ਪੁਸਤਕ ‘ਅਜਮੇਰ ਸਿੰਘ ਔਲਖ ਦੀ ਨਾਟ ਚੇਤਨਾ’ ਰਿਲੀਜ਼
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 18 ਦਸੰਬਰ
ਡੱਬਵਾਲੀ ਵਾਸੀ ਸਿੱਖਿਆ ਸ਼ਾਸਤਰੀ ਡਾ. ਬੀਰ ਚੰਦ ਗੁਪਤਾ ਦੀ ਲਿਖੀ ਦੂਜੀ ਪੰਜਾਬੀ ਕਿਤਾਬ ‘ਅਜਮੇਰ ਸਿੰਘ ਔਲਖ ਦੀ ਨਾਟ ਚੇਤਨਾ’ ਨੂੰ ਕੁਰੂਕਸ਼ੇਤਰ ਵਿਚ ਸੂਬਾ ਪੱਧਰੀ ਗੀਤਾ ਜੈਅੰਤੀ ਸਮਾਗਮ ਮੌਕੇ ਰਿਲੀਜ਼ ਕੀਤਾ ਗਿਆ। ਕਿਤਾਬ ਨੂੰ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਕਾਸ਼ਨ ਵਿਭਾਗ ਦੇ ਸੇਵਾਮੁਕਤ ਮੈਨੇਜਰ ਡਾ. ਮਨਿੰਦਰ ਕੁਮਾਰ ਮੋਦਗਿਲ ਨੇ ਗੀਤਾ ਸੰਵਾਦ ਦੇ ਮੰਚ ’ਤੇ ਰਿਲੀਜ਼ ਕੀਤਾ। ਕਿਤਾਬ ਵਿਚ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਜੀਵਨ ਅਤੇ ਰਚਨਾਵਾਂ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕੀਤਾ ਗਿਆ ਹੈ। ਡੱਬਵਾਲੀ ਵਾਸੀਆਂ ਨੇ ਲੇਖਕ ਨੂੰ ਵਧਾਈ ਦਿੱਤੀ ਹੈ। ਡਾ. ਮਨਿੰਦਰ ਕੁਮਾਰ ਮੌਦਗਿਲ ਨੇ ਕਿਹਾ ਕਿ ਡਾ. ਬੀਰ ਚੰਦ ਗੁਪਤਾ ਵੱਲੋਂ ਅਜਮੇਰ ਸਿੰਘ ਔਲਖ ‘ਤੇ ਲਿਖੀ ਇਹ ਕਿਤਾਬ ਉਨ੍ਹਾਂ ਦੀਆਂ ਲਿਖਤਾਂ ਅਤੇ ਰਚਨਾਵਾਂ ਦਾ ਸਹੀ ਵਿਸ਼ਲੇਸ਼ਣ ਕਰਦੀ ਹੈ। ਡਾ. ਗੁਪਤਾ ਨੇ ਦੱਸਿਆ ਕਿ ਐੱਮਫਿਲ ਅਤੇ ਪੀਐੱਚਡੀ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਖੋਜ ਦਾ ਵਿਸ਼ਾ ਵੀ ਅਜਮੇਰ ਸਿੰਘ ਔਲਖ ਦੀਆਂ ਰਚਨਾਵਾਂ ਅਤੇ ਉਸ ਦੀ ਵਿਚਾਰਧਾਰਾ ਰਹੀ ਹੈ।