ਮਰਹੂਮ ਅਦਾਕਾਰਾ ਸ੍ਰੀਦੇਵੀ ਦੇ 60ਵੇਂ ਜਨਮ ਦਿਨ ਮੌਕੇ ਬੋਨੀ ਕਪੂਰ ਤੇ ਧੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਮੁੰਬਈ: ਮਰਹੂਮ ਅਦਾਕਾਰਾ ਸ੍ਰੀਦੇਵੀ ਦੇ 60ਵੇਂ ਜਨਮ ਦਿਨ ਮੌਕੇ ਪਤੀ ਬੋਨੀ ਕਪੂਰ ਤੇ ਧੀ ਖੁਸ਼ੀ ਕਪੂਰ ਨੇ ਅੱਜ ਆਪਣੇ ਇੰਸਟਾਗਰਾਮ ਅਕਾਊਂਟਸ ’ਤੇ ਅਦਾਕਾਰਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬੋਨੀ ਕਪੂਰ ਨੇ ਤਸਵੀਰਾਂ ਨਾਲ ‘ਜਨਮ ਦਿਨ ਮੁਬਾਰਕ’ ਲਿਖ ਕੇ ਬਹੁਤ ਸਾਰੇ ਲਾਲ ਰੰਗ ਦੇ ਦਿਲ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ। ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਵਿੱਚ ਸ੍ਰੀਦੇਵੀ ਨੇ ਬੋਨੀ ਕਪੂਰ ਨੂੰ ਜੱਫੀ ਪਾਈ ਹੋਈ ਹੈ ਤੇ ਉਹ ਕੈਮਰੇ ਤੋਂ ਦੂਸਰੀ ਤਰਫ਼ ਦੇਖ ਰਹੀ ਹੈ। ਇਸੇ ਤਰ੍ਹਾਂ ਖੁਸ਼ੀ ਕਪੂਰ ਨੇ ਆਪਣੀ ਮਾਂ ਨਾਲ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਹੋਵੇ ਮਾਂ।’ ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਖੁਸ਼ੀ, ਜਾਹਨਵੀ ਤੇ ਸ੍ਰੀਦੇਵੀ ਇਕੱਠੀਆਂ ਦਿਖਾਈ ਦੇ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ਮਰਹੂਮ ਅਦਾਕਾਰਾ ਦੇ ਦਿਓਰ ਅਨਿਲ ਕਪੂਰ ਨੇ ਵੀ ਆਪਣੀ ਭਰਜਾਈ ਦੇ ਨਾਂ ਜਨਮ ਦਿਨ ਦੀਆਂ ਮੁਬਾਰਕਾਂ ਭੇਟ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। ਦੂਜੇ ਪਾਸੇ ਸਰਚ ਇੰਜਣ ਗੂਗਲ ਨੇ ਸ੍ਰੀਦੇਵੀ ਦੇ 60ਵੇਂ ਜਨਮ ਦਿਨ ਦੀ ਯਾਦ ਵਿੱਚ ਮਰਹੂਮ ਅਦਾਕਾਰਾ ਨੂੰ ਸਮਰਪਿਤ ਆਪਣਾ ਗੂਗਲ ਡੂਡਲ ਤਿਆਰ ਕੀਤਾ ਹੈ। ਇਹ ਡੂਡਲ ਗੂਗਲ ਦੇ ਭਾਰਤੀ ਹੋਮਪੇਜ ’ਤੇ ਦਿਖਾਈ ਦੇ ਰਿਹਾ ਹੈ, ਜੋ ਮੁੰਬਈ ਦੀ ਇੱਕ ਕਲਾਕਾਰ ਭੂਮਿਕਾ ਮੁਖਰਜੀ ਵੱਲੋਂ ਤਿਆਰ ਕੀਤਾ ਗਿਆ ਹੈ। -ਏਐੱਨਆਈ