Bomb Threats: ਸਿਆਸੀ NGO ਨਾਲ ਜੁੜਿਆ ਹੈ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਦੇਣ ਵਾਲਾ ਵਿਦਿਆਰਥੀ: ਦਿੱਲੀ ਪੁਲੀਸ
ਪੁਲੀਸ ਮੁਤਾਬਕ ਐਨਜੀਓ ਇਕ ਸਿਆਸੀ ਪਾਰਟੀ ਦੀ ਹਮਾਇਤੀ; ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਸਬੰਧੀ ਮੁੱਦੇ ਵੀ ਉਠਾਉਂਦੀ ਹੈ NGO: ਪੁਲੀਸ ਦਾ ਦਾਅਵਾ
ਨਵੀਂ ਦਿੱਲੀ, 14 ਜਨਵਰੀ
ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਦੇ ਦੋਸ਼ ਵਿੱਚ ਹਾਲ ’ਚ ਹੀ ਗ੍ਰਿਫ਼ਤਾਰ ਕੀਤਾ ਗਿਆ 12ਵੀਂ ਜਮਾਤ ਦਾ ਵਿਦਿਆਰਥੀ ਇੱਕ ਅਜਿਹੀ NGO ਨਾਲ ਜੁੜਿਆ ਹੋਇਆ ਹੈ, ਜਿਹੜੀ ਇੱਕ ਰਾਜਨੀਤਿਕ ਪਾਰਟੀ ਦੀ ਹਮਾਇਤ ਕਰਦੀ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ NGO (ਗ਼ੈਰ-ਸਰਕਾਰੀ ਸੰਸਥਾ) ਨੇ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਹਮਾਇਤ ਕੀਤੀ ਸੀ।
ਦਿੱਲੀ ਦੇ ਵਿਸ਼ੇਸ਼ ਪੁਲੀਸ ਕਮਿਸ਼ਨਰ (ਅਮਨ ਤੇ ਕਾਨੂੰਨ) ਮਧੁਪ ਤਿਵਾੜੀ ਨੇ ਇੱਥੇ ਪੁਲੀਸ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,
‘‘ਅਸੀਂ ਈ-ਮੇਲਾਂ ਨੂੰ ਟਰੈਕ ਕਰ ਰਹੇ ਸੀ ਅਤੇ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ (VPN) ਕਾਰਨ ਇਨ੍ਹਾਂ ਦੇ ਮੂਲ ਨੂੰ ਟਰੈਕ ਕਰਨਾ (ਮੂਲ ਦਾ ਪਤਾ ਲਾਉਣਾ) ਮੁਸ਼ਕਲ ਸੀ। ਸਾਨੂੰ ਇਹ ਵੀ ਪਤਾ ਲਗਾਉਣਾ ਪਿਆ ਕਿ ਕੀ ਇਸ ਵਿੱਚ ਕੋਈ ਅੱਤਵਾਦੀ ਕੋਣ ਤਾਂ ਨਹੀਂ ਸੀ।" ਉਨ੍ਹਾਂ ਕਿਹਾ ਕਿ VPN ਦੀ ਵਰਤੋਂ ਕਾਰਨ ਸੇਵਾ ਪ੍ਰਦਾਤਾ ਪੁਲੀਸ ਦੀ ਮਦਦ ਕਰਨ ਦੇ ਯੋਗ ਨਹੀਂ ਸਨ।
ਉਨ੍ਹਾਂ ਕਿਹਾ, "ਸਾਡੀਆਂ ਟੀਮਾਂ ਨੇ 8 ਜਨਵਰੀ ਨੂੰ ਹਾਲ ਹੀ ਵਿੱਚ ਆਈਆਂ ਈਮੇਲਾਂ ਤੋਂ ਬਾਅਦ ਨਾਬਾਲਗ ਦਾ ਪਤਾ ਲਗਾਇਆ। ਈ-ਮੇਲ ਭੇਜਣ ਵਾਲਾ ਕਿਉਂਕਿ ਨਾਬਾਲਗ ਸੀ, ਇਸ ਲਈ ਟੀਮ ਨੇ ਉਸ ਦਾ ਲੈਪਟਾਪ ਅਤੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਆਪਣੇ ਕਬਜ਼ੇ ਵਿਚ ਲੈ ਲਿਆ।"
ਪੁਲੀਸ ਟੀਮਾਂ ਨੇ ਨਾਬਾਲਗ ਵੱਲੋਂ ਭੇਜੀਆਂ ਗਈਆਂ 400 ਧਮਕੀ ਭਰੀਆਂ ਈਮੇਲਾਂ ਨੂੰ ਟਰੈਕ ਕੀਤਾ ਹੈ। ਉਨ੍ਹਾਂ ਨੇ ਉਸ ਦੇ ਪਿਤਾ, ਜੋ ਕਿ ਇੱਕ ਐਨਜੀਓ ਨਾਲ ਕੰਮ ਕਰ ਰਿਹਾ ਹੈ, ਦੇ ਪਿਛੋਕੜ ਦੀ ਵੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਸੰਗਠਨ ਇੱਕ ਸਿਵਲ ਸੁਸਾਇਟੀ ਸਮੂਹ ਦਾ ਹਿੱਸਾ ਹੈ, ਜੋ ਅਫਜ਼ਲ ਗੁਰੂ ਦੀ ਫਾਂਸੀ ਦੇ ਮੁੱਦੇ ਉਠਾ ਰਿਹਾ ਹੈ ਅਤੇ ਇੱਕ ਸਿਆਸੀ ਪਾਰਟੀ ਦੀ ਮਦਦ ਵੀ ਕਰ ਰਿਹਾ ਹੈ।
ਸਿਆਸੀ ਪਾਰਟੀ ਦਾ ਨਾਂ ਲਏ ਬਿਨਾਂ ਅਧਿਕਾਰੀ ਨੇ ਕਿਹਾ ਕਿ ਟੀਮਾਂ ਮਾਮਲੇ ਦੀ ਹੋਰ ਜਾਂਚ ਕਰ ਰਹੀਆਂ ਹਨ। -ਪੀਟੀਆਈ