ਕਿਤਾਬ ਤੇ ਕਵਿਤਾ
ਕਵਿਤਾ ਵਰਗੀਆਂ ਧੀਆਂ
ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ
ਹਰ ਕਿਸੇ ਕੋਲ ਮੋਹਖੋਰਾ ਤੇ ਮਾਨਵੀ ਘਰ ਹੋਵੇ
ਟੁੱਕੇ ਨਾ ਜੀਭਾਂ ਕੋਈ, ਤੋੜੇ ਨਾ ਸਾਜ਼ ਕੋਈ
ਸਾੜੇ ਨਾ ਗਰਭ ਦੇ ਵਿੱਚ, ਨੰਨ੍ਹੀ ਪਰਵਾਜ਼ ਕੋਈ
ਟੁੱਟੀਆਂ ਗੰਢਣ ਵਾਲਾ ਕਾਮਿਲ ਕੋਈ ਨਰ ਹੋਵੇ
ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ
ਸਿੰਮਣ ਧੁਰ ਅੰਦਰੋਂ ਵੈਰਾਗ਼ ਤੇ ਵਿਦਰੋਹ
ਪਿਘਲਣ ਤੇ ਪੁੰਗਰਨ ਮਮਤਾ, ਮੁਹੱਬਤ ਤੇ ਮੋਹ
ਮਨ ਵਿੱਚ ਮੌਤ ਦਾ ਥੋੜ੍ਹਾ-ਥੋੜ੍ਹਾ ਡਰ ਹੋਵੇ
ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ
ਰਹਿਣ ਜਗਦੇ ਚਿਰਾਗ਼ ਤੇ ਬਲਣ ਹਮੇਸ਼ ਚੁੱਲ੍ਹੇ
ਪੂਰੇ ਵਜਦ ਵਿੱਚ ਗਾਈਏ ਬਾਹੂ ਤੇ ਬੁੱਲ੍ਹੇ
ਜੀਅ ਆਇਆਂ ਆਖਦਾ ਹਰ ਇੱਕ ਦਰ ਹੋਵੇ
ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ
ਦਰਿਆਵਾਂ ਦਰਵੇਸ਼ਾਂ ਵਾਲੇ ਪਰਵਾਸ ਲਈ ਨਾ ਰੋਣ
ਸਮੁੰਦਰ ਨਾਲੋਂ ਡੂੰਘਾ ਸ਼ਾਇਰੀ ਦਾ ਸਰ ਹੋਵੇ
ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ
ਹਰ ਕਿਸੇ ਕੋਲ ਮੋਹਖੋਰਾ ਤੇ ਮਾਨਵੀ ਘਰ ਹੋਵੇ
ਸੰਪਰਕ: 84377-88856
(ਨਵੀਂ ਪ੍ਰਕਾਸ਼ਿਤ ਹੋਈ ਕਿਤਾਬ ‘ਕਵਿਤਾ ਵਰਗੀਆਂ ਧੀਆਂ’ ਵਿੱਚੋਂ)
ਸੁਣੰਦੜਾ ਗੀਤ
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ,
ਬੰਦਸ਼ਾਂ ਦਾ ਪਹਿਰਾ ਬੂਹੇ ’ਤੇ ਲੱਗਾ ਨੀ ਮਾਏ।
ਰੁੱਤ ਕੁਲਹਿਣੀ ਪਸਰੀ ਹੋਈ ਚੁਫ਼ੇਰੇ,
ਮਨ ਦੀ ਗੱਲ ਮੂੰਹੋਂ ਕਹੀ ਨਾ ਜਾਏ।
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ।
ਤਨ ’ਤੇ ਜ਼ਖ਼ਮ ਤਾਂ ਰਿਸਦੇ ਦਿਸਣ ਮੇਰੇ,
ਅੰਦਰ ਝਰੀਟਿਆ ਜ਼ੁਲਮੀ ਬੱਦਲ ਨੇ ਸਾਏ।
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ।
ਲੰਘੀਆਂ ਸਦੀਆਂ ਮੇਰੇ ਹੱਕਾਂ ਦੀ ਖ਼ਾਤਰ,
ਕਿੱਥੇ ਧਰਮ, ਅਦਾਲਤ ਤੇ ਹਮਸਾਏ।
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ।
ਕਿਸ ਦਰ ਜਾ ਮੈਂ ਕਰਾਂ ਅਰਜੋਈ,
ਪੁੱਛਦੀ ਹੈ ਕੰਬਦੀ ਰੂਹ ਮੇਰੀ ਹਾਏ।
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ।
ਕਾਹਦੀਆਂ ਗੱਲਾਂ, ਕਾਹਦੀਆਂ ਤਕਰੀਰਾਂ, ਨੀਤਾਂ,
ਭਰੀ ਸਭਾ ਜਦੋਂ ‘ਦਰੋਪਤੀ’ ਦੇ ਚੀਰ ਲੁਹਾਏ।
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ।
ਕਿਹੜੇ ਪਿੰਡ, ਸ਼ਹਿਰ, ਨਗਰ ਘਰ ਹੈ ਮੇਰਾ,
ਹੰਝੂ ਲੋਇਣ ਮੇਰੇ ਸਿੰਮ-ਸਿੰਮ ਪਥਰਾਏ।
ਕਿੰਝ ਕੋਈ ਗਾਏ ਸੁਣੰਦੜਾ ਗੀਤ ਨੀ ਮਾਏ।
ਬੰਦਸ਼ਾਂ ਦਾ ਪਹਿਰਾ ਬੂਹੇ ’ਤੇ ਲੱਗਾ ਨੀ ਮਾਏ।
ਸੰਪਰਕ: 98151-23900