ਸਕੂਲਾਂ ਨੂੰ ਬੰਬ ਦੀ ਧਮਕੀ ਮਾਮਲਾ: 12ਵੀਂ ਜਮਾਤ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲਿਆ
ਨਵੀਂ ਦਿੱਲੀ, 10 ਜਨਵਰੀ
23 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜਣ ਵਾਲੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ| ਨਾਬਾਲਗ ਦੀ ਨਜ਼ਰਬੰਦੀ ਬੰਬ ਦੀਆਂ ਧਮਕੀਆਂ ਦੀ ਪੁਲੀਸ ਜਾਂਚ ਦੋਰਾਨ ਅਪਰਾਧ ਵਿੱਚ ਉਸਦੀ ਭੂਮਿਕਾ ਦਾ ਪਤਾ ਲੱਗਣ ਤੋਂ ਬਾਅਦ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਮਤਿਹਾਨ ਨਹੀਂ ਦੇਣਾ ਚਾਹੁੰਦਾ ਸੀ।
ਲੜਕੇ ਨੇ ਆਪਣੇ ਵਿਦਿਅਕ ਅਦਾਰੇ ਨੂੰ ਛੱਡ ਕੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲ ਭੇਜੀਆਂ। ਪਿਛਲੇ ਕੁਝ ਹਫ਼ਤਿਆਂ ਵਿੱਚ ਬੰਬ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਸੀ , ਜਿਸ ਨੇ ਪੁਲਿਸ ਨੂੰ ਪਰੇਸ਼ਾਨ ਕਰ ਦਿੱਤਾ ਸੀ। ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਥੇ ਦਾ ਮਾਹੌਲ ਤਨਾਅਪੂਰਨ ਹੋ ਜਾਂਦਾ ਸੀ। ਧਮਕੀਆਂ ਦੇ ਮੱਦੇਨਜ਼ਰ ਪੁਲੀਸ ਅਤੇ ਸਿੱਖਿਆ ਵਿਭਾਗ ਨੇ ਸਕੂਲ ਅਧਿਆਪਕਾਂ ਲਈ ਸੈਮੀਨਾਰ ਕਰਵਾਇਆ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਵੀ ਦਿੱਤੀ।
ਪਿਛਲੇ ਸਾਲ 20 ਦਸੰਬਰ ਨੂੰ ਦਵਾਰਕਾ ਦੇ ਦਿੱਲੀ ਪਬਲਿਕ ਸਕੂਲ (ਡੀਪੀਐਸ) ਵਿੱਚ ਬੰਬ ਦੀ ਧਮਕੀ ਦਿੱਤੀ ਗਈ ਸੀ। 11 ਦਸੰਬਰ ਨੂੰ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਫਿਰੌਤੀ ਦੀ ਮੰਗ ਕਰਨ ਵਾਲੀਆਂ ਅਜਿਹੀਆਂ ਧਮਕੀਆਂ ਮਿਲੀਆਂ ਸਨ, ਹਾਲਾਂਕਿ ਕਿਸੇ ਵੀ ਮਾਮਲੇ ਵਿੱਚ ਕੋਈ ਵਿਸਫੋਟਕ ਨਹੀਂ ਮਿਲਿਆ ਸੀ। ਇਸੇ ਮਹੀਨੇ ਦੱਖਣੀ ਦਿੱਲੀ ਦੇ ਇੰਡੀਅਨ ਪਬਲਿਕ ਸਕੂਲ ਅਤੇ ਉੱਤਰੀ ਪੱਛਮੀ ਦਿੱਲੀ ਦੇ ਕ੍ਰੈਸੈਂਟ ਪਬਲਿਕ ਸਕੂਲ ਨੂੰ ਵੀ ਬੰਬ ਦੀ ਧਮਕੀ ਮਿਲੀ ਸੀ, ਜਿਸ ਕਾਰਨ ਦਹਿਸ਼ਤ ਫੈਲ ਗਈ ਸੀ। ਆਈਏਐੱਨਐੱਸ