ਜਰਮਨੀ ਦੇ ਫਰੈਂਕਫਰਟ ਤੋਂ ਮੁੰਬਈ ਆਏ ਵਿਸਤਾਰਾ ਦੇ ਜਹਾਜ਼ ਵਿੱਚ ਬੰਬ ਦੀ ਧਮਕੀ
ਮੁੰਬਈ, 17 ਅਕਤੂਬਰ
ਜਰਮਨੀ ਦੇ ਫਰੈਂਕਫਰਟ ਤੋਂ ਮੁੰਬਈ ਆ ਰਹੇ ਵਿਸਤਾਰਾ ਏਅਰਲਾਈਨਜ਼ ਦੇ ਇਕ ਹਵਾਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਅੱਜ ਹੰਗਾਮੀ ਹਾਲਾਤ ਵਿੱਚ ਇੱਥੇ ਉਤਾਰਿਆ ਗਿਆ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਬੋਇੰਗ 787 ਜਹਾਜ਼ ਨੂੰ ਜ਼ਰੂਰੀ ਸੁਰੱਖਿਆ ਜਾਂਚ ਕਰਨ ਲਈ ਵੱਖਰੇ ਸਥਾਨ ’ਤੇ ਖੜ੍ਹਾ ਕਰ ਦਿੱਤਾ ਗਿਆ ਹੈ। ਜਹਾਜ਼ ਅੱਜ ਸਵੇਰੇ 7.25 ਵਜੇ ਸੁਰੱਖਿਅਤ ਮੁੰਬਈ ਵਿੱਚ ਉਤਾਰਿਆ ਗਿਆ। ਸੂਤਰਾਂ ਅਨੁਸਾਰ, ਜਹਾਜ਼ ਵਿੱਚ 134 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ। ਇਕ ਸੂਤਰ ਨੇ ਦੱਸਿਆ, ‘‘ਫਰੈਂਕਫਰਟ ਤੋਂ ਮੁੰਬਈ ਲਈ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8.20 ਵਜੇ ਰਵਾਨਾ ਹੋਈ ਵਿਸਤਾਰਾ ਫਰੈਂਕਫਰਟ ਉਡਾਣ ਵੀਰਵਾਰ ਨੂੰ ਸਵੇਰੇ ਕਰੀਬ 7.45 ਵਜੇ ਇੱਥੇ ਹੰਗਾਮੀ ਹਾਲਾਤ ਵਿੱਚ ਉਤਰੀ।’’
ਵਿਸਤਾਰਾ ਵੱਲੋਂ ਜਾਰੀ ਇਕ ਬਿਆਨ ਵਿੱਚ ਦੱਸਿਆ ਗਿਆ ਕਿ ਫਰੈਂਕਫਰਟ ਤੋਂ ਮੁੰਬਈ ਵੱਲੋਂ ਆ ਰਹੇ ਇਕ ਜਹਾਜ਼ ਵਿੱਚ ਸੁਰੱਖਿਆ ਅਲਰਟ ਮਿਲਿਆ ਸੀ ਜਿਸ ਮਗਰੋਂ ਉਸ ਨੂੰ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ। ਅਸੀਂ ਸੁਰੱਖਿਆ ਜਾਂਚ ਪੂਰੀ ਕਰਨ ਲਈ ਸੁਰੱਖਿਆ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ।’’ -ਪੀਟੀਆਈ