀ ਉਸਾਰੀ ਤੇ ਸੰਵਾਦ ਬਿਰਤਾਂਤ ਰਾਹੀਂ ਕੀਤਾ ਗਿਆ ਹੈ। ਇੱਥੇ ਇੱਕ ਹੋਰ ਗੱਲ ਕਰਨੀ ਵੀ ਬਣਦੀ ਹੈ ਕਿ ਇਹ ਲੋਕ ਨਾਟ-ਰੂਪ ਕੇਵਲ ਮਰਦਾਂ ਦੇ ਗਿੱਧੇ ਦੇ ਕਲਾਕਾਰ ਹੀ ਕਰ ਸਕਦੇ ਹਨ ਅਤੇ ਨਾ ਹੀ ਕੇਵਲ ਪਾਤਰਾਂ ਦਾ ਅਭਿਨੈ ਕਰਨ ਵਾਲੇ ਅਦਾਕਾਰ ਕਰ ਸਕਦੇ ਹਨ, ਇਸ ਲਈ ਦੋਵੇਂ ਕਲਾਵਾਂ ਦੇ ਪ੍ਰਬੀਨ ਅਦਾਕਾਰਾਂ ਦੀ ਲੋੜ ਹੈ। ਪੁਸਤਕ ਨੂੰ ਸਿਰਜਨ ਵਾਲੇ ਲੇਖਕ, ਪ੍ਰੇਰਕ ਅਤੇ ਇਸ ਨਾਟ-ਰੂਪ ਨੂੰ ਅਕਾਦਮਿਕ ਹਲਕਿਆਂ ਵਿੱਚ ਲਿਜਾਣ ਵਾਲੇ ਵਧਾਈ ਦੇ ਪਾਤਰ ਹਨ। ਉਮੀਦ ਹੈ ਤਿੰਨਾਂ ਦੇ ਸੁਫ਼ਨਿਆਂ ਨੂੰ ਭਰਵਾਂ ਹੁੰਗਾਰਾ ਮਿਲੇਗਾ।
ਸੰਪਰਕ: 94172-25942

ਸੰਘਰਸ਼ ਲਈ ਪ੍ਰੇਰਨਾ ਦਿੰਦਾ ਨਾਵਲ

ਬਲਦੇਵ ਸਿੰਘ (ਸੜਕਨਾਮਾ)


ਅਤਰਜੀਤ ਦੀਆਂ ਕਹਾਣੀਆਂ ਤੋਂ ਮੈਂ ਲਿਖਣਾ ਸਿੱਖਿਆ। ਭਲੇ ਵੇਲਿਆਂ ਦੀ ਗੱਲ ਹੈ, ਅਤਰਜੀਤ ਕਲਕੱਤੇ ਐਕੂਪਰੈਸ਼ਰ ਰਾਹੀਂ ਆਪਣੀਆਂ ਨਸਾਂ ਦਾ ਇਲਾਜ ਕਰਵਾਉਣ ਆਇਆ ਸੀ। ਉਦੋਂ ਮੈਂ ਕਲਕੱਤੇ ਸਾਂ ਤੇ ਉਸ ਦੇ ਕਹਾਣੀ ਸੰਗ੍ਰਹਿ ‘ਮਾਸਖੋਰੇ’ ਦੀਆਂ ਕਹਾਣੀਆਂ ਪੜ੍ਹ ਕੇ ਹੈਰਾਨ ਸਾਂ, ਇਹ ਲੋਕਾਂ ਅਤੇ ਬੇਗਾਨੇ ਪਰਿਵਾਰਾਂ ਦੇ ਘਰਾਂ ਦੀਆਂ ਨੁੱਕਰਾਂ ਵਿੱਚ ਕਿਵੇਂ ਝਾਕ ਲੈਂਦਾ ਹੈ? ਉਸ ਸਮੇਂ ਮੈਂ ਲੇਖਣ ਵਾਲੇ ਪਾਸੇ ਆਉਣ ਲਈ ਡਾਵਾਂਡੋਲ ਜਿਹਾ ਹੀ ਸਾਂ। ਹੁਣ ਤੱਕ ਅਤਰਜੀਤ 10 ਕਹਾਣੀ ਸੰਗ੍ਰਹਿ, ਦੋ ਨਾਵਲ, 6 ਸੰਪਾਦਿਤ ਪੁਸਤਕਾਂ, 8 ਬਾਲ ਸਾਹਿਤ ਪੁਸਤਕਾਂ, ਨਿਬੰਧ, ਖੋਜ, ਆਤਮਕਥਾ ‘ਅੱਕ ਦਾ ਦੁੱਧ’ ਲਿਖ ਕੇ ਸਾਹਿਤ ਜਗਤ ਵਿੱਚ ਭਰਪੂਰ ਯੋਗਦਾਨ ਪਾ ਚੁੱਕਿਆ ਹੈ। ਪੁਸਤਕ ‘ਅਬ ਜੂਝਣ ਕੋ ਦਾਉ’ (ਕੀਮਤ: 250 ਰੁਪਏ; ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ) ਉਸ ਦਾ ਦੂਜਾ ਨਾਵਲ ਹੈ ਜਿਸ ਨੂੰ ਉਸ ਨੇ ਖ਼ੁਦ ਇਤਿਹਾਸਕ ਨਾਵਲ ਮੰਨਿਆ ਹੈ।
ਨਾਵਲ ਛਪਣ ਤੋਂ ਪਹਿਲਾਂ ਅਤਰਜੀਤ ਨੇ ਸਾਹਿਤ ਜਗਤ ਦੇ ਵੱਡੇ ਦਾਨਿਸ਼ਵਰਾਂ, ਵਿਦਵਾਨਾਂ ਅਤੇ ਸਿਰਜਕਾਂ ਪਾਸੋਂ ਵਿਸ਼ਲੇਸ਼ਣ ਕਰਵਾਇਆ ਹੈ। ਉਸ ਦੇ ਕਹਿਣ ਅਨੁਸਾਰ ਇਨ੍ਹਾਂ ਤੋਂ ਨਿੱਗਰ ਸੁਝਾਅ ਵੀ ਲਏ ਹਨ। ਇਸ ਤਰ੍ਹਾਂ ਇਹ ਨਾਵਲ ਚੋਖੀ ਪੁਣਛਾਣ ਅਤੇ ਤਫ਼ਤੀਸ਼ ਵਿੱਚੋਂ ਲੰਘ ਕੇ ਪਾਠਕਾਂ ਦੇ ਹੱਥਾਂ ਤੱਕ ਪੁੱਜਿਆ ਹੈ। ਪਹਿਲੇ ਕਾਂਡ ਤੱਕ ਜਾਣ ਤੋਂ ਪਹਿਲਾਂ ਪਾਠਕ ਨੂੰ ਦੋ ਹੋਰ ਪੜਾਅ ਪਾਰ ਕਰਨੇ ਪੈਂਦੇ ਹਨ। ਨਾਵਲ ਲਈ ਮੁੱਖ ਸ਼ਬਦ ਪੰਜਾਬੀ ਸਾਹਿਤ ਦੇ ਵੱਡੇ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਲਿਖੇ ਹਨ ਤੇ ਅਤਰਜੀਤ ਦੀ ਸਾਹਿਤਕਾਰੀ ਬਾਰੇ ਹਰਿਆਣੇ ਦੇ ਪਿੰਡ ਕਰੀਰਵਾਲਾ ਦੇ ਸੁਵਰਨ ਸਿੰਘ ਵਿਰਕ ਨੇ ਲਿਖਿਆ ਹੈ।
ਨਾਵਲ ਦਾ ਆਰੰਭ ਸ਼ਾਹ ਮੁਹੰਮਦ ਦੇ ਜੰਗਨਾਮੇ ’ਚੋਂ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਸਿਫ਼ਤਾਂ ਨਾਲ ਹੁੰਦਾ ਹੈ ਤੇ ਨਾਲ ਹੀ ਲੇਖਕ ਦੇ ਇਰਾਦੇ ਦਾ ਆਭਾਸ ਹੁੰਦਾ ਹੈ ਕਿ ਉਹ ਲੰਮੀ ਪਾਰੀ ਖੇਡਣ ਦੇ ਰੌਂਅ ਵਿੱਚ ਹੈ। ਪਾਠਕ ਨੂੰ ਲਗਪਗ ਪੌਣੇ ਦੋ ਜਾਂ ਦੋ ਸਦੀਆਂ ਵਿਚਦੀ ਗੁਜ਼ਰਨਾ ਪਏਗਾ। ਜਿਉਂ-ਜਿਉਂ ਮੈਂ ਨਾਵਲ ਪੜ੍ਹਦਾ ਗਿਆ, ਆਪਣੀ ਧਾਰਨਾ ਦੀ ਸਚਾਈ ਦੇ ਰੂ-ਬ-ਰੂ ਹੁੰਦਾ ਗਿਆ। ਲਗਪਗ ਇਨ੍ਹਾਂ ਦੋ ਸੌ ਵਰ੍ਹਿਆਂ ਵਿੱਚ ਭਾਰਤ ਅਤੇ ਖ਼ਾਸਕਰ ਪੰਜਾਬ ਵਿੱਚ ਕੀ ਵਾਪਰਿਆ। ਗੋਰਿਆਂ ਨੇ ਕਿੰਨੇ ਜ਼ੁਲਮ ਕੀਤੇ। ਸਿੰਘਾਂ ਅਤੇ ਡੋਗਰਿਆਂ ਨੇ ਗੱਦਾਰੀਆਂ ਨਾਲ ਖ਼ਾਲਸਾ ਰਾਜ ਕਿਵੇਂ ਗੁਆਇਆ। ਲੋਕ ਲਹਿਰਾਂ ਉੱਠੀਆਂ, ਸਿਆਸੀ ਉਥਲ-ਪੁਥਲ ਹੋਈ। ਤੱਤੀਆਂ ਹਵਾਵਾਂ ਪੰਜਾਬ ਵਿੱਚ ਵਗੀਆਂ। ਆਜ਼ਾਦੀ ਲਈ ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਆਖ਼ਰ ਅੱਜ ਦੇ ਕਿਸਾਨੀ ਘੋਲ ਤੱਕ ਆ ਕੇ ਨਾਵਲੀ ਬਿਰਤਾਂਤ ਸਾਹ ਲੈਂਦਾ ਹੈ। ਲੇਖਕ ਨੇ ਇਸ ਸਾਰੀ ਪ੍ਰਕਿਰਿਆ ਨੂੰ ਲੰਮੀ ਮੈਰਾਥਨ ਦੌੜ ਵਾਂਗ ਸਿਰਜਿਆ ਹੈ। ਅਜਿਹੇ ਨਾਵਲ ਨੂੰ ਪੜ੍ਹਨ ਨਾਲ ਪਾਠਕਾਂ ਦੇ ਸਬਰ ਦੀ ਪਰਖ ਵੀ ਹੋ ਜਾਂਦੀ ਹੈ ਕਿ ਉਹ ਅੰਤ ਤੱਕ ਦੌੜ ਵਿੱਚੋਂ ਬਾਹਰ ਨਹੀਂ ਹੁੰਦੇ ਜਾਂ ਛੇਤੀ ਘਰਕ ਜਾਂਦੇ ਹਨ। ਇਤਿਹਾਸਕ ਨਾਵਲਾਂ ਬਾਰੇ ਨਿੱਜੀ ਤਜਰਬਾ ਹੈ। ਇਤਿਹਾਸਕ ਨਾਵਲ ਲਿਖਣਾ ਅੱਗ ਦੇ ਸਾਹਮਣੇ ਬੈਠ ਕੇ ਲਿਖਣ ਵਾਂਗ ਹੈ ਸਗੋਂ ਮੇਰੀ ਜਾਚੇ ਤਾਂ ਅੱਗ ਵਿੱਚ ਬੈਠ ਕੇ ਲਿਖਣ ਵਾਂਗ ਹੈ। ਲੇਖਕ ਨੇ ਪਾਠਕ ਨੂੰ ਚਾਰ, ਪੰਜ ਜਾਂ ਛੇ ਸੌ ਸਫ਼ੇ ਅੰਤ ਤੱਕ ਪੜ੍ਹਾਉਣੇ ਹੁੰਦੇ ਨੇ, ਇਹ ਲੇਖਕ ਲਈ ਵੀ ਚੁਣੌਤੀ ਹੁੰਦੀ ਹੈ। ਇੱਕ ਹੋਰ ਸਚਾਈ ਹੈ ਕਿ ਕੋਈ ਵੀ ਪੀਰ, ਪੈਗੰਬਰ ਜਾਂ ਲੇਖਕ ਕਦੇ ਵੀ ਸਮਾਜ ਦੇ ਹਰ ਵਰਗ ਨੂੰ ਖ਼ੁਸ਼ ਨਹੀਂ ਕਰ ਸਕਿਆ। ਅਤਰਜੀਤ ਨੇ ਇਸ ਨਾਵਲ ਵਿੱਚ ਕਈ ਤਜਰਬੇ ਕੀਤੇ ਲੱਗਦੇ ਹਨ। ਵਿੱਚ-ਵਿੱਚ ਇਤਿਹਾਸ, ਲਹਿਰਾਂ, ਲਹਿਰਾਂ ਦੇ ਕਾਰਕੁੰਨਾਂ ਤੇ ਅੰਦੋਲਨਾਂ ਦੀ ਸਿੱਧੀ ਦਖ਼ਲਅੰਦਾਜ਼ੀ ਹੈ। ਸ਼ਾਇਦ ਇਹ ਭਵਿੱਖੀ ਨਾਵਲ ਦੀ ਲੀਹ ਬਣ ਜਾਵੇ ਤੇ ਅਜਿਹੇ ਪ੍ਰਯੋਗ ਹੋਰ ਲੇਖਕ ਵੀ ਕਰਨ ਲੱਗਣ। ਗਲਪੀ ਪਿੰਡ ‘ਸੱਗੂਵਾਲ’ ਦੇ ਪ੍ਰਤੀਕ ਨਾਲ ਲੇਖਕ ਸਮੁੱਚੇ ਪੰਜਾਬ ਅਤੇ ਭਾਰਤ ਵਿਚਲੇ ਅੰਦੋਲਨਾਂ ਵਿਚੋਂ ਦੀ ਖਹਿ ਕੇ ਲੰਘਦਾ ਤੇ ਘੋਖਵੀਂ ਦ੍ਰਿਸ਼ਟੀ ਨਾਲ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਅੰਦੋਲਨਾਂ ਦੀ ਬੇਬਾਕੀ ਨਾਲ ਚੀਰ-ਫਾੜ ਕਰਦਾ ਹੈ। ਇੰਦਰਾ ਗਾਂਧੀ ਦੇ ਕਤਲ ਵੇਲੇ ਮੈਂ ਕਲਕੱਤੇ ਸਾਂ ਤੇ ਉਸ ਵੇਲੇ ਦਾ ਭੈਅ ਭਰਿਆ ਮਾਹੌਲ ਮੈਂ ਵੀ ਹੰਢਾਇਆ ਹੈ।
ਫਿਰ ਨਾਵਲਕਾਰ ਕਿਸਾਨ ਅੰਦੋਲਨ ਦੀ ਫ਼ਤਹਿ ਬਾਰੇ ਲਿਖਦਾ ਹੈ। ਅੰਤਿਕਾ ਵਿੱਚ ਲੇਖਕ ਦੱਸਦਾ ਹੈ ਕਿਵੇਂ ਯੂਨੀਵਰਸਿਟੀਆਂ ਦੇ ਸਕਾਲਰਾਂ, ਵਿਦਵਾਨਾਂ ਦੇ ਗਿਆਨ ਉੱਪਰ ਅੰਦੋਲਨਾਂ ਵਿੱਚ ਗੁੜ੍ਹ ਕੇ ਆਏ ਆਗੂ ਭਾਰੀ ਪੈਂਦੇ ਹਨ। ਅਜਿਹਾ ਨਾਵਲ ਲਿਖਣ ਲਈ ਕਰੜੀ ਤਪੱਸਿਆ ਦੀ ਲੋੜ ਹੈ ਤੇ ਅਤਰਜੀਤ ਨੇ ਇਹ ਕਰ ਵਿਖਾਇਆ ਹੈ।
ਸੰਪਰਕ: 98147-83069

Advertisement
Author Image

Advertisement
×