Bomb Threat: ਇਕੋ ਰਾਤ ’ਚ 30 ਜਹਾਜ਼ਾਂ ਨੂੰ ਮਿਲਿਆ ਬੰਬ ਹੋਣ ਦਾ ਧਮਕੀ ਭਰਿਆ ਸੰਦੇਸ਼
ਨਵੀਂ ਦਿੱਲੀ, 22 ਅਕਤੂਬਰ
Bomb Threat to Indian Airlines: ਸੋਮਵਾਰ ਰਾਤ ਭਾਰਤੀ ਏਅਰਲਾਈਨਜ਼ ਵੱਲੋਂ ਸੰਚਾਲਿਤ 30 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਹੋਣ ਦਾ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਜਿਸ ਵਿਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਸ਼ਾਮਲ ਹਨ। ਇਸ ਸਬੰਧੀ ਇੰਡੀਗੋ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੀਆਂ ਚਾਰ ਉਡਾਣਾਂ ਨੂੰ ਸੁਰੱਖਿਆ ਨਾਲ ਸਬੰਧਤ ਅਲਰਟ ਮਿਲੇ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੰਚਾਲਿਤ ਕੁਝ ਏਅਰ ਇੰਡੀਆ ਦੀਆਂ ਉਡਾਣਾਂ ਸੋਸ਼ਲ ਮੀਡੀਆ ’ਤੇ ਖਤਰੇ ਭਰੇ ਸੰਦੇਸ਼ ਮਿਲੇ ਸਨ ਇਸ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਸਬੰਧਤ ਅਥਾਰਟੀਆਂ ਨੂੰ ਤੁਰੰਤ ਸੁਚੇਤ ਕੀਤਾ ਗਿਆ ਸੀ ਅਤੇ ਰੈਗੂਲੇਟਰੀ ਅਥਾਰਟੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਮਾਰਗਦਰਸ਼ਨ ਦੇ ਅਨੁਸਾਰ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਸੀ।
ਉਧਰ ਵਿਸਤਾਰਾ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਨੂੰ ਸੰਚਾਲਿਤ ਕੁੱਝ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਖਤਰੇ ਭਰੇ ਸੰਦੇ ਮਿਲਣ ਤੋਂ ਬਾਅਦ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੁਚੇਤ ਕੀਤਾ ਅਤੇ ਉਹਨਾਂ ਦੁਆਰਾ ਨਿਰਦੇਸ਼ਿਤ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ 120 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਵੇਂ ਬੰਬ ਦੀਆਂ ਧਮਕੀਆਂ ਝੂਠੀਆਂ ਹਨ, ਪਰ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਸਰਕਾਰ ਏਅਰਲਾਈਨਾਂ ਨੂੰ ਆ ਰਹੀਆਂ ਬੰਬ ਦੀਆਂ ਧਮਕੀਆਂ ਨਾਲ ਨਜਿੱਠਣ ਲਈ ਵਿਧਾਨਿਕ ਕਾਰਵਾਈਆਂ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਦੋਸ਼ੀਆਂ ਨੂੰ ਨੋ-ਫਲਾਈ ਸੂਚੀ ਵਿੱਚ ਪਾਉਣਾ ਸ਼ਾਮਲ ਹੈ। ਪੀਟੀਆਈ