ਬੰਬੇ ਹਾਈ ਕੋਰਟ ਵੱਲੋਂ ‘ਹਮਾਰੇ ਬਾਰ੍ਹਾ’ ਨੂੰ ਰਿਲੀਜ਼ ਦੀ ਪ੍ਰਵਾਨਗੀ
ਮੁੰਬਈ, 19 ਜੂਨ
ਬੰਬੇ ਹਾਈ ਕੋਰਟ ਨੇ ਅਨੂ ਕਪੂਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਹਮਾਰੇ ਬਾਰ੍ਹਾ’ ਨੂੰ ਇਤਰਾਜ਼ਯੋਗ ਸੀਨ ਹਟਾਉਣ ਤੋਂ ਬਾਅਦ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਫ਼ਿਲਮ 21 ਜੂਨ ਨੂੰ ਪਰਦੇ 'ਤੇ ਆਉਣ ਦੀ ਸੰਭਾਵਨਾ ਹੈ। ਫ਼ਿਲਮ ਦੇ ਵਿਰੋਧ ਵਿੱਚ ਕਈ ਪਟੀਸ਼ਨਾਂ ਪਾਈਆਂ ਗਈਆਂ ਸਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਫ਼ਿਲਮ ਵਿਚ ਕੁਰਾਨ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕੀਤਾ ਗਿਆ, ਜੋ ਕਿ ਇਸਲਾਮ ਧਰਮ ਅਤੇ ਮੁਸਲਿਮ ਭਾਈਚਾਰੇ ਦੇ ਖ਼ਿਲਾਫ਼ ਸੀ। ਪਟੀਸ਼ਨਾਂ ਵਿਚ ਫ਼ਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।
ਜਸਟਿਸ ਬੀਪੀ ਕੋਲਾਬਾਵਾਲਾ ਅਤੇ ਫਿਰਦੌਸ ਪੂਨੀਵਾਲਾ ਦੇ ਬੈਂਚ ਨੇ ਇਹ ਫ਼ਿਲਮ ਦੇਖ ਕੇ ਇਸ ਵਿੱਚ ਕੁੱਝ ਬਦਲਾਅ ਕਰਨ ਦੇ ਸੁਝਾਅ ਦਿੱਤੇ ਜਿਸ ਲਈ ਨਿਰਮਾਤਾ ਅਤੇ ਪਟੀਸ਼ਨਕਰਤਾ ਸਹਿਮਤੀ ਜਤਾਈ। ਇਸ ਉਪਰੰਤ ਕੋਰਟ ਵੱਲੋਂ ਨਿਰਮਾਤਾਵਾਂ ਨੂੰ ਲੋੜੀਂਦੇ ਬਦਲਾਅ ਕਰਨ ਉਪਰੰਤ ਫ਼ਿਲਮ ਰਿਲੀਜ਼ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਹਾਈ ਕੋਰਟ ਵੱਲੋਂ ਨਿਰਮਾਤਾਵਾਂ ਨੂੰ ਸੈਂਸਰ ਬੋਰਡ ਤੋਂ ਪ੍ਰਵਾਨਗੀ ਲਏ ਬਿਨਾਂ ਟਰੇਲਰ ਰਿਲੀਜ਼ ਕਰਨ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੰਗਲਵਾਰ ਨੂੰ ਬੰਬੇ ਹਾਈ ਕੋਰਟ ਨੇ ਫ਼ਿਲਮ ਦੇਖਣ ਉਪਰੰਤ ਫ਼ਿਲਮ ਦੇ ਹੱਕ ਵਿਚ ਆਪਣੀ ਟਿੱਪਣੀ ਵੀ ਦਿੱਤੀ ਸੀ। -ਪੀਟੀਆਈ