ਬੋਮਨ ਇਰਾਨੀ ਤੇ ਜ਼ੇਨੋਬੀਆ ਨੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈ
ਮੁੰਬਈ:
ਬੋਮਨ ਇਰਾਨੀ ਅਤੇ ਉਸ ਦੀ ਪਤਨੀ ਜ਼ੇਨੋਬੀਆ ਵਿਆਹ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾ ਰਹੇ ਹਨ ਅਤੇ ‘3 ਇਡੀਅਟਸ’ ਅਦਾਕਾਰ ਨੇ ਇਸ ਨੂੰ ਉਸ ਵੇਲੇ ਹੋਰ ਵੀ ਖਾਸ ਬਣਾ ਦਿੱਤਾ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਨਾਲ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ। ਇਸ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਤੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਟਿੱਪਣੀਆਂ ਕਰ ਕੇ ਵਧਾਈਆਂ ਦਿੱਤੀਆਂ। ਸਾਬਾ ਪਟੌਦੀ ਨੇ ਲਿਖਿਆ, ਅਗਲੇ 40 ਤੱਕ .. ਬਹੁਤ ਪਿਆਰ’ ਫਰਾਹ ਖਾਨ ਕੁੰਦਰ ਨੇ ਟਿੱਪਣੀ ਕੀਤੀ, ‘ਤੁਹਾਨੂੰ ਦੋਵਾਂ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ।’ ਜ਼ਿਕਰਯੋਗ ਹੈ ਕਿ ਬੋਮਨ ਨੇ ‘ਮੁੰਨਾ ਭਾਈ ਐੱਮਬੀਬੀਐੱਸ’, ‘ਮੈਂ ਹੂੰ ਨਾ’, ‘3 ਇਡੀਅਟਸ’, ‘ਜੌਲੀ ਐੱਲਐੱਲਬੀ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਵੇਲੇ ਬੋਮਨ ਇਰਾਨੀ ਦੀ ਨਿਰਦੇਸ਼ਿਤ ਪਹਿਲੀ ਫਿਲਮ ‘ਦਿ ਮਹਿਤਾ ਬੁਆਏਜ਼’ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਿਚ ਬੋਮਨ ਇਰਾਨੀ ਨਾਲ ਅਵਿਨਾਸ਼ ਤਿਵਾੜੀ, ਸ਼੍ਰੇਆ ਚੌਧਰੀ ਅਤੇ ਪੂਜਾ ਸਰੂਪ ਨਜ਼ਰ ਆਉਣਗੇ। -ਏਐੱਨਆਈ