Chandigarh Bomb Blast: ਦੋ ਡੀਐੱਸਪੀ ਤੇ 15 ਇੰਸਪੈਕਟਰਾਂ ਦੇ ਤਬਾਦਲੇ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ਏਐੱਨਆਈ
ਚੰਡੀਗੜ੍ਹ, 27 ਨਵੰਬਰ
Chandigarh Bomb Blast: ਚੰਡੀਗੜ੍ਹ ਦੇ ਸੈਕਟਰ 26 ਦੇ ਦੋ ਕਲੱਬਾਂ ਦੇ ਬਾਹਰ ਇਕ ਦਿਨ ਪਹਿਲਾਂ ਧਮਾਕੇ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਪੁਲੀਸ ਵੱਲੋਂ ਅੱਜ 15 ਇੰਸਪੈਕਟਰਾਂ ਤੇ ਦੋ ਡੀਐਸਪੀ ਦੇ ਤਬਾਦਲੇ ਕਰ ਦਿੱਤੇ ਗਏ ਹਨ। ਡੀਐਸਪੀ ਉਦੈਪਾਲ ਸਿੰਘ ਅਤੇ ਡੀਐਸਪੀ ਸਨਹਵਿੰਦਰ ਪਾਲ ਨੂੰ ਕੇਂਦਰੀ ਚੰਡੀਗੜ੍ਹ ਅਤੇ ਡੀਐਸਪੀ ਸੁਰੱਖਿਆ ਹਾਈ ਕੋਰਟ ਵਿੱਚ ਕ੍ਰਮਵਾਰ ਸਬ-ਡਿਵੀਜ਼ਨਲ ਪੁਲੀਸ ਅਫਸਰ ਵਜੋਂ ਤਾਇਨਾਤ ਕਰ ਦਿੱਤਾ ਹੈ। ਉਹ 30 ਨਵੰਬਰ ਤੋਂ ਆਪਣਾ ਅਹੁਦਾ ਸੰਭਾਲਣਗੇ, ਜਦਕਿ ਇੰਸਪੈਕਟਰ ਤੁਰੰਤ ਪ੍ਰਭਾਵ ਨਾਲ ਹੋਰ ਖੇਤਰਾਂ ਵਿਚ ਤਾਇਨਾਤ ਕਰ ਦਿੱਤੇ ਗਏ ਹਨ। ਚੰਡੀਗੜ੍ਹ ਪੁਲੀਸ ਨੇ ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਇਹ ਪਤਾ ਲੱਗਿਆ ਹੈ ਕਿ ਚੰਡੀਗੜ੍ਹ ਪੁਲੀਸ ਦੇ ਹੱਥ ਦੋ ਸੀਸੀਟੀਵੀ ਲੱਗੀਆਂ ਹਨ ਜਿਸ ਵਿਚ ਮੋਟਰਸਾਈਕਲ ਸਵਾਰ ਚੰਡੀਗੜ੍ਹ ਵਿਚ ਬੰਬ ਧਮਾਕਾ ਕਰਨ ਤੋਂ ਬਾਅਦ ਮੁਹਾਲੀ ਦੇ ਆਈਸ਼ਰ ਲਾਈਟਾਂ ’ਤੇ ਪੁੱਜੇ ਤੇ ਉਹ ਤੇਜ਼ ਰਫਤਾਰ ਵਿਚ ਸਨ, ਇਸ ਤੋਂ ਬਾਅਦ ਉਹ ਏਅਰਪੋਰਟ ਰੋਡ ਵੱਲ ਗਏ ਪਰ ਉਥੇ ਜਾ ਕੇ ਗਾਇਬ ਹੋ ਗਏ। ਪੁਲੀਸ ਨੇ ਅਗਲੇ ਪਾਸੇ ਜਾ ਕੇ ਟੌਲ ਪਲਾਜ਼ਾ ਦੇ ਵੀ ਸੀਸੀਟੀਵੀ ਖੰਘਾਲੇ ਪਰ ਕੋਈ ਜਾਣਕਾਰੀ ਨਾ ਮਿਲੀ। ਇਸ ਦੌਰਾਨ ਮੋਟਰਸਾਈਕਲ ਸਵਾਰਾਂ ਵਿਚ ਇਕ ਨੇ ਹੈਲਮਟ ਪਾਇਆ ਹੋਇਆ ਸੀ ਤੇ ਇਕ ਨੇ ਲੋਈ ਲਪੇਟੀ ਹੋਈ ਸੀ। ਇਸ ਦੌਰਾਨ ਹਨੇਰਾ ਹੋਣ ਤੇ ਮੋਟਰਸਾਈਕਲ ਤੇਜ਼ ਰਫਤਾਰ ਨਾ ਹੋਣ ਕਰ ਕੇ ਨੰਬਰ ਦਾ ਪਤਾ ਨਹੀਂ ਲਗ ਸਕਿਆ ਪਰ ਪੁਲੀਸ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਪੁਲੀਸ ਇਹ ਵੀ ਕਹਿ ਰਹੀ ਹੈ ਕਿ ਉਹ ਜਾਂ ਤਾਂ ਮੁਹਾਲੀ ਦੇ ਕਿਸੇ ਪਿੰਡ ਵਿਚ ਲੁਕ ਗਏ ਹਨ ਜਾਂ ਲਾਂਡਰਾਂ ਵੱਲ ਫਰਾਰ ਹੋ ਗਏ।
ਦੱਸਣਾ ਬਣਦਾ ਹੈ ਕਿ ਸੈਕਟਰ-26 ’ਚ ਪੰਜਾਬੀ ਸੰਗੀਤ ਦਾ ਰੈਪਰ ਬਾਦਸ਼ਾਹ ਦੇ ਇਕ ਕਲੱਬ ਸਣੇ ਦੋ ਕਲੱਬਾਂ ਦੇ ਬਾਹਰ ਧਮਾਕਾ ਹੋਇਆ ਸੀ। ਇਸ ਧਮਾਕੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਹੈ। ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਨ੍ਹਾਂ ਧਮਾਕਿਆਂ ਦਾ ਕਾਰਨ ਕਲੱਬ ਮਾਲਕਾਂ ਵੱਲੋਂ ਉਨ੍ਹਾਂ ਨੂੰ ਪ੍ਰੋਟੈਕਸ਼ਨ ਮਨੀ ਨਾ ਦੇਣਾ ਹੈ। ਉਸ ਨੇ ਲਿਖਿਆ ਕਿ ਕਲੱਬ ਮਾਲਕਾਂ ਨੂੰ ਪੈਸਿਆਂ ਲਈ ਕਈ ਫੋਨ ਕੀਤੇ ਗਏ ਸਨ, ਪਰ ਉਨ੍ਹਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਕੰਨਾਂ ਵਿਚ ਇਹ ਆਵਾਜ਼ ਪਹੁੰਚਾਉਣ ਲਈ ਧਮਾਕੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਸਵੇਰੇ 3.15 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਕਲੱਬ ਸੇਵਿਲੇ ਅਤੇ ਇੱਕ ਹੋਰ ਕਲੱਬ ਡੀ’ਓਰਾ ਦੇ ਬਾਹਰ ਧਮਾਕਾ ਕੀਤਾ। ਇਸ ਤੋਂ ਬਾਅਦ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਤੇ ਹੋਰ ਜਾਂਚ ਟੀਮਾਂ ਨੇ ਘਟਨਾ ਦੀ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੈਕਟਰ-10 ਸਥਿਤ ਕੋਠੀ ’ਤੇ ਵੀ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ।