Bomb Threat: ਏਅਰ ਇੰਡੀਆ ਦੇ ਮੁਸਾਫ਼ਰ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਪੁੱਜਾ
ਨਵੀਂ ਦਿੱਲੀ, 16 ਅਕਤੂਬਰ
Bomb Threat: ਏਅਰ ਇੰਡੀਆ ਦੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਜਾਣ ਵਾਲੀ ਉਡਾਣ ਨੂੰ ਬੀਤੇ ਦਿਨ ਕੈਨੇਡਾ ਦੇ ਇਕਾਲੁਇਟ ਹਵਾਈ ਅੱਡੇ ਵੱਲ ਮੋੜੇ ਜਾਣ ਦੇ 18 ਘੰਟਿਆਂ ਤੋਂ ਵੱਧ ਸਮੇਂ ਬਾਅਦ ਇਸ ਦੇ ਫਸੇ ਹੋਏ 191 ਯਾਤਰੀਆਂ ਨੂੰ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਵੱਲ ਰਿਵਾਨਾ ਕਰ ਦਿੱਤਾ ਗਿਆ। ਜਹਾਜ਼ ਵਿੱਚ ਚਾਲਕ ਦਲ ਦੇ 20 ਮੈਂਬਰਾਂ ਸਮੇਤ ਕੁੱਲ 211 ਲੋਕ ਸਵਾਰ ਸਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਤੋਂ ਸ਼ਿਕਾਗੋ ਜਾ ਰਹੇ ਏਅਰ ਇੰਡੀਆ ਦੇ ਬੋਇੰਗ 777-300 ਈਆਰ ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕੈਨੇਡੀਅਨ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨੇ ਕਿਹਾ ਸੀ ਕਿ ਫਲਾਈਟ ਨੇ ਕੈਨੇਡੀਅਨ ਸੂਬੇ ਨੂਨਾਵਤ ਦੇ ਇਕਾਲੁਇਟ ਵਿਖੇ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਚਾਲਕ ਦਲ ਸਮੇਤ ਸਾਰੇ 211 ਲੋਕ ਜਹਾਜ਼ ਤੋਂ ਉਤਰ ਗਏ। ਧਿਆਨਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਘੱਟੋ-ਘੱਟ 10 ਭਾਰਤੀ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਸਬੰਧਤ ਜਹਾਜ਼ਾਂ ਵਿੱਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ। -ਪੀਟੀਆਈ